1200 ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ’ਚ ਵਿਜੀਲੈਂਸ ਸਾਹਮਣੇ ਪੇਸ਼ ਹੋਣਗੇ ਜਨਮੇਜਾ ਸਿੰਘ ਸੇਖੋਂ
ਸਿੰਜਾਈ ਘਪਲੇ ’ਚ ਵਿਜੀਲੈਂਸ ਨੇ ਠੇਕੇਦਾਰ ਗੁਰਿੰਦਰ ਸਿੰਘ ਸਣੇ ਤਿੰਨ ਇੰਜੀਨੀਅਰਾਂ ਨੂੰ ਕਾਬੂ ਕੀਤਾ ਸੀ, ਪੁਛਗਿੱਛ ਦੌਰਾਨ ਠੇਕੇਦਾਰ ਨੇ ਕਈ ਅਹਿਮ ਖੁਲਾਸੇ ਕੀਤੇ ਸਨ, ਜਿਸ ’ਚ ਉਸਨੇ ਦੱਸਿਆ ਸੀ ਕਿ ਠੇਕੇ ਅਲਾਟ ਕਰਨ ਵੇਲੇ ਵੱਡੇ ਪੱਧਰ ’ਤੇ ਧਾਂਦਲੀ ਹੁੰਦੀ ਹੈ।
Irrigation Scam News: ਪੰਜਾਬ ’ਚ ਕਾਂਗਰਸੀ ਮੰਤਰੀਆਂ ਤੋਂ ਬਾਅਦ ਹੁਣ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦੱਸ ਦੇਈਏ ਕਿ 1200 ਕਰੋੜ ਦੇ ਸਿੰਚਾਈ ਘੁਟਾਲੇ ’ਚ 30 ਦਸੰਬਰ ਸਵੇਰੇ 10 ਵਜੇ ਵਿਜੀਲੈਂਸ ਬਿਓਰੋ ਦੇ ਦਫ਼ਤਰ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਵਿਜੀਲੈਂਸ ਵਲੋਂ ਪੁਛਗਿੱਛ ਲਈ ਸੀਨੀਅਰ ਅਧਿਕਾਰੀਆਂ ਦੀ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਵਾਲਾਂ ਦਾ ਪ੍ਰੋਫਾਰਮਾ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਹੁਣ ਤੱਕ ਮਿਲੇ ਸੁਰਾਗਾਂ ਨੂੰ ਕ੍ਰਾਸ ਚੈੱਕ ਕੀਤਾ ਜਾਵੇਗਾ।
ਦੱਸ ਦੇਈਏ ਕਿ ਸਾਲ 2017 ਦੀ ਕੈਪਟਨ ਸਰਕਾਰ ਦੌਰਾਨ ਇਹ ਘਪਲਾ ਉਜਾਗਰ ਹੋਇਆ ਸੀ। ਇਸ ਘਪਲੇ ’ਚ ਵਿਜੀਲੈਂਸ ਨੇ ਠੇਕੇਦਾਰ ਗੁਰਿੰਦਰ ਸਿੰਘ ਸਣੇ ਤਿੰਨ ਇੰਜੀਨੀਅਰਾਂ ਨੂੰ ਕਾਬੂ ਕੀਤਾ ਸੀ। ਪੁਛਗਿੱਛ ਦੌਰਾਨ ਠੇਕੇਦਾਰ ਨੇ ਕਈ ਅਹਿਮ ਖੁਲਾਸੇ ਕੀਤੇ ਸਨ, ਜਿਸ ’ਚ ਉਸਨੇ ਦੱਸਿਆ ਸੀ ਕਿ ਠੇਕੇ ਅਲਾਟ ਕਰਨ ਵੇਲੇ ਵੱਡੇ ਪੱਧਰ ’ਤੇ ਧਾਂਦਲੀ ਹੁੰਦੀ ਹੈ। ਠੇਕੇ ਹਾਸਲ ਕਰਨ ਲਈ ਤੋਹਫ਼ੇ ਵਜੋਂ ਮਹਿੰਗੀਆਂ ਗੱਡੀਆਂ ਦੇਣੀਆਂ ਪੈਂਦੀਆਂ ਹਨ।
ਹਾਲਾਂਕਿ ਉਸ ਸਮੇਂ ਇਹ ਮਾਮਲਾ ਠੰਡੇ ਬਸਤੇ ’ਚ ਚਲਾ ਗਿਆ ਸੀ, ਪਰ ਜਿਵੇਂ ਹੀ 2022 ਦੌਰਾਨ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਇਸ ਘਪਲੇ ’ਚ ਨਵੇਂ ਸਿਰੇ ਤੋਂ ਜਾਂਚ ਦੁਬਾਰਾ ਖੁੱਲ੍ਹ ਗਈ ਹੈ।
CM ਭਗਵੰਤ ਮਾਨ ਨੇ ਖ਼ੁਦ ਸਾਬਕਾ ਆਈ. ਏ. ਐੱਸ. ਅਧਿਕਾਰੀਆਂ ਅਤੇ ਸਾਬਕਾ ਮੰਤਰੀਆਂ ਤੋਂ ਪੁਛਗਿੱਛ ਲਈ ਇਜਾਜ਼ਤ ਦਿੱਤੀ, ਪਰ ਇਸ ਤੋਂ ਪਹਿਲਾਂ ਹੀ 2 ਸਾਬਕਾ ਆਈ. ਏ. ਐੱਸ. ਅਧਿਕਾਰੀ ਵਿਦੇਸ਼ ਉਡਾਰੀ ਮਾਰ ਗਏ ਹਨ। ਇਸ ਤੋਂ ਬਾਅਦ ਜਦੋਂ ਲੁਕ ਆਊਟ ਨੋਟਿਸ ਜਾਰੀ ਹੋਇਆ ਤਾਂ ਇਨ੍ਹਾਂ ਨੇ ਅਦਾਲਤ ਦੀ ਸ਼ਰਣ ਲਈ, ਜਿਸ ਤੋਂ ਬਾਅਦ ਐੱਲ. ਓ. ਸੀ. (LOC) ਨੂੰ ਰੱਦ ਕੀਤਾ ਗਿਆ।
ਹੁਣ ਤੱਕ ਵਿਜੀਲੈਂਸ ਸਾਬਕਾ ਸੀਨੀਅਰ ਆਈ. ਏ. ਐੱਸ. ਅਧਿਕਾਰੀ ਕਾਹਨ ਸਿੰਘ ਪਨੂੰ, ਕੇ. ਬੀ. ਐੱਸ. ਸਿੱਧੂ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਤੋਂ ਪੁਛਗਿੱਛ ਕਰ ਚੁੱਕੀ ਹੈ।
ਇਹ ਵੀ ਪੜ੍ਹੋ: 'ਵੀਰ ਬਾਲ ਦਿਵਸ' ਨਹੀਂ ਸਾਹਿਬਜਾਦਿਆਂ ਦੀ ਯਾਦ ਨੂੰ 'ਸਾਹਿਬਜ਼ਾਦੇ ਸ਼ਹਾਦਤ ਦਿਵਸ' ਵਜੋਂ ਮਨਾਓ: SGPC