Garhshankar News: ਹਸਪਤਾਲ `ਚ ਜੱਚਾ-ਬੱਚਾ ਦੀ ਮੌਤ, ਪਰਿਵਾਰ ਨੇ ਡਾਕਟਰਾਂ `ਤੇ ਲਗਾਏ ਅਣਗਹਿਲੀ ਵਰਤਣ ਦੇ ਇਲਜ਼ਾਮ
Garhshankar News: ਮ੍ਰਿਤਕਾ ਦੇ ਪਰਿਵਾਰ ਵਲੋਂ ਇਲਾਕੇ ਦੇ ਸੈਕੜੇ ਲੋਕਾਂ ਦੀ ਮਦਦ ਨਾਲ ਰਾਤ ਅੱਠ ਵਜੇ ਤੋਂ ਰਾਤ 11 ਵਜੇ ਤੱਕ ਹਸਪਤਾਲ ਦਾ ਘਿਰਾਓ ਕੀਤਾ ਗਿਆ ਤੇ ਤੇ ਟ੍ਰੈਫਿਕ ਜਾਮ ਵੀ ਕੀਤਾ ਗਿਆ।
Garhshankar News: ਗੜ੍ਹਸ਼ੰਕਰ 'ਚ ਪੈਂਦੇ ਪਿੰਡ ਝੋਨੋਵਾਲ ਵਿੱਚ ਇਕ ਪ੍ਰਾਈਵੇਟ ਹਸਪਤਾਲ ਵਿੱਚ ਇਕ ਔਰਤ ਤੇ ਉਸ ਦੇ ਨਵਜੰਮੇ ਬੱਚੇ ਦੀ ਡਾਕਟਰ ਵਲੋਂ ਲਾਪਰਵਾਹੀ ਨਾਲ ਇਲਾਜ ਕਰਨ 'ਤੇ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਪਿੱਛੋਂ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਧਰਨਾ ਲਗਾਇਆ ਸੀ ਤੇ ਟ੍ਰੈਫਿਕ ਜਾਮ ਕੀਤਾ ਸੀ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਜ਼ਿੰਮੇਵਾਰ ਡਾਕਟਰ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ। ਉਨ੍ਹਾਂ ਦੀ ਮੰਗ ਮੰਨਦੇ ਹੋਏ ਪੁਲਸ ਨੇ ਹਸਪਤਾਲ ਚਲਾ ਰਹੇ ਡਾਕਟਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਿਕ ਪਿੰਡ ਭਵਾਨੀਪੁਰ ਦੇ ਚਰਨ ਦਾਸ ਦੀ ਪੁੱਤਰੀ ਪੂਜਾ ਰਾਣੀ ਦਾ ਵਿਆਹ ਪਿੰਡ ਮਵਾ ਮੁਕਾਰੀ ਥਾਣਾ ਨੂਰਪੁਰ ਬੇਦੀ (ਰੋਪੜ) ਵਿੱਖੇ ਹੋਇਆ ਸੀ। ਗਰਭਵਤੀ ਪੂਜਾ ਰਾਣੀ ਨੂੰ ਡਲਿਵਰੀ ਲਈ ਪਿਛਲੇ ਹਫਤੇ ਪ੍ਰਕਾਸ਼ ਹਸਪਤਾਲ ਝੋਣੋਵਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਤੇ ਡਲਿਵਰੀ ਹੋਣ ਤੋਂ ਬਾਅਦ ਪੂਜਾ ਦੀ ਹਾਲਤ ਖ਼ਰਾਬ ਹੋ ਗਈ ਸੀ, ਜਿਸ ਕਾਰਨ ਉਸ ਨੂੰ 20 ਸਤੰਬਰ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਉੱਥੇ ਇਲਾਜ ਦੌਰਾਨ 21 ਸਤੰਬਰ ਨੂੰ ਉਸ ਦੀ ਮੌਤ ਹੋ ਗਈ।
ਇਹੀ ਨਹੀਂ, ਨਵਜੰਮੇ ਬੱਚੇ (ਜੋ ਕਿ ਲੜਕਾ ਦੱਸਿਆ ਜਾਂਦਾ ਹੈ) ਨੂੰ ਊਨਾ (ਹਿਮਾਚਲ ਪ੍ਰਦੇਸ਼) ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿਸ ਨੂੰ ਬਾਅਦ ਵਿੱਚ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ, ਜਿੱਥੇ ਬੱਚੇ ਦੀ ਵੀ ਮੌਤ ਹੋ ਗਈ। ਪਤਾ ਲੱਗਣ 'ਤੇ ਅਜੈਬ ਸਿੰਘ ਬੋਪਾਰਾਏ, ਸੁਰਿੰਦਰ ਕੁਮਾਰ ਸਰਪੰਚ ਅਤੇ ਜਗਦੇਵ ਸਿੰਘ ਮਾਨਸੋਵਾਲ ਸਾਬਕਾ ਸਰਪੰਚ ਦੀ ਅਗਵਾਈ ਵਿੱਚ ਮ੍ਰਿਤਕਾ ਦੇ ਪਰਿਵਾਰ ਵਲੋਂ ਇਲਾਕੇ ਦੇ ਸੈਕੜੇ ਲੋਕਾਂ ਦੀ ਮਦਦ ਨਾਲ ਰਾਤ ਅੱਠ ਵਜੇ ਤੋਂ ਰਾਤ 11 ਵਜੇ ਤੱਕ ਹਸਪਤਾਲ ਦਾ ਘਿਰਾਓ ਕੀਤਾ ਗਿਆ ਤੇ ਤੇ ਟ੍ਰੈਫਿਕ ਜਾਮ ਵੀ ਕੀਤਾ ਗਿਆ।
ਇਸ ਮੌਕੇ ਐੱਸ.ਐੱਚ.ਓ. ਬਲਜਿੰਦਰ ਸਿੰਘ ਮੱਲੀ ਨੇ ਆ ਕੇ ਪੁਲਸ ਕਾਰਵਾਈ ਦਾ ਭਰੋਸਾ ਦੇਣ 'ਤੇ ਲੋਕਾਂ ਨੇ ਧਰਨਾ ਚੁੱਕ ਲਿਆ। ਮ੍ਰਿਤਕਾ ਦੇ ਪਤੀ ਬਲਰਾਮ ਸਿੰਘ ਉਰਫ਼ ਪੰਮੂ ਪੁੱਤਰ ਕਿਸ਼ੋਰੀ ਲਾਲ ਪਿੰਡ ਮਵਾ ਥਾਣਾ ਨੂਰਪੁਰ ਬੇਦੀ ਦੇ ਬਿਆਨਾਂ ਦੇ ਆਧਾਰ 'ਤੇ ਡਾਕਟਰ ਅਸ਼ਵਨੀ ਕੁਮਾਰ ਉਰਫ਼ ਰਵੀ ਪੁੱਤਰ ਪ੍ਰਕਾਸ਼, ਪਿੰਡ ਝਾਂਗੜੀਆਂ, ਥਾਣਾ ਨੂਰਪੁਰ ਬੇਦੀ, ਹਾਲ ਨਿਵਾਸੀ ਝੋਣੋਵਾਲ ਖ਼ਿਲਾਫ਼ ਲਾਪਰਵਾਹੀ ਨਾਲ ਇਲਾਜ ਕਰਨ ਦੇ ਦੋਸ਼ਾਂ ਅਧੀਨ ਧਾਰਾ 304 ਤਹਿਤ ਮਾਮਲਾ ਦਰਜ ਕਰ ਕੇ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।