Khanna News: ਖੰਨਾ `ਚ ਵੋਟਾਂ ਦੀ ਗਿਣਤੀ ਦੌਰਾਨ ਭਾਰੀ ਹੰਗਾਮਾ, ਈਵੀਐਮ ਦੀ ਕੀਤੀ ਭੰਨਤੋੜ
Khanna News: ਖੰਨਾ `ਚ ਵੋਟਾਂ ਦੀ ਗਿਣਤੀ ਦੌਰਾਨ ਭਾਰੀ ਹੰਗਾਮਾ ਹੋਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਈਵੀਐਮ ਦੀ ਵੀ ਭੰਨਤੋੜ ਕੀਤੀ ਗਈ ਹੈ।
Khanna News/ਧਰਮਿੰਦਰ ਸਿੰਘ: ਖੰਨਾ ਨਗਰ ਕੌਂਸਲ ਦੇ ਵਾਰਡ ਨੰਬਰ 2 ਵਿੱਚ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਭਾਰੀ ਹੰਗਾਮਾ ਹੋਇਆ। ਵੋਟਾਂ ਦੀ ਗਿਣਤੀ ਦੌਰਾਨ ਇੱਕ ਈਵੀਐਮ ਦੀ ਵੀ ਭੰਨਤੋੜ ਕੀਤੀ ਗਈ। ਜਿਸ ਤੋਂ ਬਾਅਦ ਕਾਂਗਰਸ ਨੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਹੇਠ ਰਾਤ 2 ਵਜੇ ਤੱਕ ਚੱਕਾ ਜਾਮ ਕੀਤਾ। ਸਥਿਤੀ ਨੂੰ ਦੇਖਦੇ ਹੋਏ, ਨਤੀਜਾ ਰੋਕ ਦਿੱਤਾ ਗਿਆ ਸੀ।
'ਆਪ' ਆਗੂਆਂ 'ਤੇ ਧੱਕੇਸ਼ਾਹੀ ਦੇ ਦੋਸ਼
ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ‘ਆਪ’ ਆਗੂਆਂ ਨੇ ਧੱਕੇਸ਼ਾਹੀ ਦਾ ਸਹਾਰਾ ਲਿਆ ਹੋਇਆ ਹੈ। ਜਦੋਂ ਤਿੰਨ ਬੂਥਾਂ ਦੀ ਹੋਈ ਗਿਣਤੀ ਵਿੱਚ ਕਾਂਗਰਸੀ ਉਮੀਦਵਾਰ ਸਤਨਾਮ ਚੌਧਰੀ 145 ਵੋਟਾਂ ਨਾਲ ਅੱਗੇ ਸਨ ਤਾਂ ਚੌਥੀ ਮਸ਼ੀਨ ਦੀ ਈਵੀਐਮ ‘ਆਪ’ ਉਮੀਦਵਾਰ ਵੱਲੋਂ ਆਪਣੇ ਦੋ ਸਾਥੀਆਂ ਸਮੇਤ ਤੋੜ ਦਿੱਤੀ ਗਈ।
ਇਸ ਦੇ ਨਾਲ ਹੀ ‘ਆਪ’ ਆਗੂਆਂ ਨੇ ਢੋਲ ਵਜਾ ਕੇ ਜਿੱਤ ਦਾ ਜਸ਼ਨ ਮਨਾਇਆ। ਕਾਂਗਰਸ ਇਸ ਦਾ ਵਿਰੋਧ ਕਰਦੀ ਹੈ ਅਤੇ ਕਰਦੀ ਰਹੇਗੀ। ਕੋਟਲੀ ਨੇ ‘ਆਪ’ ਦੇ ਤਿੰਨ ਆਗੂਆਂ ਦੇ ਨਾਂ ਲੈਂਦਿਆਂ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਰਾਤ 2 ਵਜੇ ਤੱਕ ਧਰਨਾ ਦਿੱਤਾ ਗਿਆ ਅਤੇ ਅੱਜ ਜੀ.ਟੀ ਰੋਡ ਜਾਮ ਕਰਨ ਦੀ ਚਿਤਾਵਨੀ ਦਿੱਤੀ ਗਈ।
ਇਹ ਵੀ ਪੜ੍ਹੋ: Machhiwara Council Result: ਮਾਛੀਵਾੜਾ ਕੌਂਸਲ ਚੋਣਾਂ ਦੌਰਾਨ 8 ਵਾਰਡਾਂ 'ਚੋਂ 4 ਤੇ 'ਆਪ', 2 ਤੇ ਕਾਂਗਰਸ ਅਤੇ 2 ਤੇ ਅਕਾਲੀ ਦਲ ਜੇਤੂ
ਸੀਲ ਮਸ਼ੀਨ
ਖੰਨਾ ਦੇ ਚੋਣ ਡਿਊਟੀ ਮੈਜਿਸਟਰੇਟ ਪ੍ਰਦੀਪ ਬੈਂਸ ਨੇ ਦੱਸਿਆ ਕਿ ਸਹਾਇਕ ਰਿਟਰਨਿੰਗ ਅਫ਼ਸਰ ਨੇ ਰਿਪੋਰਟ ਬਣਾ ਦਿੱਤੀ ਹੈ। ਫਿਲਹਾਲ ਤਿੰਨ ਬੂਥਾਂ ਤੱਕ ਨਤੀਜੇ ਆ ਚੁੱਕੇ ਹਨ। ਜਿਹੜੀ ਮਸ਼ੀਨ ਖਰਾਬ ਜਾਂ ਟੁੱਟ ਗਈ ਸੀ, ਉਸ ਨੂੰ ਸੀਲ ਕਰਕੇ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਗਿਆ ਹੈ। ਚੋਣ ਕਮਿਸ਼ਨ ਅਗਲੇ ਫੈਸਲੇ ਲਵੇਗਾ।
ਇਹ ਵੀ ਪੜ੍ਹੋ: Jagjit Singh Dallewal Health: ਡੱਲੇਵਾਲ ਨੂੰ ਮਿਲਣ ਪਹੁੰਚੇ ਚਰਨਜੀਤ ਚੰਨੀ, ਕਿਹਾ-ਕਿਸਾਨ ਆਗੂ ਦੀ ਸਿਹਤ ਬਹੁਤ ਗੰਭੀਰ