Chandigarh Mayor: ਕੁਲਦੀਪ ਕੁਮਾਰ ਟੀਟਾ ਨੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦਾ ਅਹੁਦਾ ਸੰਭਾਲਿਆ
Kuldeep Kumar Tita: ਮੰਗਲਵਾਰ ਨੂੰ ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਅਹੁਦਾ ਨਹੀਂ ਸੰਭਾਲਿਆ। ਪਰ ਬੀਤੇ ਦਿਨ ਹਾਈਕੋਰਟ ਦੀ ਟਿੱਪਣੀ ਤੋਂ ਬਾਅਦ ਉਨ੍ਹਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ।
Chandigarh Mayor: ਗਠਜੋੜ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਨੇ ਅੱਜ ਨਗਰ ਨਿਗਮ ਦਫ਼ਤਰ ਵਿਖੇ ਚੰਡੀਗੜ੍ਹ ਦੇ ਮੇਅਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਨੂੰ ਮੇਅਰ ਦੀ ਕੁਰਸੀ ਮਿਲੀ ਹੈ। ਮੰਗਲਵਾਰ ਨੂੰ ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਅਹੁਦਾ ਨਹੀਂ ਸੰਭਾਲਿਆ। ਪਰ ਬੀਤੇ ਦਿਨ ਹਾਈਕੋਰਟ ਦੀ ਟਿੱਪਣੀ ਤੋਂ ਬਾਅਦ ਉਨ੍ਹਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ।
ਕੁਲਦੀਪ ਟੀਟਾ ਦੀ ਤਾਜਪੋਸ਼ੀ ਮੌਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਮੌਜੂਦ ਸਨ। ਇਸ ਵਿੱਚ ਕਾਂਗਰਸ ਤੋਂ ਪਵਨ ਬਾਂਸਲ ਅਤੇ ਐਚਐਸ ਲੱਕੀ, ਪ੍ਰਦੀਪ ਛਾਬੜਾ, ਆਮ ਆਦਮੀ ਪਾਰਟੀ ਤੋਂ ਐਸਐਸ ਆਹਲੂਵਾਲੀਆ ਸਮੇਤ ਕਈ ਲੋਕਾਂ ਨੇ ਸ਼ਮੂਲੀਅਤ ਕੀਤੀ।
ਬਾਕੀ ਅਹੁਦਿਆਂ ਲਈ 4 ਮਾਰਚ ਨੂੰ ਚੋਣਾਂ
ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 4 ਮਾਰਚ ਨੂੰ ਹੋਣਗੀਆਂ ।ਚੰਡੀਗੜ੍ਹ ਦੇ ਡੀਸੀ ਵਿਨੈ ਪ੍ਰਤਾਪ ਸਿੰਘ ਨੇ 27 ਫਰਵਰੀ ਨੂੰ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਕਾਂਗਰਸੀ ਉਮੀਦਵਾਰਾਂ ਗੁਰਪ੍ਰੀਤ ਗੱਪੀ ਅਤੇ ਉਰਮਿਲਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਜਦੋਂ ਮੇਅਰ ਨੇ ਆਪਣਾ ਅਹੁਦਾ ਨਹੀਂ ਸੰਭਾਲਿਆ ਤਾਂ ਇਹ ਚੋਣ ਕਿਵੇਂ ਹੋ ਸਕਦੀ ਹੈ।
ਹਾਈਕੋਰਟ ਨੇ ਜਾਰੀ ਕੀਤੇ ਸਨ ਹੁਕਮ
ਕਾਂਗਰਸੀ ਕੌਂਸਲਰਾਂ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਮੇਅਰ ਨੂੰ ਆਪਣਾ ਅਹੁਦਾ ਸੰਭਾਲਣ ਅਤੇ ਮੁੜ ਚੋਣਾਂ ਕਰਵਾਉਣ ਲਈ ਪ੍ਰਸ਼ਾਸਨ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ 4 ਮਾਰਚ ਨੂੰ ਚੋਣਾਂ ਕਰਵਾਉਣ ਦਾ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। 28 ਅਤੇ 29 ਫਰਵਰੀ ਦੋ ਦਿਨ ਨਾਮਜ਼ਦਗੀਆਂ ਦਾਖਲ ਕਰਨ ਲਈ ਰੱਖੇ ਗਏ ਹਨ। ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਲਈ ਕਿਹਾ ਗਿਆ।
27 ਫਰਵਰੀ ਨੂੰ ਕੀ ਹੋਇਆ?
ਸਵੇਰੇ ਭਾਜਪਾ ਸਾਂਸਦ ਸਮੇਤ ਸਾਰੇ ਕੌਂਸਲਰ ਚੋਣਾਂ ਲਈ ਨਗਰ ਨਿਗਮ ਦਫ਼ਤਰ ਪੁੱਜੇ ਸਨ। ਹਾਲਾਂਕਿ ਮੇਅਰ ਕੁਲਦੀਪ ਕੁਮਾਰ ਟੀਟਾ ਸਮੇਤ ਕਾਂਗਰਸ ਅਤੇ 'ਆਪ' ਦੇ ਕੌਂਸਲਰ ਨਹੀਂ ਆਏ। 'ਆਪ' ਦੇ ਤਿੰਨ ਕੌਂਸਲਰ ਜੋ ਭਾਜਪਾ 'ਚ ਸ਼ਾਮਲ ਹੋਏ ਸਨ, ਉਹ ਵੀ ਨਗਰ ਨਿਗਮ ਦਫ਼ਤਰ ਨਹੀਂ ਪਹੁੰਚੇ। ਢਾਈ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਸਾਰੇ ਭਾਜਪਾ ਕੌਂਸਲਰ ਨਗਰ ਨਿਗਮ ਤੋਂ ਬਾਹਰ ਆ ਗਏ ਅਤੇ ਨਗਰ ਨਿਗਮ ਦਫ਼ਤਰ ਦੇ ਬਾਹਰ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ ਪ੍ਰਸ਼ਾਸਨ ਨਵੇਂ ਚੋਣ ਪ੍ਰੋਗਰਾਮ ਨੂੰ ਲੈ ਕੇ ਦੁਪਹਿਰ 2 ਵਜੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਹੋਇਆ। ਡੀਸੀ ਨੇ ਕਿਹਾ ਕਿ ਉਹ 4 ਮਾਰਚ ਨੂੰ ਚੋਣਾਂ ਕਰਵਾ ਸਕਦੇ ਹਨ। ਮੇਅਰ ਕਲਦੀਪ ਟੀਟਾ ਨੇ ਵੀ ਅਹਿਦ ਦਿੱਤਾ ਹੈ ਕਿ ਉਹ ਬੁੱਧਵਾਰ(28ਫਰਵਰੀ) ਨੂੰ ਅਹੁਦਾ ਸੰਭਾਲਣਗੇ।
ਪੂਰਾ ਵਿਵਾਦ ਕੀ ਹੈ?
ਚੰਡੀਗੜ੍ਹ 'ਚ 30 ਜਨਵਰੀ ਨੂੰ ਮੇਅਰ ਦੀ ਚੋਣ ਹੋਈ ਸੀ। ਜਦੋਂ ਵੋਟਾਂ ਦੀ ਗਿਣਤੀ ਹੋਈ ਤਾਂ ਅੱਠ ਵੋਟਾਂ ਰੱਦ ਕਰਾਰ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਭਾਜਪਾ ਦੇ ਮੇਅਰ ਉਮੀਦਵਾਰ ਨੂੰ ਜੇਤੂ ਐਲਾਨ ਕੀਤਾ ਗਿਆ। ਚੰਡੀਗੜ੍ਹ ਮੇਅਰ ਦੀ ਚੋਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਮਿਲ ਕੇ ਲੜੀ ਸੀ। ਦੋਵਾਂ ਪਾਰਟੀਆਂ ਨੇ ਚੋਣਾਂ ਵਿੱਚ ਧਾਂਦਲੀ ਦਾ ਦੋਸ਼ ਲਾਉਂਦਿਆਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਮਾਮਲੇ ਦੀ ਸੁਣਵਾਈ ਕਰਦੇ ਹੋਏ ਸੀਜੇਆਈ ਨੇ ਚੋਣ ਅਧਿਕਾਰੀ ਅਨਿਲ ਮਸੀਹ ਨੂੰ ਸਖ਼ਤ ਤਾੜਨਾ ਕੀਤੀ ਸੀ। ਅਦਾਲਤ ਨੇ ਚੰਡੀਗੜ੍ਹ ਮੇਅਰ ਚੋਣ ਦੀ ਵੀਡੀਓ ਫੁਟੇਜ ਦੇਖਣ ਤੋਂ ਬਾਅਦ ਕਿਹਾ ਸੀ ਕਿ ਚੋਣ ਅਧਿਕਾਰੀ ਵਾਰ-ਵਾਰ ਕੈਮਰੇ ਵੱਲ ਦੇਖ ਰਹੇ ਹਨ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਜੋ ਕੁਝ ਹੋਇਆ ਉਹ ‘ਲੋਕਤੰਤਰ ਦਾ ਮਜ਼ਾਕ’ ਸੀ। ਅਦਾਲਤ ਨੇ ਕਿਹਾ ਸੀ ਕਿ ਅਸੀਂ ਲੋਕਤੰਤਰ ਦਾ ਇਸ ਤਰ੍ਹਾਂ ਕਤਲ ਨਹੀਂ ਹੋਣ ਦੇਵਾਂਗੇ।