Malout News: ਮਲੋਟ ਦੀ ਜੁੱਤੀ ਦਾ ਨਾਮ ਸਿਰਫ਼ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਹੈ। ਇਸ ਕਾਰੋਬਾਰ ਨਾਲ ਹਜ਼ਾਰਾਂ ਪਰਿਵਾਰ ਜੁੜੇ ਹੋਏ ਹਨ, ਜਿਨ੍ਹਾਂ ਵਿੱਚ ਘਰੇਲੂ ਔਰਤਾਂ, ਪੜਾਈ ਕਰ ਰਹੇ ਵਿਦਿਆਰਥੀ ਅਤੇ ਹੋਰ ਕਾਰੀਗਰ ਆਪਣੇ ਘਰਾਂ ਵਿੱਚ ਹੱਥ ਨਾਲ ਜੁੱਤੀਆਂ ਤਿਆਰ ਕਰ ਰਹੇ ਹਨ। ਇਹ ਸਿਰਫ ਇੱਕ ਰੋਜ਼ਗਾਰ ਦਾ ਸਾਧਨ ਨਹੀਂ, ਬਲਕਿ ਸਮੂਹ ਪਰਿਵਾਰਾਂ ਦੀ ਜ਼ਿੰਦਗੀ ਚਲਾਉਣ ਦਾ ਇੱਕ ਅਹਿਮ ਸਾਧਨ ਹੈ।


COMMERCIAL BREAK
SCROLL TO CONTINUE READING

ਪੰਜਾਬੀ ਜੁੱਤੀ ਬਣਾਉਣ ਵਾਲੇ ਅਤੇ ਵਪਾਰੀ ਮੰਗ ਕਰ ਰਹੇ ਹਨ ਕਿ ਇਸ ਕਾਰੋਬਾਰ ਉਤੇ ਲਗਾਈ ਗਈ ਜੀਐਸਟੀ ਨੂੰ ਹਟਾਇਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਹ ਇੱਕ ਹੱਥ ਨਾਲ ਤਿਆਰ ਹੋਣ ਵਾਲਾ ਕਾਰੋਬਾਰ ਹੈ, ਜਿੱਥੇ ਛੋਟੇ ਪਰਿਵਾਰ ਕਾਰੋਬਾਰ ਦਾ ਹਿੱਸਾ ਹਨ, ਉਥੇ ਜੀਐਸਟੀ ਦੀ ਭਾਰੀ ਲਾਗਤ ਉਨ੍ਹਾਂ ਲਈ ਬੋਝ ਬਣ ਰਹੀ ਹੈ।


ਮਲੋਟ ਦੇ ਜੁੱਤੀ ਕਾਰੀਗਰਾਂ ਨੇ ਦੱਸਿਆ ਕਿ ਉਹ ਕਮਿਸ਼ਨ ਬੇਸ 'ਤੇ ਘਰਾਂ ਵਿੱਚ ਹੀ ਜੁੱਤੀਆਂ ਤਿਆਰ ਕਰਦੇ ਹਨ। ਔਰਤਾਂ ਘਰੇਲੂ ਕੰਮਾਂ ਤੋਂ ਬਚਿਆ ਹੋਇਆ ਸਮਾਂ ਇਸ ਕੰਮ ਵਿੱਚ ਲਗਾ ਰਹੀਆਂ ਹਨ। ਪੜ੍ਹਾਈ ਕਰ ਰਹੇ ਲੜਕੇ-ਲੜਕੀਆਂ ਵੀ ਇਸ ਕਾਰੋਬਾਰ ਨਾਲ ਜੁੜ ਕੇ ਆਪਣਾ ਖਰਚ ਕਮਾਉਂਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਘਰੇਲੂ ਕਾਰੀਗਰਾਂ ਨੂੰ ਆਸਾਨ ਕਿਸਤਾਂ 'ਤੇ ਲੋਨ ਦਿੱਤੇ ਜਾਣ ਤੇ ਕੋਈ ਸਰਕਾਰੀ ਸਹਾਇਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਆਪਣਾ ਕਾਰੋਬਾਰ ਵਧਾ ਸਕਣ।


ਵਪਾਰੀਆਂ ਦੀ ਸਰਕਾਰ ਨੂੰ ਅਪੀਲ
ਵਪਾਰੀਆਂ ਦਾ ਕਹਿਣਾ ਹੈ ਕਿ ਮਲੋਟ ਤੋਂ ਤਿਆਰ ਹੋਣ ਵਾਲੀ ਪੰਜਾਬੀ ਜੁੱਤੀ ਦੇਸ਼ ਦੇ ਅਲੱਗ-ਅਲੱਗ ਰਾਜਾਂ ਤੋਂ ਲੈ ਕੇ ਵਿਦੇਸ਼ਾਂ ਵਿੱਚ ਵੀ ਭੇਜੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੀਐਸਟੀ ਲਾਗੂ ਹੋਣ ਕਾਰਨ ਛੋਟੇ ਵਪਾਰੀਆਂ ਅਤੇ ਕਾਰੀਗਰਾਂ ਲਈ ਕਾਰੋਬਾਰ ਕਰਨਾ ਮੁਸ਼ਕਲ ਹੋ ਗਿਆ ਹੈ। ਇਸ ਕਾਰਨ ਉਹਨਾਂ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜੀਐਸਟੀ ਹਟਾਈ ਜਾਵੇ ਅਤੇ ਵਿਦੇਸ਼ੀ ਵਪਾਰ ਵਧਾਉਣ ਲਈ ਸਹਿਯੋਗ ਦਿੱਤਾ ਜਾਵੇ। ਸਰਕਾਰ ਦੀ ਹੁਣ ਜ਼ਿੰਮੇਵਾਰੀ ਹੈ ਕਿ ਉਹ ਇਸ ਕਰੋਬਾਰ ਨੂੰ ਸਹਿਯੋਗ ਦੇ ਕੇ ਕਾਰੀਗਰਾਂ ਦੀਆਂ ਮੁਸ਼ਕਲਾਂ ਹੱਲ ਕਰੇ।