ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਵਾਸੀ ਸਿੱਖ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਵਾਪਸ ਮੋੜਨ ’ਤੇ ਭਾਰਤ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। 

COMMERCIAL BREAK
SCROLL TO CONTINUE READING


ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਸਰਕਾਰ ਦੇ ਇਸ ਰਵੱਈਏ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਆਪਣੇ ਪਰਿਵਾਰਕ ਮੈਂਬਰ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਭਾਰਤ ਆਉਣ ਸਮੇਂ ਦਰਸ਼ਨ ਸਿੰਘ ਧਾਲੀਵਾਲ ਨੂੰ ਬਿਨਾ ਕਾਰਨ ਹਵਾਈ ਅੱਡੇ ਤੋਂ ਵਾਪਸ ਮੋੜਿਆ ਗਿਆ ਹੈ।

ਇਹ ਸਿੱਖਾਂ ਨਾਲ ਵੱਡਾ ਵਿਤਕਰਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਦਰਸ਼ਨ ਸਿੰਘ ਰੱਖੜਾ ਨੂੰ ਕਿਸਾਨ ਸੰਘਰਸ਼ ਨਾਲ ਜੋੜ ਕੇ ਵਾਪਸ ਮੋੜਿਆ ਗਿਆ ਹੈ।


ਬੀਬੀ ਜਗੀਰ ਕੌਰ ਨੇ ਭਾਰਤ ਸਰਕਾਰ ਨੂੰ ਅਜਿਹੀਆਂ ਹਰਕਤਾਂ ਕਰਨ ਤੋਂ ਬਾਜ਼ ਆਉਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਅਜਿਹੇ ਕੋਝੇ ਹੱਥਕੰਡਿਆਂ ਤੋਂ ਨਾ ਰੁਕੀ ਤਾਂ ਇਸ ਨਾਲ ਹਾਲਾਤ ਖਰਾਬ ਹੋਣ ਵੱਲ ਵਧਣਗੇ। ਸਰਕਾਰ ਨੂੰ ਕਿਸਾਨੀ ਸੰਘਰਸ਼ ਨਾਲ ਹਮਦਰਦੀ ਰੱਖਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ, ਸਗੋਂ ਕਿਸਾਨ ਮਸਲੇ ਦਾ ਹੱਲ ਕਰਨ ਵੱਲ ਵਧਣਾ ਚਾਹੀਦਾ ਹੈ।


ਬੀਬੀ ਜਗੀਰ ਕੌਰ ਨੇ ਕਿਹਾ ਕਿ ਦਰਸ਼ਨ ਸਿੰਘ ਵੱਲੋਂ ਕਿਸਾਨੀ ਹਮਾਇਤ ’ਤੇ ਲੰਮੇ ਸਮੇਂ ਲੰਗਰ ਲਗਾਏ ਗਏ ਹਨ, ਜੋ ਸਿੱਖ ਧਰਮ ਦਾ ਵਿਧਾਨ ਹੈ ਅਤੇ ਅਜਿਹੇ ਭਲਾਈ ਕਾਰਜਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਰਸ਼ਨ ਸਿੰਘ ਧਾਲੀਵਾਲ ਨਾਲ ਕੀਤੇ ਗਏ ਸਰਕਾਰ ਵਿਤਕਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਇਸ ਮਾਮਲੇ ਨੂੰ ਹਰ ਪੱਧਰ ’ਤੇ ਉਠਾਇਆ ਜਾਵੇਗਾ।