Ghee fails in food safety test: ਰੋਜ਼ਾਨਾ ਖੁਰਾਕ ਵਿੱਚ ਘਿਓ ਨੂੰ ਸ਼ਾਮਲ ਕਰਨਾ ਸਿਹਤਮੰਦ ਮੰਨਿਆ ਜਾਂਦਾ ਹੈ ਅਤੇ ਬੱਚਿਆਂ ਦੇ ਨਾਲ-ਨਾਲ ਵੱਡਿਆਂ ਦੀ ਸਿਹਤ ਲਈ ਵੀ ਲਾਭਦਾਇਕ ਹੈ, ਕਿਉਂਕਿ ਘਿਓ ਵਿੱਚ ਭਰਪੂਰ ਪੋਸ਼ਕ ਤੱਤ ਹੁੰਦੇ ਹਨ ਅਤੇ ਇਸ ਲਈ ਇਸਨੂੰ ਇੱਕ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ। ਪਰ ਹੁਣ ਪੰਜਾਬ ਦਾ ਦੇਸੀ ਘਿਓ ਹੁਣ ਖਾਣ ਦੇ ਯੋਗ ਨਹੀਂ ਰਿਹਾ ਹੈ। ਪੰਜਾਬ ਵਿਚ ਵਿਕਣ ਵਾਲੇ ਦੇਸੀ ਘਿਓ ਵਿਚ ਵੱਡੀ ਪੱਧਰ ਤੇ ਮਿਲਾਟਵ ਪਾਈ ਜਾਂਦੀ ਹੈ। ਪੰਜਾਬ ਸਰਕਾਰ ਵੱਲੋਂ ਸਾਲ 2023-24 ਦੌਰਾਨ ਲਏ ਨਮੂਨਿਆਂ ’ਚੋਂ ਦੇਸੀ ਘਿਓ ਦੇ 21.4 ਫ਼ੀਸਦ ਨਮੂਨੇ ਫੇਲ੍ਹ ਹੋਏ ਹਨ।


COMMERCIAL BREAK
SCROLL TO CONTINUE READING

ਇਸੇ ਤਰ੍ਹਾਂ ਦੁੱਧ ਦੇ 13.6 ਫ਼ੀਸਦ ਨਮੂਨੇ ਮਿਆਰਾਂ ਦੇ ਅਨੁਕੂਲ ਨਹੀਂ ਸਨ। ਪੰਜਾਬ ਦੀ ਪਛਾਣ ਦੁੱਧ ਤੇ ਦੇਸੀ ਘਿਓ ਨੇ ਨਿਖਾਰੀ ਹੈ ਅਤੇ ਇਹੀ ਘਿਓ ਵਿਚ ਹੁਣ ਵੱਡੀ ਪੱਧਰ 'ਤੇ ਮਿਲਾਵਟ ਹੋ ਰਹੀ ਹੈ। ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ ਦੇ ਤੱਥਾਂ ਅਨੁਸਾਰ 2023-24 ਵਿੱਚ ਦੁੱਧ ਦੇ ਇਕੱਠੇ ਕੀਤੇ 646 ਨਮੂਨਿਆਂ ’ਚੋਂ 88 ਮਿਆਰਾਂ ’ਤੇ ਖਰੇ ਨਹੀਂ ਉੱਤਰੇ। ਖੋਏ ਦੇ 26 ਫ਼ੀਸਦੀ ਨਮੂਨੇ ਫ਼ੇਲ੍ਹ ਹੋਏ ਹਨ। ਬੀਤੇ ਤਿੰਨ ਵਰ੍ਹਿਆਂ 2021-24 ਦੌਰਾਨ ਦੁੱਧ ਦੇ ਕੁੱਲ 20,988 ਨਮੂਨੇ ਭਰੇ ਗਏ, ਜਿਨ੍ਹਾਂ ’ਚੋਂ 3,712 ਨਮੂਨੇ ਅਨੁਕੂਲ ਨਹੀਂ ਪਾਏ ਗਏ। ਸਾਲ 2023-24 ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਕੁੱਲ 6,041 ਨਮੂਨੇ ਭਰੇ ਗਏ ਸਨ ਜਿਨ੍ਹਾਂ ’ਚੋਂ 929 ਨਮੂਨੇ ਫੇਲ੍ਹ ਹੋਏ ਹਨ। ਸਾਲ 2023-24 ਦੌਰਾਨ ਪੰਜਾਬ ਸਰਕਾਰ ਨੇ 1,577 ਸਿਵਲ ਕੇਸ ਕੀਤੇ ਅਤੇ 76 ਕੇਸਾਂ ਵਿੱਚ ਅਪਰਾਧਿਕ ਕਾਰਵਾਈ ਕੀਤੀ।


ਬੀਤੇ ਤਿੰਨ ਵਰ੍ਹਿਆਂ ਵਿੱਚ 194 ਫੇਲ੍ਹ ਨਮੂਨਿਆਂ ਦੇ ਮਾਲਕਾਂ ਖ਼ਿਲਾਫ਼ ਅਪਰਾਧਿਕ ਕਾਰਵਾਈ ਹੋਈ ਹੈ। ਫੇਲ੍ਹ ਹੋਏ ਨਮੂਨਿਆਂ ’ਚੋਂ ਕੁੱਝ ਮਾਮਲਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ ਜਾਂ ਫਿਰ ਮਿਆਦ ਪੁਗਾ ਚੁੱਕੇ ਸਕਿਮਡ ਮਿਲਕ ਪਾਊਡਰ ਜਾਂ ਯੂਰੀਆ ਆਦਿ ਮਿਲਾਵਟ ਕਰਕੇ ਦੁਬਾਰਾ ਬਣਾਇਆ ਗਿਆ। ਇਥੇ ਹੀ ਬੱਸ ਨਹੀਂ ਪੂਜਾ ਵਾਸਤੇ ਵੇਚੇ ਜਾਂਦੇ ਦੇਸੀ ਘਿਓ ਵਿੱਚ ਵੀ ਹਾਈਡ੍ਰੋਜਨੇਟਿਡ ਫੈਟ ਅਤੇ ਰਿਫਾਇੰਡ ਤੇਲ ਦੀ ਮਿਲਾਵਟ ਕੀਤੀ ਜਾ ਰਹੀ ਹੈ। ਇਸ ਵਿੱਚ ਪੰਜ ਤੋਂ 10 ਫ਼ੀਸਦ ਹੀ ਦੇਸੀ ਘਿਓ ਹੁੰਦਾ ਹੈ। ਸਬੰਧਤ ਵਿਭਾਗ ’ਚ ਕਮਿਸ਼ਨਰ ਰਹਿ ਚੁੱਕੇ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮਿਲਾਵਟਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਪਵੇਗੀ। ਨਹੀਂ ਤਾਂ ਇਸ ਦਾ ਖਮਿਆਜਾ ਬੇਕਸੂਰ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ।