Punjab News: ਪੰਜਾਬ ਸਰਕਾਰ ਵਲੋਂ ਨਜਾਇਜ਼ ਤੌਰ ’ਤੇ ਮੁਫ਼ਤ ਅਨਾਜ ਦਾ ਲਾਹਾ ਚੁੱਕ ਰਹੇ ਲਾਭਪਾਤਰੀਆਂ ਦੇ ਰਾਸ਼ਨ-ਕਾਰਡ ਕੱਟ ਦਿੱਤੇ ਗਏ ਹਨ, ਜਿਸ ਤੋਂ ਬਾਅਦ ਪਿੰਡਾਂ ਅਤੇ ਸ਼ਹਿਰਾਂ ’ਚ ਖਲਬਲੀ ਮਚੀ ਹੋਈ ਹੈ। 


COMMERCIAL BREAK
SCROLL TO CONTINUE READING


ਚੋਣਾਂ ’ਚ ਲਾਹਾ ਲੈਣ ਖ਼ਾਤਰ ਬਣਾਏ ਗਲਤ ਢੰਗ ਨਾਲ ਰਾਸ਼ਨ-ਕਾਰਡ: ਗੋਇਲ
ਇਸ ਸਬੰਧੀ ਜਾਣਕਾਰੀ ਦਿੰਦਿਆ ਹਲਕਾ ਲਹਿਰਾ (Lehra, Sangrur) ਦੇ ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਚੋਣਾਂ ਦੌਰਾਨ ਲਾਹਾ ਲੈਣ ਲਈ ਸਰਕਾਰ ਦੇ ਨੁਮਾਇੰਦਿਆਂ ਵਲੋਂ ਗਲਤ ਢੰਗ ਨਾਲ ਸਰਦੇ-ਪੁੱਜਦੇ ਘਰਾਂ ਦੇ ਧੜਾਧੜ ਰਾਸ਼ਨ ਕਾਰਡ ਬਣਾ ਦਿੱਤੇ ਗਏ ਸਨ। ਜਿਸ ਕਾਰਨ ਵੱਡੇ ਪੱਧਰ ’ਤੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਸੀ, ਹੁਣ ਕੇਂਦਰ ਸਰਕਾਰ ਦੁਆਰਾ ਵੀ 12 ਫ਼ੀਸਦ ਅਨਾਜ ਦੀ ਸਪਲਾਈ ’ਤੇ ਕਟੌਤੀ ਕਰ ਦਿੱਤੀ ਗਈ ਹੈ। 



ਪੰਜ ਲੱਖ ਤੋਂ ਵੱਧ ਆਮਦਨ ਵਾਲੇ ਪਰਿਵਾਰਾਂ ਦੇ ਕੱਟੇ ਗਏ ਰਾਸ਼ਨ-ਕਾਰਡ: ਗੋਇਲ
ਵਿਧਾਇਕ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ’ਚ ਡਿਪੂ ਹੋਲਡਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀ ਵੀ ਪ੍ਰੇਸ਼ਾਨ ਹਨ। ਇਸ ਹੇਰਾਫੇਰੀ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਜਿਸ ਪਰਿਵਾਰ ਦੀ ਸਲਾਨਾ ਆਮਦਨ ਪੰਜ ਲੱਖ ਜਾ ਇਸ ਤੋਂ ਵੱਧ ਹੈ, ਉਨ੍ਹਾਂ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਜਾਣ। 
ਇਸ ਕਾਰਵਾਈ ਤਹਿਤ ਸਿਵਲ ਅਤੇ ਖ਼ੁਰਾਕ ਸਪਲਾਈ ਵਿਭਾਗ ਕੋਲ ਮੌਜੂਦ ਜਾਣਕਾਰੀ (Data) ਅਨੁਸਾਰ ਜਿਨ੍ਹਾਂ ਦੇ ਰਾਸ਼ਨ-ਕਾਰਡ ਜੇ ਫ਼ਾਰਮ (J-Form) ਨਾਲ ਲਿੰਕ ਕੀਤੇ ਹੋਏ ਹਨ। ਸਰਕਾਰੀ ਰਿਕਾਰਡ ’ਚ ਜਿਨ੍ਹਾਂ ਪਰਿਵਾਰਾਂ ਦੀ ਆਮਦਨ 5 ਲੱਖ ਤੋਂ ਵੱਧ ਪਾਈ ਗਈ ਹੈ, ਉਨ੍ਹਾਂ ਦੇ ਰਾਸ਼ਨ-ਕਾਰਡ ਕੱਟ ਦਿੱਤੇ ਗਏ ਹਨ। 



ਸਰਦੇ-ਪੁਜਦੇ ਪਰਿਵਾਰ ਖ਼ੁਦ ਅੱਗੇ ਆਕੇ ਰਾਸ਼ਨ ਕਾਰਡ ਕਟਵਾਉਣ
ਵਿਧਾਇਕ ਗੋਇਲ ਦੁਆਰਾ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜੋ ਲੋਕ ਜ਼ਮੀਨਾਂ ਠੇਕੇ ’ਤੇ ਲੈਕੇ ਕਾਸ਼ਤ ਕਰ ਰਹੇ ਹਨ, ਉਨ੍ਹਾਂ ’ਤੇ ਇਹ ਕਾਨੂੰਨ ਲਾਗੂ ਨਹੀਂ ਹੁੰਦਾ। ਇਸ ਮੌਕੇ ਉਨ੍ਹਾਂ ਸਰਦੇ-ਪੁਜਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਰਾਸ਼ਨ-ਕਾਰਡ ਕਟਵਾਉਣ ਲਈ ਅੱਗੇ ਆਉਣ ਤਾਂ ਜੋ ਗਰੀਬ ਪਰਿਵਾਰਾਂ ਨੂੰ ਵੱਧ ਤੋਂ ਵੱਧ ਇਸ ਯੋਜਨਾ ਦਾ ਲਾਭ ਪ੍ਰਾਪਤ ਹੋ ਸਕੇ। 



ਗਰੀਬ ਅਤੇ ਲੋੜਵੰਦ ਪਰਿਵਾਰਾਂ ਨਾਲ ਧੱਕਾ ਨਹੀਂ ਹੋਵੇਗਾ: ਗੋਇਲ 
ਵਿਧਾਇਕ ਗੋਇਲ (Barinder Kumar Goyal) ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਦੇ ਰਾਸ਼ਨ-ਕਾਰਡ ਗਲਤ ਕੱਟੇ ਗਏ ਹਨ, ਉਹ ਸਥਾਨਕ ਐੱਸ. ਡੀ. ਐਮ. ਜਾਂ ਫੂਡ ਸਪਲਾਈ ਵਿਭਾਗ ਦੇ ਦਫ਼ਤਰ ’ਚ ਪਹੁੰਚ ਕੇ ਆਪਣਾ ਪੱਖ ਰੱਖ ਸਕਦੇ ਹਨ ਅਤੇ ਜੋ ਪਰਿਵਾਰ ਇਸ ਸਕੀਮ ਦੇ ਹੱਕਦਾਰ ਹਨ ਉਨ੍ਹਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ: ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਨੂੰ ਆਖ਼ਰੀ ਮੌਕਾ, ਬਾਅਦ ’ਚ ਸਰਕਾਰ ਕਰੇਗੀ ਸਖ਼ਤ ਕਾਰਵਾਈ