Samarala News: ਸਮਰਾਲਾ ਦੇ ਪਿੰਡ ਮੁਸ਼ਕਾਬਾਦ ਵਿਖੇ ਲਗਾਈ ਜਾ ਰਹੀ ਬਾਇਓਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਅੱਤ ਦੀ ਗਰਮੀ ਵਿਚ ਵੀ ਪਿੱਛਲੇ 20 ਦਿਨਾਂ ਤੋਂ ਫੈਕਟਰੀ ਅੱਗੇ ਪੱਕਾ ਧਰਨਾ ਲਗਾ ਕੇ ਬੈਠੇ ਆਸ-ਪਾਸ ਦੇ ਦਰਜ਼ਨਾਂ ਪਿੰਡਾਂ ਦੇ ਲੋਕਾਂ ਦਾ ਗੁੱਸਾ ਅੱਜ ਲਾਵਾ ਬਣ ਕੇ ਫੁੱਟਦਾ ਹੋਇਆ ਨਜ਼ਰ ਆਇਆ। ਸਰਕਾਰ ਤੇ ਪ੍ਰਸਾਸ਼ਨ ਅੱਗੇ ਕੋਈ ਸੁਣਵਾਈ ਨਾ ਹੁੰਦੀ ਵੇਖ ਇਹ ਧਰਨਾਕਾਰੀ ਅੱਜ ਸਮਰਾਲਾ ਪ੍ਰਸਾਸ਼ਨ ਤੋਂ ਜਵਾਬ ਲੈਣ ਲਈ ਐੱਸ.ਡੀ.ਐੱਮ. ਦਫ਼ਤਰ ਵਿਖੇ ਪਹੁੰਚੇ। ਜਿੱਥੇ ਕਈ ਘੰਟੇ ਤੱਕ ਇਨ੍ਹਾਂ ਪ੍ਰਦਸ਼ਨਕਾਰੀਆਂ ਨੇ ਧਰਨਾ ਦਿੰਦੇ ਹੋਏ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ।


COMMERCIAL BREAK
SCROLL TO CONTINUE READING

ਇਲਾਕੇ ਦੇ ਦਰਜ਼ਨਾਂ ਪਿੰਡਾਂ ਦੇ ਰੋਸ ਧਰਨੇ ਦੀ ਹਮਾਇਤ ਲਈ ਪੁੱਜੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ’ਚ ਲਗਾਏ ਜਾ ਰਹੇ ਅਜਿਹੇ ਬਾਇਓਗੈਸ ਪਲਾਂਟ ਲੋਕਾਂ ਦੀ ਸਿਹਤ ਲਈ ਖਤਰਨਾਕ ਹਨ। ਸਰਕਾਰ ਇਨ੍ਹਾਂ ਨੂੰ ਤੁਰੰਤ ਬੰਦ ਕਰੇ। ਉਨ੍ਹਾਂ ਕਿਹਾ ਕਿ, ਗਰੀਨ ਏਨਰਜ਼ੀ ਦੇ ਨਾਂ ’ਤੇ ਬਿਨਾ ਸੋਚੇ-ਸਮਝੇ ਅਜਿਹੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜਿਸ ਦੇ ਬਾਅਦ ਵਿਚ ਸਿੱਟੇ ਭਿਆਨਕ ਹੋਣਗੇ।


ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲੇ ਵਿਚ ਵੀ 5 ਬਾਇਓਗੈਸ ਪਲਾਂਟ ਲਗਾਉਣ ਦੀ ਤਵਜੀਜ ਹੈ, ਜਿਸ ਵਿਚੋਂ ਚਾਰ ਨੂੰ ਚਾਲੂ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਸਾਰੇ ਪਲਾਂਟਾ ਦਾ ਹੀ ਲੋਕਾਂ ਵੱਲੋਂ ਭਾਰੀ ਵਿਰੋਧ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ, ਪੰਜਾਬ ਵਿਚ ਲਗਾਏ ਜਾ ਰਹੇ ਇਨ੍ਹਾਂ ਬਾਇਓਗੈਸ ਪਲਾਂਟਾ ਨੂੰ ਲੈ ਕੇ ਉਨ੍ਹਾਂ ਦੀ ਕੁਝ ਸਾਇੰਸਦਾਨਾਂ ਨਾਲ ਗੱਲ ਹੋਈ ਹੈ।


ਰਾਜੇਵਾਲ ਨੇ ਕਿਹਾ ਕਿ, ਮਨੁੱਖੀ ਸਿਹਤ ਲਈ ਇਸ ਵਿਚੋਂ ਪੈਦਾ ਹੋਣ ਵਾਲੀਆਂ ਗੈਸਾਂ ਖਤਰਨਾਕ ਹਨ ਅਤੇ ਸਰਕਾਰ ਨੂੰ ਸੂਬੇ ਦੇ ਸਾਰੇ ਪਲਾਂਟਾ ਦੀ ਮਨਜ਼ੂਰੀ ਤੁਰੰਤ ਰੱਦ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ, ਬਾਇਓਗੈਸ ਮਾਹਿਰਾਂ ਤੇ ਸਾਇਸਦਾਨਾ ਤੋਂ ਸਰਕਾਰ ਰਿਪੋਰਟ ਤਿਆਰ ਕਰਵਾਏ, ਤਾਕਿ ਲੋਕਾਂ ਦੇ ਹੱਕ ਵਿਚ ਜਲਦੀ ਫੈਸਲਾ ਲਿਆ ਜਾ ਸਕੇ।


ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂ ਸਾਬਕਾ ਸਰਪੰਚ ਮਾਲਵਿੰਦਰ ਸਿੰਘ ਲਵਲੀ ਮੁਸ਼ਕਾਬਾਦ ਨੇ ਆਖਿਆ ਕਿ, ਸਾਰੇ ਪਿੰਡਾਂ ਦੇ ਲੋਕ ਇਹ ਗੈਸ ਫੈਕਟਰੀ ਬੰਦ ਕਰਵਾਉਣ ਲਈ ਪੂਰੀ ਤਰ੍ਹਾਂ ਬੱਜਿਦ ਹਨ। ਉਨ੍ਹਾਂ ਕਿਹਾ ਕਿ, ਹੁਣ ਇਹ ਆਰ-ਪਾਰ ਦੀ ਲੜ੍ਹਾਈ ਹੈ ’ਤੇ ਪ੍ਰਭਾਵਿਤ ਪਿੰਡਾਂ ਦੇ ਲੋਕ ਹਰ ਵੱਡੇ ਸੰਘਰਸ਼ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ, ਤਿੰਨ ਪਿੰਡ ਮੁਸ਼ਕਾਬਾਦ, ਖੀਰਨੀਆਂ ਤੇ ਟੱਪਰਿਆ ਦੇ ਲੋਕ ਪਹਿਲਾ ਹੀ ਲੋਕਸਭਾ ਚੋਣਾਂ ਦਾ ਬਾਈਕਾਟ ਕਰ ਚੁੱਕੇ ਹਨ ਅਤੇ ਆਉਂਦੇ 1-2 ਦਿਨਾਂ ਵਿਚ ਕਈ ਹੋਰ ਪਿੰਡਾਂ ਵੱਲੋਂ ਵੀ ਇਸ ਬਾਈਕਾਟ ਵਿਚ ਸ਼ਾਮਲ ਹੋਣ ਦੀ ਉਮੀਦ ਹੈ।


ਇਲਾਕੇ ਵਿਚ ਲੱਗ ਰਹੀ ਇਸ ਬਾਇਓਗੈਸ ਫੈਕਟਰੀ ਨੂੰ ਲੈ ਕੇ ਜਿੱਥੇ ਪ੍ਰਭਾਵਿਤ ਹੋਣ ਵਾਲੇ ਨੇੜਲੇ ਦਰਜ਼ਨਾਂ ਪਿੰਡਾਂ ਦੇ ਲੋਕਾਂ ਵਿਚ ਸਰਕਾਰ ਤੇ ਪ੍ਰਸ਼ਾਸ਼ਨ ਦੀ ਬੇਰੁੱਖੀ ਨੂੰ ਲੈ ਕੇ ਗੁੱਸੇ ਵਾਲਾ ਮਾਹੌਲ ਹੈ, ਉੱਥੇ ਨਾਲ ਹੀ ਉਨ੍ਹਾਂ ਦੇ ਮਨਾਂ ਵਿਚ ਇਸ ਗੱਲ ਨੂੰ ਲੈ ਕੇ ਡੂੰਘੀ ਚਿੰਤਾ ਵੀ ਵਿਖਾਈ ਦੇ ਰਹੀ ਹੈ, ਕਿ ਜੇਕਰ ਇਹ ਫੈਕਟਰੀ ਦਾ ਕੰਮ ਨਾ ਰੁਕਿਆ ਤਾਂ ਉਹ ਇੱਕੋਂ ਇੱਕ ਤਰ੍ਹਾਂ ਨਾਲ ਉੱਜੜ ਹੀ ਜਾਣਗੇ। ਕਿਊਕਿ ਲੋਕਾਂ ਨੂੰ ਇਹ ਖਦਸ਼ਾ ਹੈ, ਕਿ ਖਤਰਨਾਕ ਗੈਸਾਂ ਕਾਰਨ ਵਾਤਾਵਰਣ, ਪਾਣੀ, ਫ਼ਸਲਾਂ ਸਭ ਕੁਝ ਹੀ ਪ੍ਰਦੂਸ਼ਿਤ ਹੋ ਜਾਵੇਗਾ। ਜਿਸ ਕਰਕੇ ਭਵਿੱਖ ਵਿਚ ਇਸਦੇ ਭਿਆਨਕ ਸਿੱਟੇ ਆਉਣਗੇ ਜਿਸ ਦਾ ਖਾਮਿਆਜਾਂ ਇਲਾਕੇ ਦੇ ਲੋਕਾਂ ਨੂੰ ਆਉਂਦੀਆਂ ਪੁਸਤਾਂ ਤੱਕ ਭੋਗਣਾ ਪਵੇਗਾ।


ਐੱਸ.ਡੀ.ਐੱਮ. ਸਮਰਾਲਾ ਰਜਨੀਸ਼ ਅਰੋੜਾ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਐਨੀ ਭਿਆਨਕ ਗਰਮੀ ਵਿਚ ਔਰਤਾਂ ਅਤੇ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਧਰਨਾ ਲਾਉਣ ਦੀ ਬਜਾਏ ਉਹ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਗਈ ਨਿਰਪੱਖ ਮਾਹਿਰਾਂ ਦੀ ਕਮੇਟੀ ਦੀ ਰਿਪੋਰਟ ਦੀ ਉਡੀਕ ਕਰਨ। ਉਨ੍ਹਾਂ ਕਿਹਾ ਕਿ ਮੰਗ ਪੱਤਰ ਲਈ ਸਿਰਫ 5 ਵਿਅਕਤੀ ਵੀ ਆ ਜਾਣ ਉਨ੍ਹਾਂ ਦਾ ਸਵਾਗਤ ਹੈ। ਉਨ੍ਹਾਂ ਆਖਿਆ ਕਿ ਫੈਕਟਰੀ ਮਾਲਕ ਵੱਲੋਂ ਇਹ ਮਾਮਲਾ ਮਾਣਯੋਗ ਅਦਾਲਤ ਵਿਚ ਲਿਜਾਇਆ ਗਿਆ ਹੈ, ਇਸ ਲਈ ਕਮੇਟੀ ਦੀ ਰਿਪੋਰਟ ਮਾਣਯੋਗ ਅਦਾਲਤ ਅਤੇ ਸਰਕਾਰ ਕੋਲ ਜਾਵੇਗੀ ਅਤੇ ਉਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ। ਉਨ੍ਹਾਂ ਵੱਲੋਂ 13 ਮਈ ਦਿੱਤਾ ਗਿਆ ਮੰਗ ਪੱਤਰ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ। ਅੱਜ ਮੁੜ ਉਨ੍ਹਾਂ ਦੀ ਮੰਗ ਸਰਕਾਰ ਤੱਕ ਪਹੁੰਚਦੀ ਕੀਤੀ ਜਾਵੇਗੀ।