ਸੁਧੀਰ ਸੂਰੀ ਦੇ ਕਾਤਲ ਨੇ ਜ਼ੁਰਮ ਕਬੂਲਿਆ, ਕਤਲ ’ਚ ਅੰਮ੍ਰਿਤਪਾਲ ਸਿੰਘ ਦਾ ਹੱਥ ਹੋਣ ’ਤੋਂ ਕੀਤਾ ਇਨਕਾਰ
ਸੰਦੀਪ ਸਿੰਘ ਨੇ ਕਬੂਲ ਕੀਤਾ ਕਿ ਉਸਨੇ ਹੀ ਸੁਧੀਰ ਸੂਰੀ ’ਤੇ ਗੋਲੀਆਂ ਚਲਾਈਆਂ ਅਤੇ ਉਸਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ।
ਚੰਡੀਗੜ੍ਹ: ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਹੱਤਿਆ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਆਰੋਪੀ ਸੰਦੀਪ ਸਿੰਘ ਉਰਫ਼ ਸੰਨੀ ਨੇ ਜ਼ੁਰਮ ਕਬੂਲ ਕਰ ਲਿਆ ਹੈ। ਪੁਲੀਸ ਦੇ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੰਦੀਪ ਸਿੰਘ (Sandeep Singh) ਨੇ ਕਬੂਲ ਕੀਤਾ ਕਿ ਉਸਨੇ ਹੀ ਸੁਧੀਰ ਸੂਰੀ ’ਤੇ ਗੋਲੀਆਂ ਚਲਾਈਆਂ ਅਤੇ ਉਸਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ।
ਪੁਛਗਿੱਛ ਦੌਰਾਨ ਸੰਦੀਪ ਨੇ ਦੱਸਿਆ ਕਿ ਉਸਨੇ ਪਹਿਲਾਂ ਵੀ ਸੁਧੀਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋਇਆ। ਇਸ ਵਾਰ ਉਸਨੂੰ ਪਤਾ ਲੱਗਿਆ ਕਿ ਹਿੰਦੂ ਆਗੂ ਸੂਰੀ (Sudhir Suri) ਉਨ੍ਹਾਂ ਦੀ ਦੁਕਾਨ ਨੇੜੇ ਧਰਨੇ ’ਤੇ ਬੈਠਾ ਹੈ, ਪਤਾ ਲੱਗਦਿਆਂ ਹੀ ਉਹ ਤੁਰੰਤ ਮੌਕੇ ’ਤੇ ਪਹੁੰਚਿਆ। ਜਿਵੇਂ ਹੀ ਦਾਅ ਲੱਗਿਆ ਉਸਨੇ ਗੋਲੀਆਂ ਚਲਾ ਦਿੱਤੀਆਂ।
ਗੌਰਤਲੱਬ ਹੈ ਕਿ ਸੁਧੀਰ ਸੂਰੀ ਕਤਲ ਮਾਮਲੇ ਨਾਲ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਦਾ ਨਾਮ ਵੀ ਜੋੜਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਸਨੇ ਅੰਮ੍ਰਿਤਪਾਲ ਨਾਲ ਕੋਈ ਵੀ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਸੰਦੀਪ ਨੇ ਕਬੂਲ ਕੀਤਾ ਕਿ ਉਹ ਅੰਮ੍ਰਿਤਪਾਲ ਸਿੰਘ ਨੂੰ ਮਿਲਿਆ ਜ਼ਰੂਰ ਸੀ, ਪਰ ਸੁਧੀਰ ਸੂਰੀ ਦੇ ਕਤਲ ਨਾਲ ਅੰਮ੍ਰਿਤਪਾਲ ਸਿੰਘ ਦਾ ਕੋਈ ਸਬੰਧ ਨਹੀਂ ਹੈ।