ਪੰਜਾਬ ਦੇ ਅਜਿਹੇ ਗੈਂਗਸਟਰ- ਜਿਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਦਹਿਸ਼ਤ ਬਰਕਰਾਰ
ਪੰਜਾਬ ਵਿੱਚ ਗੈਂਗਸਟਰਾਂ ਦਾ ਡਰ ਅਜਿਹਾ ਬਣਿਆ ਹੋਇਆ ਹੈ ਕਿ ਮਰਨ ਤੋਂ ਬਾਅਦ ਵੀ ਉਨ੍ਹਾਂ ਦੇ ਨਾਮ ਅਤੇ ਗੈਂਗ ਜਿਉਂਦੇ ਹਨ। ਗੈਂਗ ਅਜੇ ਵੀ ਸਰਗਰਮ ਹਨ ਅਤੇ ਕਈ ਅਪਰਾਧਿਕ ਘਟਨਾਵਾਂ ਵਿਚ ਸ਼ਾਮਲ ਹਨ।
ਚੰਡੀਗੜ: ਪੰਜਾਬ ਵਿੱਚ ਗੈਂਗਸਟਰਾਂ ਦਾ ਡਰ ਅਜਿਹਾ ਬਣਿਆ ਹੋਇਆ ਹੈ ਕਿ ਮਰਨ ਤੋਂ ਬਾਅਦ ਵੀ ਉਨ੍ਹਾਂ ਦੇ ਨਾਮ ਅਤੇ ਗੈਂਗ ਜਿਉਂਦੇ ਹਨ। ਗੈਂਗ ਅਜੇ ਵੀ ਸਰਗਰਮ ਹਨ ਅਤੇ ਕਈ ਅਪਰਾਧਿਕ ਘਟਨਾਵਾਂ ਵਿਚ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਦੀ ਚਿੰਤਾ ਇਹ ਹੈ ਕਿ ਗਿਰੋਹ ਦੇ ਮੈਂਬਰ ਆਪਣੀ ਪੁਰਾਣੀ ਦੁਸ਼ਮਣੀ ਨੂੰ ਉਜਾਗਰ ਕਰ ਕੇ ਸਿਰਦਰਦੀ ਬਣੇ ਹੋਏ ਹਨ। ਕੁਝ ਅਜਿਹੇ ਗਰੋਹ ਹਨ ਜਿਨ੍ਹਾਂ ਦੇ ਆਗੂ ਮਰੇ ਨੂੰ ਕਈ ਸਾਲ ਹੋ ਗਏ ਹਨ ਪਰ ਇਨ੍ਹਾਂ ਦੇ ਗੈਂਗ ਅਜੇ ਵੀ ਚੱਲ ਰਹੇ ਹਨ ਅਤੇ ਲੋਕਾਂ ਵਿਚ ਇਨ੍ਹਾਂ ਦਾ ਡਰ ਬਣਿਆ ਹੋਇਆ ਹੈ।
ਸੁੱਖਾ ਕਾਹਲਵਾਂ
22 ਜਨਵਰੀ 2015 ਨੂੰ ਗੈਂਗਸਟਰ ਵਿਕਾਸ ਉਰਫ ਵਿੱਕੀ ਗੌਂਡਰ ਅਤੇ ਉਸਦੇ ਸਾਥੀਆਂ ਨੇ ਜਲੰਧਰ ਤੋਂ ਨਾਭਾ ਜੇਲ ਜਾ ਰਹੇ ਸੁੱਖਾ ਕਾਹਲਵਾਂ ਨੂੰ ਫਗਵਾੜਾ ਵਿੱਚ ਪੁਲਿਸ ਵੈਨ ਵਿੱਚ ਘੇਰ ਲਿਆ ਸੀ। ਉਸ ਨੇ ਆਟੋਮੈਟਿਕ ਹਥਿਆਰਾਂ ਨਾਲ 100 ਦੇ ਕਰੀਬ ਗੋਲੀਆਂ ਚਲਾ ਕੇ ਸੁੱਖੇ ਦੀ ਹੱਤਿਆ ਕਰ ਦਿੱਤੀ। ਹਮਲਾਵਰ ਉਸ ਦੀ ਮੌਤ 'ਤੇ ਇੰਨੇ ਖੁਸ਼ ਸਨ ਕਿ ਉਨ੍ਹਾਂ ਨੇ ਲਾਸ਼ 'ਤੇ ਭੰਗੜਾ ਪਾ ਕੇ ਜਸ਼ਨ ਮਨਾਇਆ। ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਸ਼ੂਟਰ' ਨੂੰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਨ ਕਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਕਿ ਫਿਲਮ 'ਚ ਹਿੰਸਾ ਅਤੇ ਅਪਰਾਧ ਨੂੰ ਬੜ੍ਹਾਵਾ ਦਿੱਤਾ ਗਿਆ ਹੈ। ਸੁੱਖਾ ਕਾਹਲਵਾਂ ਦਾ ਨੈੱਟਵਰਕ ਅਜੇ ਵੀ ਕਾਇਮ ਹੈ ਅਤੇ ਇਸ ਦੇ ਪੁਰਾਣੇ ਸਾਥੀਆਂ ਨੇ ਸੁੱਖਾ ਕਾਹਲਵਾਂ ਦਾ ਨਾਂ ਰੌਸ਼ਨ ਕੀਤਾ ਹੈ।
ਦਵਿੰਦਰ ਬੰਬੀਹਾ ਮੌਤ ਤੋਂ ਛੇ ਸਾਲ ਬਾਅਦ ਵੀ ਨਾਮ ਤੇ ਡਰ ਜਿਉਂਦਾ
ਬੰਬੀਹਾ ਗੈਂਗ ਦੇ ਸਰਗਨਾ ਦਵਿੰਦਰ ਬੰਬੀਹਾ ਨੂੰ 9 ਸਤੰਬਰ 2016 ਨੂੰ ਬਠਿੰਡਾ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਇਸ ਤੋਂ ਬਾਅਦ ਗੈਂਗ ਦੀ ਕਾਰਵਾਈ ਸੁਖਪ੍ਰੀਤ ਬੁੱਢਾ ਦੇ ਹੱਥ ਆ ਗਈ। ਬੁੱਢਾ ਨੇ 17 ਜੂਨ 2018 ਨੂੰ ਬਠਿੰਡਾ ਦੇ ਇੱਕ ਵਪਾਰੀ ਦਾ ਕਤਲ ਕਰ ਦਿੱਤਾ ਸੀ ਕਿਉਂਕਿ ਉਸ ਨੇ ਦਵਿੰਦਰ ਬੰਬੀਹਾ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਸੀ। ਬੰਬੀਹਾ ਗਿਰੋਹ ਦੇ ਮੈਂਬਰਾਂ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਵਿੱਚ 40 ਤੋਂ ਵੱਧ ਕੇਸ ਦਰਜ ਹਨ। ਹਾਲ ਹੀ ਵਿੱਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਵਿੱਚ ਦਵਿੰਦਰ ਬੰਬੀਹਾ ਧੜੇ ਦਾ ਨਾਂ ਸਾਹਮਣੇ ਆਇਆ ਸੀ।
ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ
ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਜਨਵਰੀ 2015 ਵਿਚ ਫਗਵਾੜਾ ਵਿੱਚ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਏ ਸਨ। ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨੂੰ 2018 ਪੰਜਾਬ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ। ਬੇਸ਼ੱਕ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੀ ਮੌਤ ਨੂੰ ਚਾਰ ਸਾਲ ਬੀਤ ਚੁੱਕੇ ਹਨ ਪਰ ਇਨ੍ਹਾਂ ਦੇ ਸਾਥੀ ਅਜੇ ਵੀ ਸਰਗਰਮ ਹਨ।
ਜੈਪਾਲ ਭੁੱਲਰ ਗੈਂਗ
ਗੈਂਗਸਟਰ ਜੈਪਾਲ ਭੁੱਲਰ ਜੂਨ 2021 ਵਿੱਚ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਪੰਜਾਬ ਪੁਲਿਸ ਦੀ ਇੱਕ ਟੀਮ ਦੁਆਰਾ ਇੱਕ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਪੰਜਾਬ ਪੁਲਿਸ ਨੂੰ ਜਗਰਾਉਂ, ਲੁਧਿਆਣਾ ਵਿੱਚ ਦੋ ਏ.ਐਸ.ਆਈਜ਼ ਦੇ ਕਤਲ ਮਾਮਲੇ ਵਿੱਚ ਮੁਲਜ਼ਮਾਂ ਦੀ ਭਾਲ ਸੀ। ਜੈਪਾਲ ਦੀ ਮੌਤ ਨਾਲ ਪੰਜਾਬ ਵਿੱਚ ਅਪਰਾਧ ਦਾ ਇੱਕ ਅਧਿਆਏ ਖ਼ਤਮ ਹੋ ਗਿਆ। ਗੈਂਗਸਟਰ ਜੈਪਾਲ ਭੁੱਲਰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਸ ਦਾ ਨਾਂ ਉਸ ਸਮੇਂ ਸੁਰਖੀਆਂ 'ਚ ਆਇਆ ਜਦੋਂ ਉਸ ਨੇ ਪਰਵਾਣੂ 'ਚ ਫਾਜ਼ਿਲਕਾ ਨਿਵਾਸੀ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜੈਪਾਲ ਭੁੱਲਰ ਦੀ ਮੌਤ ਨੂੰ ਇੱਕ ਸਾਲ ਹੋ ਗਿਆ ਹੈ, ਪਰ ਉਸ ਦੀ ਟੀਮ ਅਤੇ ਸਾਥੀ ਅਜੇ ਵੀ ਇਸ ਗਰੋਹ ਨੂੰ ਚਲਾ ਰਹੇ ਹਨ।