Mansa News(ਕੁਲਦੀਪ ਧਾਲੀਵਾਲ): ਮਾਨਸਾ ਸਥਿਤ ਪਿੰਡ ਘਰਾਂਗਣਾ ਦੇ ਕਿਸਾਨ ਮਨਜੀਤ ਸਿੰਘ ਨੇ ਕਣਕ-ਝੋਨੇ ਦੀ ਰਵਾਇਤੀ ਖੇਤੀ ਛੱਡ ਕੇ ਬਦਲਵੀਆਂ ਫਸਲਾਂ ਬੀਜ ਕੇ ਲੱਖਾਂ ਦੀ ਕਮਾਈ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕਣਕ ਝੋਨੇ ਦੀ ਬਿਜਾਈ ਨਾਲ ਕਿਸਾਨ ਮਨਜੀਤ ਸਿੰਘ ਦੇ ਸਿਰ 'ਤੇ ਸੱਤ ਤੋਂ 8 ਲੱਖ ਰੁਪਏ ਦਾ ਕਰਜਾ ਹੋ ਗਿਆ ਸੀ। ਜਿਸ ਨੂੰ ਉਸਨੇ ਬਦਲਵੀਆਂ ਫਸਲਾਂ ਦੀ ਖੇਤੀ ਕਰ ਉਤਾਰ ਦਿੱਤਾ। ਕਿਸਾਨ ਨੇ ਪਹਿਲਾਂ ਛੋਟੇ ਰਕਬੇ ਵਿਚ ਨਰਸਰੀ ਦਾ ਕੰਮ ਸ਼ੁਰੂ ਕੀਤਾ ਅਤੇ ਹੁਣ ਹੌਲੀ-ਹੌਲੀ ਅਪਣਾ ਕਾਰੋਬਾਰ ਵਧਾਇਆ ਅਤੇ ਲੱਖਾਂ ਰੁਪਏ ਦੀ ਕਮਾਈ ਕਰ ਰਿਹਾ ਹੈ।


COMMERCIAL BREAK
SCROLL TO CONTINUE READING

ਮਨਜੀਤ ਸਿੰਘ ਦਾ ਕਹਿਣਾ ਹੈ ਕਿ ਹੁਣ ਉਹ ਇਕ ਕਿੱਲੇ ਵਿਚੋਂ ਕਣਕ-ਝੋਨੇ ਤੋਂ ਹੋਣ ਵਾਲੀ ਕਮਾਈ ਤੋਂ ਤਕਰੀਬਨ ਪੰਜ ਗੁਣਾ ਵੱਧ ਕਮਾਈ ਕਰ ਰਿਹਾ ਹੈ। ਰਵਾਇਤੀ ਖੇਤੀ ਤੋਂ ਕੁਝ ਵੱਖਰਾ ਕਰਨ ਦੀ ਸੋਚ ਬਾਰੇ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ 2013 ਵਿਚ ਨਰਸਰੀ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਸ਼ੁਰੂਆਤੀ ਦੌਰ ਵਿਚ ਮਹਿਜ਼ ਅੱਧੇ ਮਰਲੇ ਵਿਚ ਮਿਰਚ ਅਤੇ ਪਿਆਜ਼ ਦੀ ਪਨੀਰੀ ਲਗਾਈ ਸੀ, ਇਸ ਨੂੰ ਚੰਗਾ ਹੁੰਗਾਰਾ ਮਿਲਿਆ ਅਤੇ ਸਾਰੀ ਪਨੀਰੀ ਦੀ ਵਿਕਰੀ ਹੋ ਗਈ।


ਮਨਜੀਤ ਸਿੰਘ ਵਲੋਂ ਸ਼ੁਰੂ ਕੀਤੇ ਨਵੇਂ ਕੰਮ ਨੂੰ ਹੁੰਗਾਰਾ ਤਾਂ ਮਿਲਿਆ ਪਰ ਆਰਥਕ ਤੌਰ 'ਤੇ ਹਾਲਾਤ ਚੰਗੇ ਨਹੀਂ ਸਨ। ਮਨਜੀਤ ਸਿੰਘ ਨੇ ਦਸਿਆ ਕਿ ਇਸ ਦੇ ਬਾਵਜੂਦ ਉਨ੍ਹਾਂ ਹੌਸਲਾ ਨਹੀਂ ਹਾਰਿਆ ਅਤੇ ਪ੍ਰਵਾਰ ਦਾ ਵੀ ਭਰਪੂਰ ਸਾਥ ਮਿਲਿਆ। ਕਾਰੋਬਾਰ ਨੂੰ ਹੋਰ ਵਧਾਉਣ ਲਈ ਉਨ੍ਹਾਂ ਨੇ ਅਪਣੀ ਪਤਨੀ ਦਾ ਕਰੀਬ 3 ਤੋਲੇ ਸੋਨਾ ਗਹਿਣੇ ਰੱਖ ਕੇ ਕਰੀਬ 50 ਹਜ਼ਾਰ ਰੁਪਏ ਦਾ ਇੰਤਜ਼ਾਮ ਕੀਤਾ। ਕਿਸਾਨ ਨੇ ਦਸਿਆ ਕਿ ਇਸ ਪੈਸੇ ਨਾਲ ਉਨ੍ਹਾਂ ਨੇ ਪਿਆਜ਼ ਦਾ ਬੀਜ ਖ੍ਰੀਦਿਆ ਅਤੇ ਫਿਰ ਇਕ ਕਨਾਲ ਰਕਬੇ ਵਿਚ ਪਨੀਰੀ ਲਗਾਈ। ਇਕ ਸਾਲ ਦੇ ਅੰਦਰ ਹੀ ਚੰਗੀ ਵਿਕਰੀ ਹੋਣ ਕਾਰਨ ਉਨ੍ਹਾਂ ਨੇ ਨਾ ਸਿਰਫ਼ ਅਪਣਾ ਗਹਿਣਾ ਛੁਡਵਾਇਆ ਸਗੋਂ ਚੰਗਾ ਮੁਨਾਫ਼ਾ ਵੀ ਕਮਾਇਆ।


ਕਿਸਾਨ ਨੇ ਦਸਿਆ ਕਿ ਬਾਬੇ ਨਾਨਕ ਦੇ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਦੇ ਸਿਧਾਂਤ ਨੂੰ ਅਪਣਾ ਕੇ ਕੋਈ ਵੀ ਕਿਸਾਨ ਫੇਲ ਨਹੀਂ ਹੋ ਸਕਦਾ। ਉਨ੍ਹਾਂ ਦਸਿਆ ਕਿ ਸਬਰ ਅਤੇ ਮਿਹਨਤ ਸਦਕਾ ਹੀ ਉਨ੍ਹਾਂ ਦੇ ਕਾਰੋਬਾਰ ਵਿਚ ਤਰੱਕੀ ਹੋਈ। ਮਨਜੀਤ ਸਿੰਘ ਨੇ ਪੜਾਅਵਾਰ ਨਰਸਰੀ ਦੇ ਰਕਬੇ ਵਿਚ ਵਾਧਾ ਕੀਤਾ ਅਤੇ 2013 ਤੋਂ ਮਹਿਜ਼ ਮਰਲੇ ਤੋਂ ਸ਼ੁਰੂ ਕੀਤੇ ਇਸ ਕਿੱਤੇ ਦਾ ਰਕਬਾ ਉਨ੍ਹਾਂ ਨੇ 2019 ਤਕ 5 ਕਿੱਲੇ ਤਕ ਵਧਾ ਲਿਆ। ਦੱਸ ਦੇਈਏ ਕਿ ਮਨਜੀਤ ਸਿੰਘ ਹੋਰ ਫ਼ਸਲਾਂ ਦੀ ਪਨੀਰੀ ਵੀ ਲਗਾਉਂਦੇ ਹਨ ਤੇ ਬੀਜ ਵੀ ਵੇਚਦੇ ਹਨ। ਕਿਸਾਨ ਦੇ ਦਸਣ ਮੁਤਾਬਕ ਸਿਰਫ਼ ਪਿਆਜ਼ਾਂ ਦੀ ਪਨੀਰੀ ਤੋਂ ਹੀ ਉਹ ਕਰੀਬ 4-5 ਲੱਖ ਰੁਪਏ ਕਮਾਉਂਦੇ ਹਨ। ਇਸ ਤਰ੍ਹਾਂ ਮੌਜੂਦਾ ਸਮੇਂ ਵਿਚ ਉਹ ਇਕ ਕਿੱਲੇ ਵਿਚੋਂ ਪੰਜ ਕਿੱਲਿਆਂ ਬਰਾਬਰ ਕਮਾਈ ਕਰ ਰਹੇ ਹਨ।


ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਮਨਜੀਤ ਸਿੰਘ ਨੇ ਦਸਿਆ ਕਿ ਖ਼ੁਦ ਦੀ ਜ਼ਮੀਨ ਦੇ ਨਾਲ-ਨਾਲ ਠੇਕੇ 'ਤੇ ਜ਼ਮੀਨ ਲੈ ਕੇ ਵੀ ਵਾਹੀ ਕਰਦੇ ਰਹੇ ਹਨ ਪਰ ਖ਼ਰਚੇ ਆਦਿ ਕੱਢ ਕੇ ਉਨ੍ਹਾਂ ਨੂੰ ਕੋਈ ਮੁਨਾਫ਼ਾ ਨਹੀਂ ਹੁੰਦਾ ਸੀ। ਨਰਸਰੀ ਸ਼ੁਰੂ ਕਰਨ ਦੇ ਮਹਿਜ਼ ਦੋ ਸਾਲ ਅੰਦਰ ਹੀ ਸਾਰਾ ਕਰਜ਼ਾ ਵੀ ਸਿਰੋਂ ਲਹਿ ਗਿਆ ਅਤੇ ਬਚਤ ਵੀ ਚੰਗੀ ਹੋ ਗਈ ਹੈ। ਦਸਣਯੋਗ ਹੈ ਕਿ ਪਨੀਰੀ ਅਤੇ ਬੀਜ ਦੀ ਗੁਣਵੱਤਾ ਵਧੀਆ ਹੋਣ ਕਾਰਨ ਮਨਜੀਤ ਸਿੰਘ ਕੋਲ ਸਿਰਫ਼ ਪੰਜਾਬ ਨਹੀਂ ਸਗੋਂ ਹਰਿਆਣਾ, ਰਾਜਸਥਾਨ ਆਦਿ ਤੋਂ ਕਿਸਾਨ ਬੀਜ ਅਤੇ ਪਨੀਰੀ ਲੈਣ ਆਉਂਦੇ ਹਨ। ਮਨਜੀਤ ਸਿੰਘ ਨੂੰ ਮੁੱਖ ਮੰਤਰੀ ਵਲੋਂ ਸ. ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ।


ਮਨਜੀਤ ਸਿੰਘ ਦਾ ਕਹਿਣਾ ਹੈ ਕਿ ਕਿਰਤ ਨਾਲੋਂ ਟੁੱਟਣ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ, ਕਰਜ਼ੇ ਚੜ ਰਹੇ ਹਨ ਅਤੇ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ। ਉਨ੍ਹਾਂ ਦਸਿਆ ਕਿ ਉਹ ਪੂਰਾ ਸਾਲ ਅਪਣੇ ਖੇਤਾਂ ਵਿਚ ਕੰਮ ਕਰਦੇ ਹਨ ਇੰਨਾ ਹੀ ਨਹੀਂ ਸਗੋਂ ਉਨ੍ਹਾਂ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਹੋਰ ਵੀ ਕਈ ਕਿਰਤੀ ਪ੍ਰਵਾਰਾਂ ਨੂੰ ਰੁਜ਼ਗਾਰ ਮਿਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਪਿਆਜ਼, ਮਿਰਚ, ਜੁਆਰ ਅਤੇ ਬਾਜਰਾ ਆਦਿ ਦੇ ਦੇਸੀ ਬੀਜ ਬਾਜ਼ਾਰ ਵਿਚ ਲਿਆਂਦੇ ਜਾ ਰਹੇ ਹਨ। ਅਪਣਾ ਤਜਰਬਾ ਸਾਂਝਾ ਕਰਦਿਆਂ ਮਨਜੀਤ ਸਿੰਘ ਨੇ ਦਸਿਆ ਕਿ ਛੋਟੇ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣੇ ਚਾਹੀਦੇ ਹਨ, ਕਣਕ-ਝੋਨੇ ਦੇ ਨਾਲ ਹੋਰ ਵੀ ਫ਼ਲ ਅਤੇ ਸਬਜ਼ੀਆਂ ਆਦਿ ਦੀ ਖੇਤੀ ਕਰਨੀ ਚਾਹੀਦੀ ਹੈ। ਕਿਸਾਨ ਭਰਾਵਾਂ ਨੂੰ ਸੁਝਾਅ ਦਿੰਦਿਆਂ ਮਨਜੀਤ ਸਿੰਘ ਨੇ ਕਿਹਾ ਕਿ ਭਾਈਚਾਰਕ ਸਾਂਝ ਕਾਇਮ ਕਰ ਕੇ ਅਤੇ ਦ੍ਰਿੜ ਇਰਾਦੇ ਨਾਲ ਕਿਰਤ ਕਰਨ ਦੀ ਲੋੜ ਹੈ। ਇਸ ਤਰ੍ਹਾਂ ਹਰ ਕਿਸਾਨ ਵੀਰ ਕਾਮਯਾਬੀ ਦੀ ਬੁਲੰਦੀ ਨੂੰ ਛੂਹ ਸਕਦਾ ਹੈ ਅਤੇ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਸਕਦਾ ਹੈ।