Punjab News: ਅਕਸਰ ਅਸੀਂ ਵੇਖਦੇ ਹਾਂ ਕਿ ਪੰਜਾਬ ਦੇ ਬਹੁਤੇ ਨੌਜਵਾਨ ਚੰਗੇ ਭਵਿੱਖ ਦੀ ਭਾਲ ਦੇ ਲਈ ਪਰਵਾਸ ਦਾ ਰੁਖ਼ ਕਰਦੇ ਹਨ। ਕਈਆਂ ਨੂੰ ਇਹ ਪਰਵਾਸ ਰਾਸ ਵੀ ਆਉਂਦਾ ਹੈ ਤੇ ਕਈਆਂ ਨੂੰ ਇਹ ਕਾਲੇ ਖੂਹ ਵਾਂਗ ਸਾਬਿਤ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜੋ ਕਿ ਤਿੰਨ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਵਿੱਚੋਂ ਇਕ ਨੌਜਵਾਨ ਇਟਲੀ ਤੇ ਦੋ ਨੌਜਵਾਨ ਅਮਰੀਕਾ ਦੇ ਸੁਪਨੇ ਲੈਕੇ ਆਪਣੇ ਘਰੋਂ ਤੇ ਨਿਕਲੇ ਸੀ ਪਰ ਫਰਜ਼ੀ ਏਜੰਟਾਂ ਦੇ ਹੱਥੇ ਚੜ੍ਹ ਗਏ।


COMMERCIAL BREAK
SCROLL TO CONTINUE READING

ਉਹਨਾਂ ਨੇ ਆਪਣੀ ਜਾਨ ਨੂੰ ਵੀ ਖਤਰੇ ਵਿਚ ਪਾ ਵਿਦੇਸ਼ੀ ਚੁੰਗਲ ਦੇ ਵਿੱਚ ਬੁਰੀ ਤਰ੍ਹਾਂ ਨਾਲ ਫਸ ਚੁੱਕੇ ਸੀ ਜਿਸ ਤੋਂ ਬਾਅਦ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਇਹਨਾਂ ਨੌਜਵਾਨਾਂ ਨੂੰ ਵਤਨ ਵਾਪਸੀ ਕਰਵਾ ਦਿੱਤੀ ਗਈ ਹੈ। ਇਸ ਦੌਰਾਨ ਨੌਜਵਾਨਾਂ ਵਲੋਂ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਹ ਲੱਖਾਂ ਰੁਪਏ ਖਰਚ ਕਰਕੇ ਇਸ ਆਸ ਉੱਪਰ ਵਿਦੇਸ਼ ਜਾਣਾ ਚਾਹੁੰਦੇ ਸਨ ਕਿ ਉਹਨਾਂ ਦਾ ਭਵਿੱਖ ਵੀ ਸੁਨਹਿਰੀ ਬਣ ਜਾਵੇਗਾ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਭਵਿੱਖ ਨੂੰ ਸੁਨਹਿਰੀ ਬਣਾਉਣ ਦੀ ਉਮੀਦ ਵਿਚ ਉਹ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਲੈਣਗੇ।


ਇਹ ਵੀ ਪੜ੍ਹੋ: ਸਾਵਧਾਨ! ਅੱਧੀ ਰਾਤ ਨੂੰ ਸੀਵਰੇਜ ਦੇ ਢੱਕਣ ਚੋਰੀ ਕਰਦੀਆਂ ਮਹਿਲਾਵਾਂ ਦਾ ਹੋਇਆ ਪਰਦਾਫਾਸ਼, ਵੇਖੋ ਵੀਡੀਓ 

ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਤੁਰਕੀ ਦੇ ਇਕ ਕੈਂਪ ਦੇ ਵਿਚ ਕਈ ਦਿਨ ਤੱਕ ਭੁੱਖੇ ਪਿਆਸੇ ਰੱਖਿਆ ਗਿਆ ਅਤੇ ਹੋਰ ਕਈ ਤਰ੍ਹਾਂ ਦੇ ਤਸ਼ੱਦਦ ਉਨ੍ਹਾਂ ਨੂੰ ਆਪਣੇ ਸਰੀਰ ਦੇ ਉੱਤੇ ਝੱਲਣੇ ਪਏ। ਨੌਜਵਾਨਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਉਨ੍ਹਾਂ ਨੂੰ ਘਰ ਵਾਪਸੀ ਦੀ ਖੁਸ਼ੀ ਹੈ ਅਤੇ ਦੂਜੇ ਪਾਸੇ ਇਸ ਗੱਲ ਦੀ ਨਮੋਸ਼ੀ ਵੀ ਹੈ ਕਿ ਉਹ ਆਪਣੇ ਸੁਪਨੇ ਨੂੰ ਪੂਰਾ ਨਹੀਂ ਕਰ ਸਕੇ।


ਇਸ ਦੌਰਾਨ ਸੰਤ ਸੀਚੇਵਾਲ ਵੱਲੋਂ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਦੀ ਚਿੰਤਾ ਕਰਦੇ ਹੋਏ ਕਿਹਾ ਗਿਆ ਕਿ ਅਕਸਰ ਨੌਜਵਾਨ ਫ਼ਰਜੀ ਏਜੰਟਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਗੇ ਜਾ ਕੇ ਉਨ੍ਹਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਪੰਜਾਬ ਅਤੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਅਜਿਹੇ ਫਰਜ਼ੀ ਏਜੰਟਾਂ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਚੰਗੇ ਭਵਿੱਖ ਲਈ ਵਿਦੇਸ਼ ਜ਼ਰੂਰ ਜਾਣ ਪਰ ਉਨ੍ਹਾਂ ਦਾ ਤਰੀਕਾ ਸਹੀ ਹੋਣਾ ਚਾਹੀਦਾ ਹੈ।


(ਕਪੂਰਥਲਾ ਤੋਂ ਚੰਦਰ ਮੜੀਆ ਦੀ ਰਿਪੋਰਟ)