Amritsar News: ਟ੍ਰੈਫਿਕ ਪੁਲਿਸ ਹੁਣ ਹੋਈ ਹਾਈ ਟੈਕ, ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ
Amritsar News: ਅੰਮ੍ਰਿਤਸਰ ਟਰੈਫਿਕ ਪੁਲਿਸ ਦੀਆਂ 7 ਗੱਡੀਆਂ ਦੇ `ਤੇੇ ਇਹ ਹਾਈ ਡੈਫੀਨੇਸ਼ਨ ਸੀਸੀਟੀਵੀ ਕੈਮਰੇ ਲਗਾਏ ਗਏ ਹਨ।
Amritsar News(ਭਰਤ ਸ਼ਰਮਾ): ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੀ ਹੁਣ ਤੀਸਰੀ ਨਜ਼ਰ ਸ਼ਹਿਰ ਵਾਸੀਆਂ ਵੱਲੋਂ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ 'ਤੇ ਨਿਗਰਾਨੀ ਰੱਖੇਗੀ। ਪੰਜਾਬ ਡੀਜੀਪੀ ਗੌਰਵ ਯਾਦਵ ਦੇ ਆਦੇਸ਼ਾਂ ਤੋਂ ਬਾਅਦ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ 7 ਗੱਡੀਆਂ 'ਤੇ ਹਾਈ ਡੈਫੀਨੇਸ਼ਨ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਹ ਸੀਸੀਟੀਵੀ ਕੈਮਰੇ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਅਤੇ ਅੰਮ੍ਰਿਤਸਰ ਵਾਸੀਆਂ 'ਤੇ ਨਜ਼ਰ ਰੱਖਣਗੇ। ਕਿਉਂਕਿ ਨਾਕੇ 'ਤੇ ਅਕਸਰ ਹੀ ਆਮ ਲੋਕ ਟਰੈਫਿਕ ਪੁਲਿਸ 'ਤੇ ਆਰੋਪ ਲਗਾਉਂਦੇ ਸਨ ਕਿ ਉਨ੍ਹਾਂ ਨੇ ਕੋਈ ਟ੍ਰੈਫਿਕ ਉਲੰਘਣਾ ਨਹੀਂ ਕੀਤੀ ਹੈ। ਹੁਣ ਸਭ ਕੁਝ ਸੀਸੀਟੀਵੀ ਕੈਮਰਾ ਰਿਕਾਰਡ ਕਰੇਗਾ, ਜਿਸ ਦਾ ਕੰਟਰੋਲ ਰੂਮ ਅੰਮ੍ਰਿਤਸਰ ਦੇ ਕਮਿਸ਼ਨਰ ਆਫਿਸ ਵਿੱਚ ਬਣਾਇਆ ਗਿਆ ਹੈ।
ਅੰਮ੍ਰਿਤਸਰ ਟਰੈਫਿਕ ਪੁਲਿਸ ਦੇ ਇੰਚਾਰਜ ਪਰਮਜੀਤ ਸਿੰਘ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਟਰੈਫਿਕ ਪੁਲਿਸ ਪੰਜਾਬ ਦੀ ਪਹਿਲੀ ਟਰੈਫਿਕ ਪੁਲਿਸ ਹੈ ਜਿਸ ਦੀ ਗੱਡੀਆਂ ਤੇ ਹਾਈ ਡੈਫੀਨੇਸ਼ਨ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਨਾਂ ਨੇ ਕਿਹਾ ਕਿ ਜਦੋਂ ਉਹਨਾਂ ਵੱਲੋਂ ਨਾਕਾ ਲਗਾਇਆ ਜਾਂਦਾ ਹੈ ਤਾਂ ਅਕਸਰ ਹੀ ਅੰਮ੍ਰਿਤਸਰ ਵਾਸੀ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ। ਜਿਸ ਕਰਕੇ ਅਕਸਰ ਹੀ ਉਹਨਾਂ ਦੀ ਬਹਿਸ ਹੁੰਦੀ ਹੈ, ਪਰ ਹੁਣ ਸਭ ਕੁਝ ਸੀਸੀਟੀਵੀ ਕੈਮਰਾ ਰਿਕਾਰਡ ਕਰੇਗਾ। ਜਿਸ ਦਾ ਉਹਨਾਂ ਨੂੰ ਕਾਫੀ ਫਾਇਦਾ ਮਿਲੇਗਾ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਟਰੈਫਿਕ ਪੁਲਿਸ ਦੇ ਕੋਲ ਸੱਤ ਗੱਡੀਆਂ ਨੇ ਅਤੇ 7 ਗੱਡੀਆਂ ਦੇ ਵਿੱਚ ਹਾਈ ਡੈਫੀਨੇਸ਼ਨ ਸੀਸੀਟੀਵੀ ਕੈਮਰੇ ਲਗਾਏ ਗਏ ਹਨ।
ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਮੰਗਲ ਸਿੰਘ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਵੀ ਉਨਾਂ ਦੇ ਵੱਲੋਂ ਨਾਕਾ ਲਗਾਇਆ ਜਾਂਦਾ ਹੈ। ਆਮ ਲੋਕ ਉਹਨਾਂ 'ਤੇ ਝੂਠੇ ਅਰੋਪ ਲਗਾਉਂਦੇ ਹਨ ਅਤੇ ਕਈ ਵਾਰ ਰਿਸ਼ਵਤ ਦੇ ਵੀ ਝੂਠੇ ਆਰੋਪ ਲਗਾਉਂਦੇ ਹਨ। ਹੁਣ ਸਭ ਕੁਝ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਵੇਗਾ, ਉਹਨਾਂ ਨੇ ਕਿਹਾ ਕਿ ਜਿੱਥੇ ਇਹ cctv ਕੈਮਰੇ ਆਮ ਲੋਕਾਂ 'ਤੇ ਵੀ ਨਿਗਰਾਨੀ ਰੱਖਣਗੇ ਉਥੇ ਹੀ ਸਾਡੇ ਟਰੈਫਿਕ ਪੁਲਿਸ ਦੇ ਕਰਮਚਾਰੀਆਂ 'ਤੇ ਵੀ ਨਿਗਰਾਨੀ ਰੱਖਣਗੇ। ਉੱਥੇ ਹੀ ਉਨ੍ਹਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਟਰੈਫਿਕ ਨਿਯਮਾਂ ਦੀ ਪਾਲਨਾ ਕਰੋ, ਅਤੇ ਟਰੈਫਿਕ ਪੁਲਿਸ ਦੇ ਨਾਲ ਸਹਿਯੋਗ ਕਰੋ।