Bathinda Nest For Birds: ਬਠਿੰਡਾ ਜ਼ਿਲ੍ਹੇ ਦੇ ਮੁਲਤਾਨੀਆ ਰੋਡ ਉੱਪਰ ਪੁੱਲ ਢਾਹ ਕੇ ਬਣਾਏ ਜਾ ਰਹੇ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਪੰਛੀਆਂ ਦੇ ਆਲ੍ਹਣੇ ਬਰਬਾਦ ਹੋ ਗਏ ਸਨ। ਅਕਸਰ ਹੀ ਪੰਛੀ ਆਪਣੇ ਆਲ੍ਹਣਿਆਂ ਦੀ ਤਲਾਸ਼ ਵਿੱਚ ਇਧਰ ਉਧਰ ਭਟਕਦੇ ਦੇਖੇ ਜਾਂਦੇ ਸੀ। ਇਨ੍ਹਾਂ ਭਟਕਦੇ ਹੋਏ ਪੰਛੀਆਂ ਦੇ ਦਰਦ ਨੂੰ ਵੇਖਦੇ ਹੋਏ ਇੱਕ ਕਾਰੋਬਾਰੀ ਦੀਪ ਇੰਦਰ ਸਿੰਘ ਵੱਲੋਂ ਆਪਣੀ ਫੈਕਟਰੀ ਦੇ ਬਾਹਰ ਇੱਕ 60 ਫੁੱਟ ਉੱਚਾ ਟਾਵਰ ਬਣਾਇਆ ਗਿਆ ਜਿਸ ਵਿੱਚ ਕਰੀਬ 700 ਤੋਂ ਉੱਪਰ ਆਲ੍ਹਣ ਬਣਾਏ ਗਏ ਹਨ।


COMMERCIAL BREAK
SCROLL TO CONTINUE READING

ਨੌਜਵਾਨ ਕਾਰੋਬਾਰੀ ਦੀਪ ਇੰਦਰ ਸਿੰਘ ਜ਼ੀ ਮੀਡੀਆ ਦੇ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਭਾਵੇਂ ਅੱਜ ਵਿਕਾਸ ਸਮੇਂ ਦੀ ਮੁੱਖ ਲੋੜ ਹੈ, ਪਰ ਧੜਾਧੜ ਵਿਕਾਸ ਦੇ ਨਾਮ ਉੱਤੇ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਨੇ ਪਸ਼ੂ-ਪੰਛੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਕਸਰ ਹੀ ਉਹ ਮੁਲਤਾਨੀਆ ਪੁਲ ਤੋਂ ਗੁਜ਼ਰਦੇ ਸਨ, ਤਾਂ ਮੁਲਤਾਨੀਆ ਪੁਲ ਉੱਤੇ ਹਜ਼ਾਰਾਂ ਹੀ ਹਜ਼ਾਰਾਂ ਪੰਛੀਆਂ ਦੇ ਆਲ੍ਹਣੇ ਕਈ ਸਾਲਾਂ ਤੋਂ ਬਣੇ ਹੋਏ ਸੀ, ਪਰ ਪਿਛਲੇ ਦਿਨੀਂ ਮੁਲਤਾਨੀਆ ਪੁੱਲ ਦੀ ਮੁੜ ਉਸਾਰੀ ਦੇ ਕਾਰਨ ਉਸ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਜਿਸ ਕਾਰਨ ਹਜ਼ਾਰਾਂ ਪੰਛੀ ਬੇਘਰ ਹੋ ਗਏ। ਅਕਸਰ ਹੀ ਆਪਣੇ ਆਲ੍ਹਣਿਆਂ ਦੀ ਤਲਾਸ਼ ਵਿੱਚ ਪੰਛੀ ਇਧਰ ਉਧਰ ਭਟਕਦੇ ਰਹਿੰਦੇ ਸੀ।


ਦੀਪ ਇੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪੰਛੀਆਂ ਦੇ ਦਰਦ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਆਪਣੀ ਇੰਡਸਟਰੀ ਦੇ ਬਾਹਰ ਇੱਕ 60 ਫੁੱਟ ਉੱਚਾ ਟਾਵਰ ਬਣਵਾਉਣ ਬਾਰੇ ਸੋਚਿਆ ਗਿਆ ਅਤੇ ਉਸ ਨੂੰ ਨੇਪਰੇ ਚਾੜ੍ਹਿਆ। ਇਸ ਵਿੱਚ 700 ਤੋਂ ਉੱਪਰ ਆਲ੍ਹਣੇ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਅਕਸਰ ਹੀ ਰਾਜਸਥਾਨ ਵਿੱਚ ਆਪਣੇ ਕਾਰੋਬਾਰ ਸਬੰਧੀ ਜਾਂਦੇ ਰਹਿੰਦੇ ਹਨ ਅਤੇ ਉੱਥੇ ਦੇ ਲੋਕਾਂ ਵੱਲੋਂ ਵਾਤਾਵਰਨ ਅਤੇ ਪੰਛੀਆਂ ਦੀ ਦੇਖਭਾਲ ਲਈ ਅਜਿਹੇ ਟਾਵਰਾਂ ਦੀ ਉਸਾਰੀ ਕੀਤੀ ਗਈ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਵੱਲੋਂ ਰਾਜਸਥਾਨ ਤੋਂ ਕਾਰੀਗਰ ਬੁਲਾਏ ਗਏ ਅਤੇ ਇਹ 60 ਫੁੱਟ ਉੱਚਾ ਟਾਵਰ ਤਿਆਰ ਕਰਵਾਇਆ ਗਿਆ।


ਇਹ ਟਾਵਰ ਦੀਪ ਇੰਦਰ ਸਿੰਘ ਵੱਲੋਂ ਆਪਣੀਆਂ ਦੋ ਬੇਟੀਆਂ ਨੂੰ ਸਮਰਪਿਤ ਕੀਤਾ ਗਿਆ, ਤਾਂ ਜੋ ਉਹ ਆਪਣੀ ਵਿਰਾਸਤ ਦੀ ਦੇਖਭਾਲ ਕਰ ਸਕਣ। ਉਨ੍ਹਾਂ ਕਿਹਾ ਕਿ ਸ਼ੁਰੂ-ਸ਼ੁਰੂ ਵਿੱਚ ਉਨ੍ਹਾਂ ਦੇ ਇਸ ਕਾਰਜ ਦੀ ਨੁਕਤਾ ਚੀਨੀ ਜ਼ਰੂਰ ਹੋਈ, ਪਰ ਹੁਣ ਜਦੋਂ ਇਹ ਟਾਵਰ ਬਣ ਕੇ ਤਿਆਰ ਹੋ ਚੁੱਕਿਆ ਹੈ ਅਤੇ ਵੱਡੀ ਗਿਣਤੀ ਵਿੱਚ ਪੰਛੀ ਆਪਣੇ ਆਲ੍ਹਣੇ ਇਸ ਟਾਵਰ ਵਿੱਚ ਬਣਾ ਰਹੇ ਹਨ, ਤਾਂ ਲੋਕਾਂ ਵੱਲੋਂ ਉਨ੍ਹਾਂ ਦੇ ਕਾਰਜ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਦੇ ਉੱਪਰ ਹਰ ਜੀਵ ਜੰਤੂ ਦਾ ਉੰਨਾਂ ਹੀ ਹੱਕ ਹੈ, ਜਿੰਨਾ ਮਨੁੱਖ ਦਾ ਹੈ। ਦੀਪ ਇੰਦਰ ਨੇ ਕਿਹਾ ਕਿ ਮਨੁੱਖ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਦੇ ਰਹਿਣ ਬਸੇਰੇ ਨੂੰ ਬਰਬਾਦ ਕਰੇ। ਇਸ ਲਈ ਸਾਨੂੰ ਪਸ਼ੂ ਪੰਛੀਆਂ ਵੱਲ ਵੀ ਉੰਨਾਂ ਹੀ ਧਿਆਨ ਦੇਣਾ ਚਾਹੀਦਾ ਹੈ, ਜਿੰਨਾ ਮਨੁੱਖ ਆਪਣੇ ਬੱਚਿਆਂ ਵੱਲ ਧਿਆਨ ਦਿੰਦਾ ਹੈ, ਤਾਂ ਹੀ ਵਾਤਾਵਰਨ ਅਤੇ ਕੁਦਰਤ ਨੂੰ ਬਚਾਇਆ ਜਾ ਸਕਦਾ ਹੈ।