Delhi Jantar Mantar:ਦਿੱਲੀ ਧਰਨੇ `ਚ ਪੁੱਜੇ ਸੀਐਮ ਮਾਨ, ਬੋਲੇ- ਬੀਜੇਪੀ ਤੋਂ ਚੰਡੀਗੜ੍ਹ ਹਾਰ ਬਰਦਾਸ਼ਤ ਨਹੀਂ ਹੋ ਰਹੀ
Delhi Jantar Mantar: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਜੰਤਰ-ਮੰਤਰ ਪਹੁੰਚੇ।
Delhi Jantar Mantar: ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਬੀਤੇ ਦਿਨ ਤੋਂ ਦਿੱਲੀ ਦੇ ਜੰਤਰ-ਮੰਤਰ 'ਤੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿੱਚ ਸਰਕਾਰ ਦੇ ਕਈ ਮੰਤਰੀ ਅਤੇ ਵਿਧਾਇਕ ਮੌਜੂਦ ਸਨ। ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਧਰਨੇ ਨੂੰ ਆਪਣਾ ਸਮਰਥਨ ਦੇਣ ਲਈ ਪਹੁੰਚੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਬੋਲਦਿਆਂ ਕੇਂਦਰ ਸਰਕਾਰ 'ਤੇ ਜੰਮ ਕੇ ਵਰ੍ਹੇ ਅਤੇ ਕਈ ਮੁੱਦਿਆਂ ਨੂੰ ਲੈਕੇ ਘੇਰਿਆ। ਉਨ੍ਹਾਂ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਮੁੱਦਾ ਵੀ ਚੁੱਕਿਆ। ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਬੀਜੇਪੀ ਨੇ 34 ਵੋਟਾਂ ਲਈ ਧਾਂਦਲੀ ਕੀਤੀ ਹੈ, ਮਈ ਵਿੱਚ ਆਮ ਚੋਣਾਂ ਹੋਣੀਆਂ ਹਨ। ਉਦੋਂ 90 ਕਰੋੜ ਵੋਟਾਂ ਗਿਣਨ ਵੇਲੇ ਕੀ ਕਰਨਗੇ...ਅਸੀਂ ਸੋਚ ਕੇ ਹੈਰਾਨ ਹਾਂ..
ਚੰਡੀਗੜ੍ਹ ਵਿੱਚ ਜਦੋਂ ਮੇਅਰ ਦੀ ਚੋਣ ਹੋਈ ਤਾਂ ਭਾਜਪਾ ਦੇ 16 ਕੌਂਸਲਰਾਂ ਨੇ ਸਹੀ ਵੋਟਾਂ ਪਾਈਆਂ। ਜਦੋਂ ਕਿ INDIA ਦੇ 8 ਕੌਂਸਲਰਾਂ ਦੀਆਂ ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਦਲੀਲ ਦਿੱਤੀ ਗਈ ਕਿ ਕੌਸਲਰ ਨੇ ਵੋਟ ਗਲਤ ਪਾਈ ਹੈ, ਜਦਕਿ ਉਹ ਹਰ ਸਾਲ ਵੋਟ ਪਾਰ ਰਹੇ ਹਨ। ਚੋਣਾਂ ਦੇ ਫੈਸਲੇ ਖਿਲਾਫ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ।
ਜਦੋਂ ਸੁਪਰੀਮ ਕੋਰਟ ਨੇ ਵੀਡੀਓ ਦੇਖੀ ਤਾਂ ਪਤਾ ਲੱਗਾ ਕਿ ਪ੍ਰੀਜ਼ਾਈਡਿੰਗ ਅਫਸਰ ਨੇ ਕਿਵੇਂ ਵੋਟਾਂ ਨੂੰ ਰੱਦ ਕਰ ਦਿੱਤਾ। ਹੁਣ ਸਭ ਨੂੰ ਪਤਾ ਲੱਗ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਿਰਫ਼ 36 ਵੋਟਾਂ ਦੀ ਗਿਣਤੀ ਵਿੱਚ 25 ਫ਼ੀਸਦੀ ਘੁਟਾਲਾ ਕੀਤਾ ਹੈ। ਜੇਕਰ ਹੁਣ ਮਈ-ਜੂਨ ਵਿੱਚ 90 ਕਰੋੜ ਵੋਟਾਂ ਦੀ ਗਿਣਤੀ ਹੋ ਜਾਵੇ ਤਾਂ ਉਹ ਕੀ ਕਰਨਗੇ? ਉਨ੍ਹਾਂ ਕਿਹਾ ਕਿ ਛੋਟੇ ਜਿਹੇ ਚੰਡੀਗੜ੍ਹ ਸ਼ਹਿਰ ਵਿੱਚ ਬੀਜੇਪੀ ਆਪਣੀ ਹਾਰ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ।
ਸੀਐਮ ਮਾਨ ਨੇ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ 9 ਮਹੀਨੇ ਤੱਕ ਚੱਲਿਆ। 700 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਨੇ ਧਰਨੇ ਵੇਲੇ ਕੁਝ ਨਹੀਂ ਬੋਲੇ, ਇੱਕ ਦਿਨ ਉਹ ਅਚਾਨਕ ਸਾਹਮਣੇ ਆਏ ਅਤੇ ਕਿਹਾ ਕਿ ਉਹ ਕਾਨੂੰਨ ਵਾਪਸ ਲੈ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ 'ਚ ਬੀਜੇਪੀ ਖੁਦ ਸੱਤਾ 'ਚ ਨਹੀਂ ਹੁੰਦੀ, ਉਥੇ ਰਾਜਪਾਲ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹਨ। ਰਾਜਪਾਲ ਵੱਲੋਂ ਸਰਕਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।