Khadur Sahib Lok Sabha Seat: ਗੁਰੂ ਅੰਗਦ ਦੇਵ ਜੀ ਦੀ ਕਰਮ ਭੂਮੀ ਵਜੋਂ ਮਸ਼ਹੂਰ ਅੱਠ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਨਗਰ ਖਡੂਰ ਸਾਹਿਬ ਸਿੱਖ ਇਤਿਹਾਸ ਵਿੱਚ ਵਿਲੱਖਣ ਸਥਾਨ ਰੱਖਦਾ ਹੈ। ਇੱਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ (ਗੂਰੂ ਅੰਗਦ ਦੇਵ ਜੀ) ਨੂੰ ਗੁਰਗੱਦੀ ਬਖਸ਼ੀ। ਇੱਥੇ ਹੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ 12 ਸਾਲ ਗੁਰੂ ਅੰਗਦ ਦੇਵ ਜੀ ਦੀ ਅਣਥੱਕ ਸੇਵਾ ਕੀਤੀ ਸੀ।


COMMERCIAL BREAK
SCROLL TO CONTINUE READING

ਗੁਰੂ ਅੰਗਦ ਦੇਵ ਜੀ ਦਾ ਵਿਆਹ ਖਡੂਰ ਸਾਹਿਬ ਤੋਂ ਪੰਜ ਮੀਲ ਦੂਰ ਪੈਂਦੇ ਪਿੰਡ ਸੰਘਰ ਦੇ ਵਾਸੀ ਸ੍ਰੀ ਦੇਵੀ ਚੰਦ ਦੀ ਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ। ਇੱਥੇ ਗੂਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਨਗਰ ਵਸਾਉਣ ਦਾ ਹੁਕਮ ਦਿੱਤਾ ਸੀ। ਬਾਕੀ ਗੁਰੂ ਸਾਹਿਬਾਨ ਵੀ ਵੱਖ-ਵੱਖ ਸਮੇਂ ਇਸ ਇਤਿਹਾਸਕ ਨਗਰ ਵਿੱਚ ਆਉਂਦੇ ਰਹੇ।


ਪੰਜਾਬ ਦੇ ਸਾਰੇ ਲੋਕ ਸਭਾ ਹਲਕੇ ਆਪਣੇ ਆਪ ਵਿੱਚ ਮਹੱਤਵਪੂਰਨ ਥਾਂ ਰੱਖੇ ਹਨ ਚਾਹੇ ਉਹ ਸਿਆਸੀ ਹੋਣ ਜਾ ਫਿਰ ਇਤਿਹਾਸਕ। ਪਰ ਖਡੂਰ ਸਾਹਿਬ ਲੋਕ ਸਭਾ ਸਿੱਖ ਇਤਿਹਾਸ ਵਿੱਚ ਇੱਕ ਵੱਖਰੀ ਥਾਂ ਰੱਖਣਦਾ ਹੈ। ਜਿਸ ਕਰਕੇ ਇਸ ਸੀਟ ਨੂੰ ਸਿਆਸੀ ਗਲਿਆਰਿਆ ਵਿੱਚ ਪੰਥਕ ਸੀਟ ਵਜੋ ਜਾਣਿਆ ਜਾਂਦਾ ਹੈ।


ਖਡੂਰ ਸਾਹਿਬ ਦਾ ਚੋਣ ਇਤਿਹਾਸ


ਖਡੂਰ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਖਡੂਰ ਸਾਹਿਬ ਹਲਕਾ ਸਾਲ 2009 'ਚ ਹੋਂਦ ਵਿੱਚ ਆਇਆ ਸੀ। ਇਸ ਤੋਂ ਪਹਿਲਾਂ ਤਰਨ ਤਾਰਨ ਲੋਕ ਸਭਾ ਹਲਕਾ ਹੁੰਦਾ ਸੀ। ਜਿਸ ਨੂੰ ਸਾਲ 2009 ਤੋਂ ਖਡੂਰ ਸਾਹਿਬ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਖਡੂਰ ਸਾਹਿਬ ਹਲਕਾ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤੱਕ ਇਸ ਸੀਟ 'ਤੇ ਤਿੰਨ ਵਾਰ ਚੋਣ ਹੋ ਚੁੱਕੀ ਹੈ, ਜਿਸ 'ਤੇ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਇੱਕ ਵਾਰ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ।


ਤਰਨ ਤਾਰਨ ਲੋਕ ਸਭਾ ਹਲਕਾ ਸਾਲ 1951 ਨੂੰ ਹੋਦ ਵਿੱਚ ਆਇਆ ਸੀ। ਜਿਸ ਨੂੰ ਸਾਲ 2004 ਦੀਆਂ ਚੋਣਾਂ ਤੋਂ ਬਾਅਦ ਭੰਗ ਕਰ ਦਿੱਤਾ ਸੀ। 1951 ਤੋਂ ਲੈ ਕੇ 2004 ਤੱਕ 14 ਵਾਰ (ਜਿਮਨੀ ਚੋਣ) ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ 7 ਵਾਰ, ਕਾਂਗਰਸ ਨੇ 6 ਵਾਰ ਅਤੇ ਇੱਕ ਵਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ।


                         ਤਰਨ ਤਾਰਨ ਲੋਕ ਸਭਾ ਦੇ ਨਤੀਜੇ


  ਨੰ.   ਸਾਲ    ਜੇਤੂ ਸਾਂਸਦ ਮੈਂਬਰ   ਪਾਰਟੀ
  1.   1951   ਸੁਰਜੀਤ ਸਿੰਘ ਮਜੀਠੀਆ   ਕਾਂਗਰਸ
  2.   1957   ਸੁਰਜੀਤ ਸਿੰਘ ਮਜੀਠੀਆ   ਕਾਂਗਰਸ
  3.   1962   ਸੁਰਜੀਤ ਸਿੰਘ ਮਜੀਠੀਆ   ਕਾਂਗਰਸ
  4.   1967   ਗੁਰਦਿਆਲ ਸਿੰਘ ਢਿੱਲੋਂ   ਕਾਂਗਰਸ
  5.   1971   ਗੁਰਦਿਆਲ ਸਿੰਘ ਢਿੱਲੋਂ   ਸ਼੍ਰੋਮਣੀ ਅਕਾਲੀ ਦਲ
  6.   1977   ਮੋਹਨ ਸਿੰਘ ਤੁਰ   ਸ਼੍ਰੋਮਣੀ ਅਕਾਲੀ ਦਲ
  7.   1980   ਲਹਿਣਾ ਸਿੰਘ   ਸ਼੍ਰੋਮਣੀ ਅਕਾਲੀ ਦਲ
  8.   1985   ਤਰਲੋਚਨ ਸਿੰਘ ਤੁਰ   ਸ਼੍ਰੋਮਣੀ ਅਕਾਲੀ ਦਲ
  9.   1989   ਸਿਮਰਨਜੀਤ ਸਿੰਘ ਮਾਨ   ਸ਼੍ਰੋਮਣੀ ਅਕਾਲੀ ਦਲ (ਅ)
 10.   1992   ਸੁਰਿੰਦਰ ਸਿੰਘ ਕੈਰੋਂ   ਕਾਂਗਰਸ
 12.   1996   ਮੇਜਰ ਸਿੰਘ ਉਬੋਕੇ   ਸ਼੍ਰੋਮਣੀ ਅਕਾਲੀ ਦਲ
 13.   1998   ਪ੍ਰੇਮ ਸਿੰਘ ਲਾਲਪੁਰਾ   ਸ਼੍ਰੋਮਣੀ ਅਕਾਲੀ ਦਲ
 14.   1999   ਤਰਲੋਚਨ ਸਿੰਘ ਤੁਰ   ਸ਼੍ਰੋਮਣੀ ਅਕਾਲੀ ਦਲ
 15.   2004   ਡਾ. ਰਤਨ ਸਿੰਘ ਅਜਨਾਲਾ   ਸ਼੍ਰੋਮਣੀ ਅਕਾਲੀ ਦਲ

                             ਖਡੂਰ ਸਾਹਿਬ ਲੋਕ ਸਭਾ ਦੇ ਨਤੀਜੇ


  ਨੰ.    ਸਾਲ   ਜੇਤੂ ਸਾਂਸਦ ਮੈਂਬਰ   ਪਾਰਟੀ
  1.   2009   ਰਤਨ ਸਿੰਘ ਅਜਨਾਲਾ   ਸ਼੍ਰੋਮਣੀ ਅਕਾਲੀ ਦਲ
  2.   2014   ਰਣਜੀਤ ਸਿੰਘ ਬ੍ਰਹਮਪੁਰਾ  ਸ਼੍ਰੋਮਣੀ ਅਕਾਲੀ ਦਲ
  3.   2019   ਜਸਬੀਰ ਸਿੰਘ ਡਿੰਪਾ  ਕਾਂਗਰਸ

 


ਖਡੂਰ ਸਾਹਿਬ ਦੇ ਮੌਜੂਦਾ ਸਿਆਸੀ ਹਾਲਾਤ


ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ( ਜੰਡਿਆਲਾ ਗੁਰੂ, ਤਰਨ ਤਾਰਨ, ਖੇਮਕਰਨ, ਪੱਟੀ, ਸ਼੍ਰੀ ਖਡੂਰ ਸਾਹਿਬ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ, ਜ਼ੀਰਾ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ 7 ਸੀਟ 'ਤੇ ਜਿੱਤ ਹਾਸਲ ਕੀਤੀ। ਜਦਕਿ ਕਾਂਗਰਸ ਪਾਰਟੀ ਇੱਕ ਸੀਟ ਜਿੱਤ ਵਿੱਚ ਕਾਮਯਾਬ ਰਹੀ ਤਾਂ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ।


ਪਿਛਲੇ ਲੋਕ ਸਭਾ ਨਤੀਜੇ


2009, 2014 ਅਤੇ 2019 ਵਿੱਚ ਇਸ ਸੀਟ 'ਤੇ ਹੋਈਆਂ ਆਮ ਚੋਣਾਂ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਰਿਹਾ ਸੀ। 2009 ਅਤੇ 2014 ਵਿੱਚ ਇਹ ਸੀਟ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਸੀ। 2009 ਵਿੱਚ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਤਨ ਸਿੰਘ ਅਜਨਾਲਾ ਚੁਣੇ ਗਏ ਸਨ, ਜਦੋਂ ਕਿ ਪੰਜ ਸਾਲ ਬਾਅਦ 2014 ਵਿੱਚ ਹੋਈਆਂ ਆਮ ਚੋਣਾਂ ਵਿੱਚ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਹਿੱਸੇ ਗਈ ਸੀ। ਬ੍ਰਹਮਪੁਰਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਸਬੀਰ ਸਿੰਘ ਗਿੱਲ 2019 ਵਿੱਚ ਇਸ ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ।


ਜੇਕਰ 2019 ਦੀਆਂ ਆਮ ਚੋਣਾਂ 'ਤੇ ਨਜ਼ਰ ਮਾਰੀਏ ਤਾਂ ਇਸ ਸੀਟ 'ਤੇ ਮੁੱਖ ਮੁਕਾਬਲਾ ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਏਕਤਾ ਪਾਰਟੀ ਵਿਚਾਲੇ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦੇ ਜਸਬੀਰ ਸਿੰਘ ਗਿੱਲ 44 ਫੀਸਦੀ (4 ਲੱਖ 59 ਹਜ਼ਾਰ 710) ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਕਰੀਬ 31 ਫੀਸਦੀ ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੀ। ਤੀਜੇ ਨੰਬਰ 'ਤੇ ਪੰਜਾਬ ਏਕਤਾ ਪਾਰਟੀ ਦੀ ਬੀਬੀ ਪਰਮਜੀਤ ਕੌਰ ਖਾਲੜਾ ਰਹੀ, ਜਿਨ੍ਹਾਂ ਨੂੰ ਕੁੱਲ ਵੋਟਾਂ ਦਾ ਲਗਭਗ 21 ਫੀਸਦੀ ਵੋਟਾਂ ਮਿਲੀਆਂ।


ਚੋਣ ਮੈਦਾਨ 'ਚ ਨਿੱਤਰੇ ਉਮੀਦਵਾਰ


ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਮੌਜੂਦਾ ਕੈਬਨਿਟ ਮੰਤਰੀ 'ਤੇ ਦਾਅ ਖੇਡਦੇ ਹੋਏ ਲਾਲਜੀਤ ਸਿੰਘ ਭੁੱਲਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।


ਬੀਜੇਪੀ ਨੇ ਇਸ ਸੀਟ ਤੋਂ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੀ ਹੈ, ਜਿਸ ਨੇ ਮਨਜੀਤ ਸਿੰਘ ਮੰਨਾ ਨੂੰ ਟਿਕਟ ਦਿੱਤੀ ਹੈ।


ਕਾਂਗਰਸ ਪਾਰਟੀ ਨੇ ਆਪਣੇ ਮੌਜੂਦਾ ਸੰਸਦ ਮੈਬਰ ਦੀ ਟਿਕਟ ਕੱਟ ਕੇ ਨੌਜਵਾਨ ਆਗੂ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।


ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਪੰਥਕੇ ਹਲਕੇ ਤੋਂ ਟਿਕਟ ਦਿੱਤੀ।


ਅਸਾਮ ਦੀ ਡਿਬਰੂਗੜ੍ਹ ਜ਼ੇਲ ਵਿਚ ਨਜ਼ਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਐਲਾਨ ਕੀਤਾ ਕਿ ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਜਾਦ ਉਮੀਦਵਾਰ ਵਜੋ ਲੋਕ ਸਭਾ ਚੋਣ ਲੜੇਗਾ।



ਖਡੂਰ ਸਾਹਿਬ ਦੇ ਮੌਜੂਦਾ ਵੋਟਰ


ਖਡੂਰ ਸਾਹਿਬ ਸੀਟ ਲਈ ਕੁਲ ਪੋਲਿੰਗ ਸਟੇਸ਼ਨ 1974 ਹਨ ਤੇ ਵੋਟਰਾਂ ਦੀ ਕੁਲ ਗਿਣਤੀ 16 ਲੱਖ 64 ਹਜ਼ਾਰ 199 ਹੈ। ਜਿਨ੍ਹਾਂ ’ਚੋਂ 8 ਲੱਖ 74 ਹਜ਼ਾਰ 470 ਮਰਦ ਵੋਟਰ, 7 ਲੱਖ 89 ਹਜ਼ਾਰ 662 ਮਹਿਲਾ ਵੋਟਰ ਅਤੇ 67 ਟਰਾਂਸਜੈਂਡਰ ਵੋਟਰ ਹਨ।