ਜਿਊਂਦੇ ਜੀਅ ਪਤੀ ਨੂੰ ਨਾ ਮਿਲ ਸਕੀ ਪ੍ਰੀਤ- ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਦਾ ਸੜਕ ਹਾਦਸੇ ਵਿਚ ਦੇਹਾਂਤ
ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਨੇ ਆਪਣੇ ਸੁਹਾਗ ਨੂੰ ਵਾਪਸ ਲਿਆਉਣ ਲਈ ਲੰਬੀ ਲੜਾਈ ਲੜੀ। ਪਰ ਜਿਊਂਦੇ ਜੀਅ ਸਰਬਜੀਤ ਵਾਪਸ ਨਾ ਆ ਸਕਿਆ।ਅੱਜ ਉਸਦੀ ਪ੍ਰੀਤ ਵੀ ਜਹਾਨੋਂ ਰੁਖਸਤ ਹੋ ਗਈ।
ਚੰਡੀਗੜ: ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਮਰੇ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਧਮਪਤਨੀ ਸੁਖਪ੍ਰੀਤ ਕੌਰ ਦੀ ਵੀ ਇਕ ਸੜਕੀ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਸੁਖਪ੍ਰੀਤ ਕੌਰ ਆਪਣੇ ਗੁਆਂਢੀ ਨਾਲ ਮੋਟਰਸਾਈਕਲ 'ਤੇ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਉਹ ਚੱਕਰ ਖਾ ਕੇ ਮੋਟਰ ਸਾਈਕਲ ਤੋਂ ਡਿੱਗ ਪਈ ਅਤੇ ਜ਼ਖਮੀ ਹੋ ਗਈ ਜਿਸਦੇ ਚੱਲਦੇ ਉਸਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਥੇ ਉਸਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਸੁਖਪ੍ਰੀਤ ਕੌਰ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਚੌਕ ਕੋਲ ਪਹੁੰਚੀ ਤਾਂ ਬਾਈਕ ਦੇ ਪਿੱਛੇ ਤੋਂ ਡਿੱਗ ਗਈ। ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ। ਹਾਦਸੇ ਵਿਚ ਉਸ ਦੇ ਸਿਰ ਅਤੇ ਛਾਤੀ ਦੇ ਪਿਛਲੇ ਪਾਸੇ ਗੰਭੀਰ ਸੱਟਾਂ ਲੱਗੀਆਂ ਹਨ।
ਇਸਤੋਂ ਪਹਿਲਾਂ ਸਰਬਜੀਤ ਕੌਰ ਦੀ ਭੈਣ ਦਾ ਹੋਇਆ ਸੀ ਦੇਹਾਂਤ
ਹਾਲ ਹੀ ਦੇ ਵਿਚ ਜੂਨ ਮਹੀਨੇ ਸਰਬਜੀਤ ਦੀ ਭੈਣ ਦਲਬੀਰ ਕੌਰ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋਇਆ ਸੀ।ਇਹਨਾਂ ਦੋਵਾਂ ਔਰਤਾਂ ਦਾ ਸਰਬਜੀਤ ਦੀ ਜ਼ਿੰਦਗੀ ਵਿਚ ਅਹਿਮ ਯੋਗਦਾਨ ਰਿਹਾ ਹੈ ਜਿਹਨਾਂ ਨੇ ਸਰਬਜੀਤ ਦੀ ਰਿਹਾਈ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਅਤੇ ਉਸਦੀ ਆਵਾਜ਼ ਅੰਤਰਾਸ਼ਟਰੀ ਪੱਧਰ ਤੱਕ ਪਹੁੰਚਾਈ। ਸਰਬਜੀਤ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ 1991 ਵਿਚ ਅੱਤਵਾਦ ਅਤੇ ਜਾਸੂਸੀ ਦੇ ਦੋਸ਼ਾਂ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ 2008 'ਚ ਸਰਕਾਰ ਨੇ ਸਰਬਜੀਤ ਦੀ ਫਾਂਸੀ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਅਪਰੈਲ 2013 ਵਿਚ ਲਾਹੌਰ ਵਿੱਚ ਕੈਦੀਆਂ ਦੇ ਹਮਲੇ ਵਿੱਚ ਸਰਬਜੀਤ ਦੀ ਮੌਤ ਹੋ ਗਈ ਸੀ। ਦਲਬੀਰ ਕੌਰ ਅਤੇ ਸੁਖਪ੍ਰੀਤ ਕੌਰ ਨੇ ਸਰਬਜੀਤ ਸਿੰਘ ਨੂੰ ਪਾਕਿਸਤਾਨ ਤੋਂ ਭਾਰਤ ਲਿਆਉਣ ਲਈ ਬਹੁਤ ਸੰਘਰਸ਼ ਕੀਤਾ ਸੀ ਪਰ ਫਿਰ ਵੀ ਸਰਬਜੀਤ ਜਿੰਦਾ ਆਪਣੇ ਮੁਲਕ ਨਾ ਪਰਤ ਸਕਿਆ।
WATCH LIVE TV