Amritsar News(ਪਰਮਬੀਰ ਔਲਖ): ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਕਈ ਸਵਾਲ ਚੁੱਕੇ ਹਨ।


COMMERCIAL BREAK
SCROLL TO CONTINUE READING

ਪੰਥ ਨੂੰ ਮਜ਼ਬੂਤ ਕਰਨ ਦੀ ਲੋੜ


ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਅਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਲਈ ਦਰਬਾਰ ਸਾਹਿਬ ਨਤਮਸਤਕ ਹੋਏ ਹਾਂ। ਅਸੀਂ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਨ ਜਾ ਰਹੇ ਹਾਂ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਨ ਆਏ ਹਾਂ ਕਿ ਸਾਨੂੰ ਤਾਕਤ ਬਖਸ਼ੇ ਅਸੀਂ ਪੰਥ ਅਤੇ ਪੰਜਾਬ ਦਾ ਭਲਾ ਕਰ ਸਕੀਏ।ਅਜੋਕੇ ਸਮੇਂ ਦੀ ਮੰਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ​​ਕੀਤਾ ਜਾਵੇ, ਜਿਸ ਨਾਲ ‘ਪੰਥ’ ਮਜ਼ਬੂਤ ​​ਹੋਵੇਗਾ। ਸੁਖਬੀਰ ਸਿੰਘ ਬਾਦਲ ਮੇਰੇ ਪੁੱਤਰ ਵਾਂਗ ਹਨ।


ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ


ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਿਲਕੁਲ ਹੀ ਜ਼ੀਰੋ ਹੈ, ਦਿੱਲੀ ਤੋ ਬੰਦੇ ਲਿਆ ਕੇ ਪੰਜਾਬ ਦੇ ਵਿੱਚ ਬਿਠਾ ਦਿੱਤੇ ਹਨ। ਪੰਜਾਬ ਦੇ ਵਿੱਚ ਕੋਈ ਵੀ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ, ਸੜਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ, ਕਾਰੋਬਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਹਨ। ਆਮ ਲੋਕ ਸੇਫ ਨਹੀਂ ਹਨ, ਕੋਈ ਵੀ ਕਿਸੇ ਦਾ ਕਤਲ ਕਰ ਰਿਹਾ ਹੈ।


ਗਠਜੋੜ 'ਤੇ ਜਲਦ ਹੋਵੇਗਾ ਫੈਸਲਾ


ਇਸ ਦੌਰਾਨ ਉਨ੍ਹਾਂ ਕਿਹਾ ਕਿ ਭਲਕੇ ਦੀ ਮੀਟਿੰਗ ਤੋਂ ਬਾਅਦ ਅਕਾਲੀ-ਭਾਜਪਾ ਸਮਝੌਤੇ ਦਾ ਮਾਮਲਾ ਸਪੱਸ਼ਟ ਹੋ ਜਾਵੇਗਾ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਪੰਥ ਦੀ ਜਿੱਤ ਲਈ ਅਕਾਲੀ ਦਲ ਦਾ ਸਾਥ ਦਿੱਤਾ ਜਾਵੇ।


ਅਕਾਲੀ ਦਲ ਕੀਤੀ ਮੁੜ ਵਾਪਸੀ


ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਫਰਵਰੀ 2020 ਵਿੱਚ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦਾ ਗਠਨ ਕੀਤਾ ਸੀ। ਜਿਸ ਨੂੰ 5 ਮਾਰਚ, 2024 ਨੂੰ ਅਕਾਲੀ ਦਲ ਵਿੱਚ ਮਿਲਾ ਦਿੱਤਾ ਗਿਆ ਸੀ। ਪਿਛਲੇ ਸਾਲ ਦਸੰਬਰ ਵਿੱਚ ਮੁੜ ਏਕੀਕਰਨ ਲਈ ਗੱਲਬਾਤ ਸ਼ੁਰੂ ਹੋਈ ਸੀ ਜਦੋਂ ਬਾਦਲ ਨੇ 2015 ਵਿੱਚ ਅਕਾਲੀ ਰਾਜ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਮੁਆਫੀ ਮੰਗੀ ਸੀ। ਉਨ੍ਹਾਂ ਨੇ ਨਾਰਾਜ਼ ਅਕਾਲੀ ਆਗੂਆਂ ਨੂੰ ਆਪਸੀ ਮੱਤਭੇਦ ਭੁਲਾ ਕੇ ਇੱਕ ਝੰਡੇ ਹੇਠ ਆਉਣ ਦੀ ਅਪੀਲ ਕੀਤੀ ਸੀ।