ਆਜ਼ਾਦੀ ਦੇ 75ਵੇਂ ਦਿਹਾੜੇ ਮੌਕੇ ਪੰਜਾਬ ਸਰਕਾਰ ਦੁਆਰਾ ਸੂਬੇ ਭਰ ’ਚ 75 ਮੁਹੱਲਾ ਕਲੀਨਿਕ ਖੁੱਲ੍ਹਣ ਜਾ ਰਹੇ ਹਨ। ਮੁਹੱਲਾ ਕਲੀਨਿਕਾਂ ਤੋਂ ਇਲਾਵਾ ਇਨ੍ਹਾਂ 5 ਸਾਲਾਂ ਦੌਰਾਨ 16 ਮੈਡੀਕਲ ਕਾਲਜ ਖੋਲ੍ਹੇ ਜਾਣਗੇ।
Trending Photos
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅੱਜ ਮੋਹਾਲੀ ਦੇ ਫੇਜ਼ 5 ਪਹੁੰਚੇ, ਜਿੱਥੇ ਉਨ੍ਹਾਂ ਸੂਬੇ ਭਰ ’ਚ ਨਵੇਂ ਖੁੱਲ੍ਹਣ ਜਾ ਰਹੇ ਮੁਹੱਲਾ ਕਲੀਨਿਕ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੋੜਮਾਜਰਾ ਵੀ ਮੌਜੂਦ ਰਹੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਹੱਲਾ ਕਲੀਨਿਕਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਨਿਗਰਾਨੀ ਰੱਖੀ ਜਾ ਰਹੀ ਹੈ ਤਾਂਕਿ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਆਪ ਆਦਮੀ ਪਾਰਟੀ ਦਾ ਇਹ ਡਰੀਮ ਪ੍ਰੋਜੈਕਟ ਹੈ, ਜੋ ਦਿੱਲੀ ਦੇ ਤਰਜ਼ ’ਤੇ ਖੋਲ੍ਹੇ ਜਾਣਗੇ। ਜ਼ਿਕਰਯੋਗ ਹੈ ਕਿ ਆਉਣ ਵਾਲੀ 15 ਅਗਸਤ ਨੂੰ ਆਜ਼ਾਦੀ ਦੇ 75ਵੇਂ ਦਿਹਾੜੇ ਮੌਕੇ ਸੂਬੇ ’ਚ 75 ਮੁਹੱਲਾ ਕਲੀਨਿਕ ਖੁੱਲ੍ਹਣ ਜਾ ਰਹੇ ਹਨ।
ਮੁਹੱਲਾ ਕਲੀਨਿਕਾਂ ’ਚ 100 ਤੋਂ ਜ਼ਿਆਦਾ ਟੈਸਟਾਂ ਦੀ ਹੋਵੇਗੀ ਸੁਵਿਧਾ - ਮੁੱਖ ਮੰਤਰੀ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪਿੰਡਾਂ ਅਤੇ ਸ਼ਹਿਰਾਂ ’ਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਮੁਹੱਲਾ ਕਲੀਨਿਕਾਂ ’ਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ 100 ਤੋਂ ਜ਼ਿਆਦਾ ਪ੍ਰਕਾਰ ਦੇ ਟੈਸਟ ਕੀਤੇ ਜਾਣਗੇ। ਇਨ੍ਹਾਂ ਕਲੀਨਿਕਾਂ ’ਚ 1 ਐਮ. ਬੀ. ਬੀ. ਐੱਸ ਡਾਕਟਰ, 1 ਫ਼ਾਰਮਾਸਿਸਟ, 1 ਨਰਸ ਤੋਂ ਇਲਾਵਾ ਸਵੀਪਰ ਸਣੇ 4 ਤੋਂ 5 ਲੋਕ ਮੌਜੂਦ ਰਹਿਣਗੇ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਜਾਂ ਪੀਜੀਆਈ ਜਾਣ ਦੀ ਜ਼ਰੂਰਤ ਨਹੀਂ ਪਵੇਗੀ।
ਬੀਮਾਰੀ ਗੰਭੀਰ ਨਹੀਂ ਹੁੰਦੀ, ਫੇਰ ਵੀ ਪੀ. ਜੀ. ਆਈ ਰੈਫ਼ਰ ਕਰ ਦਿੱਤਾ ਜਾਂਦਾ ਹੈ- ਮੁੱਖ ਮੰਤਰੀ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਈ ਵਾਰ ਲੋਕਾਂ ਨੂੰ ਜ਼ਿਆਦਾ ਗੰਭੀਰ ਬੀਮਾਰੀ ਨਹੀਂ ਹੁੰਦੀ ਫੇਰ ਵੀ ਉਨ੍ਹਾਂ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਜਾਂਦਾ ਹੈ। ਪਰ ਮੁਹੱਲਾ ਕਲੀਨਿਕਾਂ ਦੇ ਖੁੱਲ੍ਹ ਜਾਣ ਤੋਂ ਬਾਅਦ ਹੁਣ ਲੋਕਾਂ ਨੂੰ ਘਰ ਦੇ ਨੇੜੇ ਹੀ ਸਿਹਤ ਸੁਵਿਧਾਵਾਂ ਮਿਲ ਸਕਣਗੀਆਂ। ਮੁਹੱਲਾ ਕਲੀਨਿਕਾਂ ’ਚ 15 ਮਰੀਜ਼ਾਂ ਦੇ ਬੈਠਣ ਦੀ ਸੁਵਿਧਾ ਹੋਵੇਗੀ, ਉਸ ਤੋਂ ਬਾਅਦ ਆਉਣ ਵਾਲੇ ਮਰੀਜ਼ਾਂ ਨੂੰ ਟੋਕਨ ਲੈਣਾ ਹੋਵੇਗਾ। ਇਸ ਤੋਂ ਇਲਾਵਾ ਫ਼ੋਨ ਕਰਕੇ ਵੀ ਮਰੀਜ਼ ਆਪਣਾ ਨੰਬਰ ਲਗਵਾ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ। ਜਿਸਦੇ ਚੱਲਦਿਆ ਪਹਿਲੇ ਗੇੜ ’ਚ 75 ਕਲੀਨਿਕ ਖੋਲ੍ਹੇ ਜਾਣਗੇ, ਇਸ ਤੋਂ ਬਾਅਦ ਸੂਬੇ ਭਰ ’ਚ 117 ਕਲੀਨਿਕ ਖੋਲ੍ਹੇ ਜਾਣਗੇ। ਮੁਹੱਲਾ ਕਲੀਨਿਕਾਂ ਤੋਂ ਇਲਾਵਾ ਇਨ੍ਹਾਂ 5 ਸਾਲਾਂ ਦੌਰਾਨ 16 ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਵਿਸਵਾਸ਼ ’ਤੇ ਖ਼ਰਾ ਉੱਤਰੇਗੀ।