ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਜੇ ਤੱਕ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਨਹੀਂ ਪੁੱਜੇ। ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੇ ਨਾਮਜ਼ਦਗੀ ਵੀ ਇਕੱਲੇ ਹੀ ਭਰੀ ਸੀ। ਪ੍ਰਨੀਤ ਕੌਰ ਦੇ ਚੋਣ ਪ੍ਰਚਾਰ ਵਿੱਚ ਵੀ ਦਿਖਾਈ ਨਹੀਂ ਦਿੱਤੇ। ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਾਰਟੀ ਬਣਾ ਲਈ ਸੀ। ਇਸ ਤੋਂ ਬਾਅਦ ਭਾਜਪਾ ਵਿੱਚ ਰਲੇਵਾਂ ਕਰ ਲਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਤਬੀਅਤ ਖ਼ਰਾਬ ਹੋਣ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ।
ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਦੇਸ ਵਿੱਚ ਕਾਂਗਰਸ ਦੇ ਸਟਾਰ ਪ੍ਰਚਾਰਕ ਰਹੇ ਹਨ। ਉਹ ਤਿੰਨ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ। 2016 ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਇਸ ਵਾਰ ਕਾਂਗਰਸ ਵਿੱਚ ਕਾਟੋ-ਕਲੇਸ਼ ਤੋਂ ਬਾਅਦ ਉਨ੍ਹਾਂ ਨੇ ਕ੍ਰਿਕਟ ਦੀ ਕੁਮੈਂਟਰੀ ਨੂੰ ਤਰਜੀਹ ਦਿੱਤੀ ਅਤੇ ਲੋਕ ਸਭਾ ਚੋਣਾਂ ਲਈ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਤੋਂ ਖੁਦ ਨੂੰ ਲਾਂਭੇ ਕਰ ਲਿਆ ਹੈ।
ਪੰਜਾਬ ਦੇ ਵਿੱਤ ਮੰਤਰੀ ਰਹਿ ਚੁੱਕੇ ਮਨਪ੍ਰੀਤ ਸਿੰਘ ਬਾਦਲ ਵੀ ਚੋਣ ਪ੍ਰਚਾਰ ਤੋਂ ਗਾਇਬ ਨਜ਼ਰ ਆਏ ਹਨ। ਅਕਾਲੀ ਦਲ ਤੋਂ ਬਾਅਦ ਕਾਂਗਰਸ ਵਿੱਚ ਦਾਖ਼ਲ ਹੋ ਕੇ ਹੁਣ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਾਂਤ ਹੋ ਗਏ ਹਨ। ਮਨਪ੍ਰੀਤ ਬਾਦਲ ਦੀ ਹਾਲ ਵਿੱਚ ਹੀ ਸਰਜਰੀ ਹੋਈ ਸੀ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਕਹਿਣਾ ਹੈ ਕਿ ਉਹ ਉਭਰ ਰਹੇ ਹਨ। ਉਨ੍ਹਾਂ ਦੇ ਆਪਣੇ ਸਮਰਥਕ ਅਤੇ ਮੌਜੂਦਾ ਕੌਂਸਲਰ ਵੀ ਮੈਦਾਨ ਵਿੱਚ ਸਰਗਰਮ ਨਜ਼ਰ ਨਹੀਂ ਆ ਰਹੇ।
ਪੰਜਾਬ ਦੇ ਘਾਗ ਨੇਤਾਵਾਂ ਵਿਚੋਂ ਸ਼ੁਮਾਰ ਸੁਖਦੇਵ ਸਿੰਘ ਢੀਂਡਸਾ ਵੀ ਚੋਣ ਪ੍ਰਚਾਰ ਤੋਂ ਦੂਰੀ ਅਪਣਾਏ ਹੋਏ ਹਨ। ਬਾਦਲ, ਕੈਪਟਨ ਦੀ ਤਰ੍ਹਾਂ ਢੀਂਡਸਾ ਨੂੰ ਵੀ ਸਿਆਸਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਢੀਂਡਸਾ ਨੇ ਆਪਣੀ ਅਲੱਗ ਤੋਂ ਪਾਰਟੀ ਬਣਾ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਾਰਟੀ ਦਾ ਅਕਾਲੀ ਦਲ ਵਿੱਚ ਰਲੇਵਾਂ ਕਰ ਲਿਆ ਸੀ। ਸੁਖਦੇਵ ਸਿੰਘ ਢੀਂਡਸਾ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਮਿਲਣ ਕਾਰਨ ਉਹ ਲੋਕ ਸਭਾ ਚੋਣਾਂ ਦੇ ਪ੍ਰਚਾਰ ਤੋਂ ਗਾਇਬ ਹਨ।
ਇਸ ਵਾਰ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਸਿਆਸੀ ਸਰਗਰਮੀ ਵੀ ਘੱਟ ਹੀ ਨਜ਼ਰ ਆਈ ਹੈ। ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਿਚੋਂ ਇੱਕ ਹਨ। ਮਲੂਕਾ ਪਰਿਵਾਰ ਬਾਦਲ ਪਰਿਵਾਰ ਦੇ ਕਾਫੀ ਨਜ਼ਦੀਕੀ ਮੰਨਿਆ ਜਾਂਦਾ ਹੈ। ਸੱਤਾ ਖੁੱਸਣ ਦੇ ਬਾਵਜੂਦ ਮਲੂਕਾ ਨੇ ਪਾਰਟੀ ਦਾ ਸਾਥ ਨਹੀਂ ਛੱਡਿਆ। ਇਸ ਦਰਮਿਆਨ ਸਿਕੰਦਰ ਸਿੰਘ ਮਲੂਕਾ ਦਾ ਪੁੱਤਰ ਤੇ ਨੂੰਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਚੋਣ ਪ੍ਰਚਾਰ ਤੋਂ ਦੂਰੀ ਅਪਣਾਏ ਹੋਏ ਹਨ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਚੋਣ ਪ੍ਰਚਾਰ ਤੇ ਸਿਆਸੀ ਸਰਗਰਮੀਆਂ ਵਿੱਚ ਨਜ਼ਰ ਨਹੀਂ ਆ ਰਹੇ। ਪਿਛਲੇ ਦਿਨੀਆਂ ਉਨ੍ਹਾਂ ਨੇ ਪਾਰਟੀ ਹਾਈ ਕਮਾਂਡ ਨੂੰ ਚਿੱਠੀ ਲਿਖੀ ਸੀ। ਦੂਲੋ ਨੇ ਸੀਨੀਅਰ ਆਗੂ ਸੋਨੀਆ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖ ਕੇ ਪੰਜਾਬ ਦੇ ਉਮੀਦਵਾਰਾਂ ਉਤੇ ਸਵਾਲ ਖੜ੍ਹੇ ਕੀਤੇ ਸਨ। ਇਸ ਮਗਰੋਂ ਉਸ ਕਾਂਗਰਸ ਦੀਆਂ ਸਿਆਸੀ ਸਰਗਰਮੀਆਂ ਵਿੱਚ ਦਿਖਾਈ ਨਹੀਂ ਦਿੱਤੇ।
ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਲਈ ਪੰਜਾਬ ਵਿੱਚ ਕਨਵੀਨਰ ਦੀ ਭੂਮਿਕਾ ਨਿਭਾਈ ਸੀ। 'ਆਪ' ਤੋਂ ਅਲੱਗ ਹੋ ਕੇ ਉਨ੍ਹਾਂ ਨੇ ਆਪਣਾ ਪੰਜਾਬ ਪਾਰਟੀ ਬਣਾਈ। ਛੋਟੇਪੁਰ 2021 ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਅਕਾਲੀ ਦਲ ਦੇ ਮੀਤ ਪ੍ਰਧਾਨ ਸੁੱਚਾ ਸਿੰਘ ਬਟਾਲਾ ਤੋਂ 2022 ਦੀ ਚੋਣ ਲੜੇ ਸਨ ਤੇ ਹਾਰ ਗਏ ਸਨ। ਉਦੋਂ ਤੋਂ ਉਹ ਪੰਜਾਬ ਵਿੱਚ ਸਿਆਸੀ ਸਰਗਰਮੀਆਂ ਤੋਂ ਗਾਇਬ ਹੋ ਗਏ।
ट्रेन्डिंग फोटोज़