Surjit Patar Famous Poetry: ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ... ਜਾਣੋ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦੀਆਂ ਕਵਿਤਾਵਾਂ
Advertisement
Article Detail0/zeephh/zeephh2243298

Surjit Patar Famous Poetry: ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ... ਜਾਣੋ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦੀਆਂ ਕਵਿਤਾਵਾਂ

Surjit Patar Death: ਪੰਜਾਬ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ  (Surjit Patar Death) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 79 ਸਾਲ ਦੀ ਉਮਰ ‘ਚ ਦੁਨੀਆਂ ਅਲਵਿਦਾ ਕਿਹਾ ਹੈ। 

 

Surjit Patar Famous Poetry: ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ...  ਜਾਣੋ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦੀਆਂ ਕਵਿਤਾਵਾਂ

Surjit Patar Famous poems : ਪੰਜਾਬ ਦੇ ਪ੍ਰਸਿੱਧ ਕਵੀ ਤੇ ​​ਸਾਹਿਤਕਾਰ ਸੁਰਜੀਤ ਪਾਤਰ  ਦੇ ਦੇਹਾਂਤ ਦੀ ਖ਼ਬਰ ਨਾਲ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ਼ੁੱਕਰਵਾਰ ਤੱਕ ਉਹਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਸੀ। ਉਥੇ ਹੀ ਸ਼ਨੀਵਾਰ ਸਵੇਰੇ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ। ਉਹ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਹੇ ਸੀ।  

ਜੀਵਨ ਭਰ ਸਾਹਿਤ ਨੂੰ ਸਮਰਪਿਤ ਰਹਿਣ ਵਾਲੇ ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1945  ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿੱਚ ਹੋਇਆ। ਪਦਮਸ੍ਰੀ ਸਾਹਿਤਕਾਰ ਸੁਰਜੀਤ ਪਾਤਰ ਨੇ ਚੌਥੀ ਜਮਾਤ ਤੱਕ ਪਿੰਡ ਦੇ ਸਕੂਲ ਵਿੱਚ ਪੜ੍ਹਿਆ। ਇਸ ਤੋਂ ਬਾਅਦ ਹਾਈ ਸਕੂਲ ਤੱਕ ਦੀ ਪੜ੍ਹਾਈ ਕਿਸੇ ਹੋਰ ਪਿੰਡ ਖਹਿਰਾ ਮਾਝਾ ਤੋਂ ਕੀਤੀ। GNDU ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਉਹ ਪੰਜਾਬ ਦਾ ਪ੍ਰਸਿੱਧ ਕਵੀ ਅਤੇ ਸਾਹਿਤਕਾਰ ਬਣ ਗਿਆ।
 
ਇਹ ਵੀ ਪੜ੍ਹੋ
: Surjit Patar Death: ਨਹੀਂ ਰਹੇ ਪੰਜਾਬੀ ਦੇ ਉੱਘੇ ਕਵੀ ਸੁਰਜੀਤ ਪਾਤਰ,  ਸਿਆਸੀ ਪਾਰਟੀਆਂ ਨੇ ਪ੍ਰਗਟਾਇਆ ਦੁੱਖ
 

ਉਨ੍ਹਾਂ ਦੀਆ ਕੁਝ ਪ੍ਰਸਿੱਧ ਕਵਿਤਾਵਾਂ  (Surjit Patar Famous poems )

1. ਮੇਰੀ ਕਥਾ ਨਾ ਕਿਤੇ ਪੌਣ ਵਿਚ ਬਿਖਰ ਜਾਵੇ
 ਮੇਰੀ ਕਥਾ ਨਾ ਕਿਤੇ ਪੌਣ ਵਿਚ ਬਿਖਰ ਜਾਵੇ
ਮੇਰੀ ਕਥਾ ਨਾ ਕਿਤੇ ਪੌਣ ਵਿਚ ਬਿਖਰ ਜਾਵੇ
ਮੇਰੀ ਤਮੰਨਾ ਹੈ ਇਹ ਰਾਤੋ ਰਾਤ ਮਰ ਜਾਵੇ

ਸਫ਼ਾ ਹੀ ਜਿਸਦੇ ਸੁਖ਼ਨ ਦੀ ਤਪਿਸ਼ ਤੋਂ ਡਰ ਜਾਵੇ
ਤਾਂ ਓਸ ਸੁਲਗਦੇ ਸ਼ਾਇਰ ਦੀ ਅੱਗ ਕਿਧਰ ਜਾਵੇ

ਨਾ ਸਾਂਭੇ ਯਾਰ ਦਾ ਦਾਮਨ ਨਾ ਸ਼ਾਇਰੀ ਦੀ ਸਤਰ
ਰਲੇ ਨਾ ਖ਼ਾਕ ਵਿਚ ਉਹ ਹੰਝੂ ਤਾਂ ਕਿਧਰ ਜਾਵੇ

ਜੇ ਤੇਰੇ ਕੋਲ ਇਦ੍ਹੀ ਰਾਤ ਦੀ ਸਵੇਰ ਨਹੀਂ
ਤਾਂ ਇਸ ਨੂੰ ਆਖ ਦੇ ਇਹ ਲੋਏ ਲੋਏ ਘਰ ਜਾਵੇ

 

2. ਉਨ੍ਹਾਂ 'ਤੇ ਰਹਿਮ ਕਰੋਗੇ ਤਾਂ ਕਰਨਗੇ ਉਹ ਵੀ

ਉਨ੍ਹਾਂ 'ਤੇ ਰਹਿਮ ਕਰੋਗੇ ਤਾਂ ਕਰਨਗੇ ਉਹ ਵੀ
ਨਹੀਂ ਤਾਂ ਤੜਪ ਕੇ ਵਿਹੁ ਨਾਲ ਭਰਨਗੇ ਉਹ ਵੀ

ਨਿਆਂ ਕਰੋਗੇ ਉਨ੍ਹਾਂ ਨਾਲ ਤਾਂ ਭਲਾ ਹੋਊ
ਨਹੀਂ ਤਾਂ ਕਹਿਰ ਦੇ ਕਾਨੂੰਨ ਘੜਨਗੇ ਉਹ ਵੀ

ਜਿਨ੍ਹਾਂ ਦਾ ਜਿਉਣ ਹੈ ਮੌਤੋਂ ਬੁਰਾ, ਉਨ੍ਹਾਂ ਹੱਥੋਂ
ਜਿਨ੍ਹਾਂ ਨੂੰ ਜ਼ਿੰਦਗੀ ਪਿਆਰੀ ਹੈ ਮਰਨਗੇ ਉਹ ਵੀ

ਮੈਂ ਪੱਤੇ ਤੇ ਲਿੱਖਿਆ ਇਕ ਵਾਕ ਖੁਦ ਪੜ੍ਹਿਆ,
ਦਿਓ ਤਿਹਾਇਆਂ ਨੂੰ ਜਲ ਝੋਲ ਭਰਨਗੇ ਉਹ ਵੀ

3. ਕੀ ਮਜ਼ਾਲ ਜੋ ਸੱਚ ਦਾ ਪਿੰਡਾ

ਕੀ ਮਜ਼ਾਲ ਜੋ ਸੱਚ ਦਾ ਪਿੰਡਾ
ਕੱਜ ਸਕਣ ਬੇਗਾਨੀਆਂ ਲੀਰਾਂ
ਸਰਮਦ ਨੂੰ ਉਸ ਦੀ ਹੀ ਰੱਤ ਵਿਚ
ਢਕਿਆ ਸੀ ਨੰਗੀਆਂ ਸ਼ਮਸ਼ੀਰਾਂ

ਤ੍ਰੇੜੇ ਜਿਹੇ ਗਰੀਬ ਘਰਾਂ ਦਾ
ਕੀਤਾ ਇਹੋ ਇਲਾਜ ਅਮੀਰਾਂ
ਸ਼ਹਿਰ ਦੀਆਂ ਨੰਗੀਆਂ ਕੰਧਾਂ 'ਤੇ
ਲਾ ਦਿੱਤੀਆਂ ਨੰਗੀਆਂ ਤਸਵੀਰਾਂ

4. ਕਿਹੜਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਸੀ

ਕਿਹੜਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਸੀ
ਉੱਤਰ ਹਰੇਕ ਪ੍ਰਸ਼ਨ ਦਾ ਓਥੇ ਕਟਾਰ ਸੀ

ਹਥਿਆਰ ਬੋਲਦੇ ਸੀ ਤੇ ਸ਼ਾਇਰ ਖ਼ਾਮੋਸ਼ ਸਨ
ਰਹਿਬਰ ਭਟਕ ਗਏ ਤੇ ਮਸੀਹਾ ਬਿਮਾਰ ਸੀ

ਕਬਰਾਂ 'ਚ ਚਹਿਲ ਪਹਿਲ ਸੀ, ਗਲੀਆਂ ਸੀ ਸੁੰਨੀਆਂ
ਸਿਵਿਆਂ 'ਚ ਲੋ ਸੀ ਹੋਰ ਹਰ ਥਾਂ ਅੰਧਕਾਰ ਸੀ

ਤੇਰਾ ਤੇ ਮੇਰਾ ਸੁਹਣਿਆਂ ਏਨਾ ਹੀ ਪਿਆਰ ਸੀ
ਬਦਲੀ ਹਵਾ ਦੇ ਸਿਰਫ਼ ਇਕ ਝੋਂਕੇ ਦੀ ਮਾਰ ਸੀ

ਯਾਦਾਂ 'ਚ ਧੁੰਦਲੇ ਹੋਣਗੇ, ਫਿਰ ਮਿਟ ਵੀ ਜਾਣਗੇ
ਉਹ ਨਕਸ਼ ਮੇਰੇ ਜਿਹਨਾਂ ਤੇ ਇਕ ਦਿਨ ਨਿਖ਼ਾਰ ਸੀ

ਸਮਿਆਂ ਦੀ ਗਰਦ ਹੇਠ ਹੁਣ ਉਹ ਗਰਦ ਹੋ ਗਈ
ਉਹ ਯਾਦ ਜੋ ਕਿ ਕਾਲਜੇ ਇਕ ਦਿਨ ਕਟਾਰ ਸੀ

ਆਪਾਂ ਮਿਲੇ ਤਾਂ ਮੈਂ ਕਿਹਾ ਮੈਂ ਹੁਣ ਨਾ ਵਿਛੜਨਾ
ਉਂਜ ਵਿਛੜਿਆ ਤਾਂ ਜ਼ਿੰਦਗੀ ਵਿਚ ਵਾਰ ਵਾਰ ਸੀ

ਮਾਸੂਮ ਤੇਰੇ ਨੈਣ ਯਾਦ ਆਏ ਤਾਂ ਰੋ ਪਿਆ
ਜੀਵਨ ਦਾ ਸੱਚ ਸੁਹਣਿਆਂ ਕਿੰਨਾ ਅੱਯਾਰ ਸੀ

ਇਕ ਵੇਲ ਵਿਛੜੀ ਬਿਰਖ ਤੋਂ ਤਾਂ ਬਿਰਖ ਰੋ ਪਿਆ
ਅੰਦਰੋਂ ਜਿਵੇਂ ਕਿ ਬਿਰਖ ਵੀ ਇਕ ਵੇਲਹਾਰ ਸੀ

 
5. ਚੱਲ ਪਾਤਰ ਹੁਣ ਢੂੰਡਣ ਚੱਲੀਏ

ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਂਵਾਂ
ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾਂ

ਗੱਡੀ ਚੜ੍ਹਨ ਦੀ ਕਾਹਲ ਬੜੀ ਸੀ ਕੀ ਕੁਝ ਰਹਿ ਗਿਆ ਓਥੇ
ਪਲਾਂ ਛਿਣਾਂ ਵਿਚ ਛੱਡ ਆਏ ਸਾਂ ਜੁਗਾਂ ਜੁਗਾਂ ਦੀਆਂ ਥਾਂਵਾਂ

ਅੱਧੀ ਰਾਤ ਹੋਏਗੀ ਮੇਰੇ ਪਿੰਡ ਉਤੇ ਇਸ ਵੇਲੇ
ਜਾਗਦੀਆਂ ਹੋਵਣਗੀਆਂ ਸੁੱਤਿਆਂ ਪੁਤਰਾਂ ਲਾਗੇ ਮਾਂਵਾਂ

ਮਾਰੂਥਲ ' ਚੋਂ ਭੱਜ ਆਇਆ ਮੈਂ ਆਪਣੇ ਪੈਰ ਬਚਾ ਕੇ
ਪਰ ਓਥੇ ਰਹਿ ਗਈਆਂ ਜੋ ਸਨ ਮੇਰੀ ਖਾਤਰ ਰਾਹਵਾਂ

ਮੇਰੇ ਲਈ ਜੋ ਤੀਰ ਬਣੇ ਸਨ ਹੋਰ ਕਲੇਜੇ ਲੱਗੇ
ਕਿੰਝ ਸਾਹਿਬਾਂ ਨੂੰ ਆਪਣੀ ਆਖਾਂ ਕਿਉਂ ਮਿਰਜ਼ਾ ਸਦਵਾਵਾਂ

ਮੈਂ ਸਾਗਰ ਦੇ ਕੰਢੇ ਬੈਠਾਂ ਕੋਰੇ ਕਾਗਜ਼ ਲੈ ਕੇ
ਓਧਰ ਮਾਰੂਥਲ ਵਿਚ ਮੈਨੂੰ ਟੋਲਦੀਆਂ ਕਵਿਤਾਵਾਂ

ਖ਼ਾਬਾਂ ਵਿਚ ਇਕ ਬੂਹਾ ਦੇਖਾਂ ਬੰਦ ਤੇ ਉਸ ਦੇ ਅੱਗੇ
ਕਈ ਹਜ਼ਾਰ ਰੁਲਦੀਆਂ ਚਿੱਠੀਆਂ 'ਤੇ ਮੇਰਾ ਸਰਨਾਵਾਂ

ਖੰਭਾਂ ਵਰਗੀਆਂ ਚਿੱਠੀਆਂ ਉਹਨਾਂ ਵਾਂਗ ਭਟਕ ਕੇ ਮੋਈਆਂ
ਮਰ ਜਾਂਦੇ ਨੇ ਪੰਛੀ ਜਿਹੜੇ ਚੀਰਦੇ ਸਰਦ ਹਵਾਵਾਂ

ਜਾਂ ਤਾਂ ਤੂੰ ਵੀ ਧੁੱਪੇ ਆ ਜਾ ਛੱਡ ਕੇ ਸ਼ਾਹੀ ਛਤਰੀ
ਜਾਂ ਫਿਰ ਰਹਿਣ ਦੇ ਮੇਰੇ ਸਿਰ ਤੇ ਇਹ ਸ਼ਬਦਾਂ ਦੀਆਂ ਛਾਵਾਂ

ਚੱਲ ਛੱਡ ਹੁਣ ਕੀ ਵਾਪਸ ਜਾਣਾ, ਜਾਣ ਨੂੰ ਬਚਿਆ ਕੀ ਏ
ਤੇਰੇ ਪੈਰਾਂ ਨੂੰ ਤਰਸਦੀਆਂ ਮਰ ਮੁਕ ਗਈਆਂ ਰਾਹਵਾਂ

ਕੀ ਕਵੀਆਂ ਦਾ ਆਉਣਾ ਜਾਣਾ ਕੀ ਮਸਤੀ ਸੰਗ ਟੁਰਨਾ
ਠੁਮਕ ਠੁਮਕ ਜੇ ਨਾਲ ਨਾ ਚੱਲਣ ਸੱਜ-ਲਿਖੀਆਂ ਕਵਿਤਾਵਾਂ

6.  ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ

ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ
ਸਾਡੀ ਅੱਖ ਚੋਂ ਡਿਗਦਾ ਹੰਝੂ ਸਾਡਾ ਚੋਣ-ਨਿਸ਼ਾਨ

ਤਾਨਸੇਨ ਤੋਂ ਬਾਪ ਦਾ ਬਦਲਾ ਬੈਜੂ ਲੈਣ ਗਿਆ
ਤਾਨ ਸੁਣੀ ਤਾਂ ਕਿਰ ਗਈ ਹੱਥੋਂ ਹੰਝੂ ਕਿਰਪਾਨ

ਕਾਲੀ ਰਾਤ ਵਰਾਨੇ ਟਿੱਲੇ ਏਦਾਂ ਬਰਸੇ ਮੀਂਹ
ਜਿਉਂ ਕੋਈ ਅਧਖੜ ਔਤ ਜਨਾਨੀ ਨਾਹਵੇ ਵਿੱਚ ਸ਼ਮਸ਼ਾਨ

ਰਾਤ ਟਿਕੀ ਵਿੱਚ ਰੋਵੇ ਸ਼ਾਇਰ ਜਾਂ ਲੱਕੜ ਦਾ ਖੂਹ
ਦੋਹਾਂ ਉੱਤੇ ਹੱਸੀ ਜਾਵੇ ਅੱਜ ਦਾ ਜੱਗ ਜਹਾਨ

ਟਿੰਡਾਂ ਦੇ ਵਿੱਚ ਗੁਟਕੂੰ ਬੋਲੇ ਕਦੀ ਨਾ ਚੱਲੇ ਖੂਹ
ਟਿੰਡਾਂ ਵਿੱਚ ਮੇਰੇ ਬਚੜੇ ਸੁੱਤੇ ਬੱਚੜਿਆਂ ਵਿੱਚ ਜਾਨ

ਧੁਖਦੀ ਧਰਤੀ, ਤਪਦੇ ਪੈਂਡੇ, ਸੜਦੇ ਰੱਬ ਦੇ ਜੀਅ
ਸ਼ਾਇਦ ਓਹੀ ਰੱਬ ਹੈ ਜਿਹੜਾ ਚੁੱਪ ਲਿਸ਼ਕੇ ਅਸਮਾਨ

 7.  ਇੱਕ ਦਿਨ-ਮੈਂ ਇੱਕ ਦਿਨ ਫੇਰ ਆਉਣਾ ਹੈ

ਓ ਖੁਸ਼ਦਿਲ ਸੋਹਣੀਓਂ ਰੂਹੋ,
ਰੁਮਝੁਮ ਰੁਮਕਦੇ ਖੂਹੋ,
ਮੇਰੇ ਪਿੰਡ ਦੀਓ ਜੂਹੋ,
ਤੁਸੀਂ ਹਰਗਿਜ਼ ਨਾ ਕੁਮਲਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ

ਨੀ ਕਿੱਕਰੋ ਟਾਹਲੀਉ ਡੇਕੋ,
ਨੀ ਨਿੰਮੋ, ਸਾਫ਼ ਦਿਲ ਨੇਕੋ,
'ਤੇ ਪਿੱਪਲ਼ੋ, ਬਾਬਿਉ ਵੇਖੋ,
ਤੁਸੀਂ ਧੋਖਾ ਨਾ ਦੇ ਜਾਇਉ,
ਮੈਂ ਛਾਵੇਂ ਬਹਿਣ ਆਉਣਾ ਹੈ
ਮੈਂ ਇੱਕ ਦਿਨ ਫੇਰ ਆਉਣਾ ਹੈ

ਇਹਨਾਂ ਹਾੜ੍ਹਾਂ 'ਤੇ ਚੇਤਾਂ ਨੂੰ,
ਲੁਕੇ ਕੁਦਰਤ ਦੇ ਭੇਤਾਂ ਨੂੰ
ਇਹਨਾਂ ਰਮਣੀਕ ਖੇਤਾਂ ਨੂੰ
ਮੇਰਾ ਪ੍ਰਣਾਮ ਪਹੁੰਚਾਇਉ
ਮੈਂ ਇੱਕ ਦਿਨ ਫੇਰ ਆਉਣਾ ਹੈ

ਜੋ ਚੱਕ ਘੁੰਮੇ ਘੁਮਾਰਾਂ ਦਾ,
ਤਪੇ ਲੋਹਾ ਲੁਹਾਰਾਂ ਦਾ,
ਮੇਰਾ ਸੰਦੇਸ਼ ਪਿਆਰਾਂ ਦਾ,
ਉਹਨਾਂ ਤੀਕਰ ਵੀ ਪਹੁੰਚਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ

ਕਿਸੇ ਵੰਝਲੀ ਦਿਉ ਛੇਕੋ,
ਮੇਰੇ ਮਿਰਜ਼ੇ ਦੀਉ ਹੇਕੋ,
ਮੇਰੇ ਸੀਨੇ ਦਿਉ ਸੇਕੋ,
ਕਿਤੇ ਮੱਠੇ ਨਾ ਪੈ ਜਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ

ਇਹਨਾਂ ਦੋ-ਚਾਰ ਸਾਲਾਂ ਵਿੱਚ,
ਕਿ ਬੱਸ ਆਉਂਦੇ ਸਿਆਲ਼ਾਂ ਵਿੱਚ,
ਕਿ ਜਾਂ ਸ਼ਾਇਦ ਖਿਆਲਾਂ ਵਿੱਚ,
ਤੁਸੀਂ ਦਿਲ ਤੋਂ ਨਾ ਵਿਸਰਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ

ਸਮੁੰਦਰ ਭਾਫ ਬਣ ਉੱਡਦਾ,
ਬਰਫ਼ ਬਣ ਪਰਬਤੀਂ ਚੜ੍ਹਦਾ,
ਇਹ ਨਦੀਆਂ ਬਣ ਕੇ ਫਿਰ ਮੁੜਦਾ,
ਮੇਰਾ ਇਕਰਾਰ ਪਰਤਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ

8. ਕਿਸੇ ਦੇ ਜਿਸਮ ਵਿੱਚ ਕਿੰਨੇ ਕੁ ਡੂੰਘੇ ਲੱਥ ਜਾਓਗੇ

ਕਿਸੇ ਦੇ ਜਿਸਮ ਵਿੱਚ ਕਿੰਨੇ ਕੁ ਡੂੰਘੇ ਲੱਥ ਜਾਓਗੇ,
ਕਿ ਆਖ਼ਰ ਲਾਸ਼ ਵਾਂਗੂੰ ਸਤਹ ਉੱਤੇ ਤੈਰ ਆਓਗੇ

ਜੇ ਨੀਲੀ ਰਾਤ ਨੂੰ ਪਾਣੀ ਸਮਝ ਕੇ ਬਣ ਗਏ ਕਿਸ਼ਤੀ,
ਨਮੋਸ਼ੀ ਬਾਦਬਾਨਾਂ ਦੀ ਦਿਨੇ ਕਿੱਥੇ ਛੁਪਾਓਗੇ

ਕਦੀ ਝਾਂਜਰ, ਕਦੀ ਖ਼ੰਜਰ, ਕਦੀ ਹਾਸਾ, ਕਦੀ ਹਉਕਾ,
ਛਲਾਵੀ ਪੌਣ ਤੋਂ ਰਾਤੀਂ ਭੁਲੇਖੇ ਬਹੁਤ ਖਾਓਗੇ

ਜਦੋਂ ਥਮ ਜਾਇਗਾ ਠੱਕਾ, ਜਦੋਂ ਹਟ ਜਾਇਗੀ ਬਾਰਿਸ਼,
ਜਦੋਂ ਚੜ੍ਹ ਆਇਗਾ ਸੂਰਜ ਤੁਸੀਂ ਵੀਂ ਪਹੁੰਚ ਜਾਓਗੇ

ਮੈਂ ਰੇਤਾ ਹਾਂ ਮੈਂ ਆਪਣੀ ਆਖ਼ਰੀ ਤਹਿ ਤੀਕ ਰੇਤਾ ਹਾਂ,
ਮੇਰੇ 'ਚੋਂ ਨੀਰ ਲਭਦੇ ਖ਼ੁਦ ਤੁਸੀਂ ਰੇਤ ਹੋ ਜਾਓਗੇ

ਇਹ ਵੀ ਪੜ੍ਹੋ: Surjit Patar Death: ਕੌਣ ਸਨ ਪਦਮਸ਼੍ਰੀ ਸੁਰਜੀਤ ਪਾਤਰ? ਜਾਣੋ ਇਹਨਾਂ ਦੀਆਂ ਸਾਰੀਆਂ ਕਵਿਤਾਵਾਂ ਬਾਰੇ 
 

Trending news