Punjab Heritage News: ਸ਼ਰਧਾਲੂਆਂ ਦੀ ਸਹੂਲਤ ਲਈ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਸਥਾਪਿਤ ਕੀਤੇ ਜਾਣਗੇ ਸੂਚਨਾ ਕੇਂਦਰ
Trending Photos
Amritsar Heritage Street: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਇਥੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਅੰਮ੍ਰਿਤਸਰ ਹੈਰੀਟੇਜ ਸਟਰੀਟ ਦੇ ਨਵੀਨੀਕਰਨ ਸਬੰਧੀ ਵੱਖ-ਵੱਖ ਕਾਰਜਾਂ ਨੂੰ ਜਲਦ ਸ਼ੁਰੂ ਕਰਨ ਲਈ ਕਿਹਾ ਹੈ। ਦੱਸਣਯੋਗ ਹੈ ਕਿ ਇਸ ਨਵੀਨੀਕਰਨ ਤਹਿਤ ਹੈਰੀਟੇਜ ਸਟਰੀਟ ਨੂੰ ਜਲਦ ਹੀ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।
ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਸੰਧਵਾਂ ਨੇ ਹੈਰੀਟੇਜ ਸਟਰੀਟ ਤੋਂ ਨਜਾਇਜ਼ ਕਬਜ਼ਿਆਂ ਨੂੰ ਹਟਾ ਕੇ ਇਤਿਹਾਸਕ ਸ਼ਹਿਰ ਦੀਆਂ ਮਹੱਤਵਪੂਰਨ ਥਾਵਾਂ ‘ਤੇ ਸੂਚਨਾ ਕੇਂਦਰ ਸਥਾਪਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੈਲਾਨੀਆਂ ਦੀ ਸਹੂਲਤ ਲਈ ਪਾਰਕਿੰਗ ਵਾਲੀਆਂ ਥਾਵਾਂ ‘ਤੇ ਢੁੱਕਵੀਂ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।
ਇਹ ਵੀ ਪੜ੍ਹੋ : Pathankot News: ਪਠਾਨਕੋਟ ਵਾਈਲਡਲਾਈਫ ਸੈਂਚੂਰੀ ਦਾ ਐਕਸ਼ਨ; ਮਾਈਨਿੰਗ ਕਰ ਰਹੇ 13 ਕਰੱਸ਼ਰਾਂ ਨੂੰ ਨੋਟਿਸ ਜਾਰੀ
ਸਪੀਕਰ ਨੇ ਅਧਿਕਾਰੀਆਂ ਨੂੰ ਹੈਰੀਟੇਜ ਸਟਰੀਟ ਵਿੱਚ ਲੱਗੇ ਗਿੱਧੇ-ਭੰਗੜੇ ਦੇ ਬੁੱਤਾਂ ਤੋਂ ਇਲਾਵਾ ਇਥੇ ਜੰਗੀ ਨਾਇਕਾਂ ਦੇ ਬੁੱਤ ਲਗਾਉਣ ਦੇ ਨਿਰਦੇਸ਼ ਵੀ ਦਿੱਤੇ, ਜੋ ਸੂਬੇ ਦੇ ਅਮੀਰ ਇਤਿਹਾਸ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਮੀਟਿੰਗ ਵਿੱਚ ਸਥਾਨਕ ਸਰਕਾਰਾਂ, ਸੈਰ ਸਪਾਟਾ, ਨਗਰ ਨਿਗਮ, ਸੁਧਾਰ ਟਰੱਸਟ, ਯੋਜਨਾਬੰਦੀ ਬੋਰਡ, ਅੰਮ੍ਰਿਤਸਰ ਵਿਕਾਸ ਅਥਾਰਟੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਇਸ ਨਵੀਨੀਕਰਨ ਦੇ ਨਾਲ ਅੰਮ੍ਰਿਤਸਰ ਹੈਰੀਟੇਜ ਸਟਰੀਟ ਸੂਬੇ ਦੇ ਅਮੀਰ ਇਤਿਹਾਸ, ਸੱਭਿਆਚਾਰ ਅਤੇ ਵਾਸਤੂ-ਕਲਾ ਦੀ ਝਲਕ ਪੇਸ਼ ਕਰਦਿਆਂ ਵਿਸ਼ਵ ਪੱਧਰ ‘ਤੇ ਸੈਰ-ਸਪਾਟਾ ਦੇ ਮਹੱਤਵਪੂਰਨ ਕੇਂਦਰ ਵਜੋਂ ਉਭਰੇਗੀ।