Punjab news: ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਦੀ ਰਿਹਾਈ ਦੇ ਮੁੱਦੇ ਉਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਮਾਹੌਲ ਭਖਦਾ ਜਾ ਰਿਹਾ ਹੈ।
Trending Photos
Punjab news: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਦੀ ਰਿਹਾਈ ਦੇ ਮੁੱਦੇ ਉਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਹਮੋ-ਸਾਹਮਣੇ ਹੋ ਚੁੱਕੇ ਹਨ। ਜਥੇਦਾਰ ਵੱਲੋਂ ਪੰਜਾਬ ਸਰਕਾਰ ਨੂੰ 24 ਘੰਟਿਆਂ 'ਚ ਨੌਜਵਾਨਾਂ ਨੂੰ ਰਿਹਾਅ ਕਰਨ ਦੇ ਦਿੱਤੇ ਅਲਟੀਮੇਟਮ ਮਗਰੋਂ ਮੰਗਲਵਾਰ ਨੂੰ ਮੁੱਖ ਮੰਤਰੀ ਨੇ ਟਵੀਟ ਕਰਕੇ ਜਵਾਬ ਦਿੱਤਾ।
ਇਸ ਤੋਂ ਤੁਰੰਤ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਟਵੀਟ ਕਰਕੇ ਮੁੱਖ ਮੰਤਰੀ ਨੂੰ ਜੇਲ੍ਹਾਂ ਵਿੱਚ ਡੱਕੇ ਨੌਜਵਾਨਾਂ ਨੂੰ ਛੱਡਣ ਲਈ ਕਿਹਾ। ਜਥੇਦਾਰ ਨੇ ਟਵੀਟ ਵਿੱਚ ਲਿਖਿਆ ਕਿ ਭਗਵੰਤ ਮਾਨ ਜੀ, ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ,ਉਸ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿਮਾਣਾ ਜਿਹਾ ਨੁਮਾਇੰਦਾ ਹਾਂ। ਮੈਨੂੰ ਵੀ ਅਪਣੀ ਕੌਮ ਦੇ ਨਿਰਦੋਸ਼ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਹੈ ਤੇ ਮੇਰਾ ਫਰਜ਼ ਵੀ ਹੈ। ਤੁਸੀਂ ਠੀਕ ਕਿਹਾ ਅਕਸਰ ਹੀ ਭੋਲੇ-ਭਾਲੇ ਧਾਰਮਿਕ ਲੋਕਾਂ ਨੂੰ ਸਿਆਸੀ ਲੋਕ ਵਰਤ ਜਾਂਦੇ ਆ ਪਰ ਮੈਂ ਇਸ ਪੱਖੋਂ ਪੂਰਾ ਸੁਚੇਤ ਹਾਂ। ਪਰ ਤੁਸੀਂ ਧਿਆਨ ਰੱਖੋ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਨੂੰ ਤੰਦੂਰ ਵਾਂਗ ਮੱਘਦਾ ਰੱਖਣ ਲਈ ਆਪ ਜੀ ਵਰਗੇ ਸਿਆਸੀ ਲੋਕਾਂ ਨੂੰ ਸਿਆਸੀ ਲੋਕ ਨਾ ਵਰਤ ਜਾਣ। ਸਿਆਸਤ ਲਈ ਸੰਵਾਦ ਬਾਅਦ ਵਿੱਚ ਕਰਾਂਗੇ। ਪਹਿਲਾਂ ਆਓ ਰਲ ਕੇ ਪੰਜਾਬ ਬਚਾਈਏ ਤੇ ਘਰ ਉਡੀਕ ਰਹੀਆਂ ਮਾਵਾਂ ਨੂੰ ਉਨ੍ਹਾਂ ਦੇ ਜੇਲ੍ਹੀਂ ਡੱਕੇ ਨਿਰਦੋਸ਼ ਪੁੱਤਰਾਂ ਨਾਲ ਮਿਲਾਈਏ ਤੇ ਅਸੀਸ ਲਈਏ। ਵਾਹਿਗੁਰੂ ਭਲੀ ਕਰੇ।
ਇਹ ਵੀ ਪੜ੍ਹੋ : Amritpal Singh News: ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਭਾਰਤੀ ਸਫ਼ਾਰਤਖਾਨੇ ਨੇ ਨੇਪਾਲ ਨੂੰ ਲਿਖੀ ਚਿੱਠੀ 'ਚ ਕੀਤੀ ਇਹ ਮੰਗ
ਕਾਬਿਲੇਗੌਰ ਹੈ ਕਿ ਜਥੇਦਾਰ ਦੇ ਅਲਟੀਮੇਟਮ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ "ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ. ਸਭ ਨੂੰ ਪਤਾ ਹੈ ਤੁਸੀਂ ਤੇ SGPC ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ ਨਾ ਕਿ ਹੱਸਦੇ-ਵੱਸਦੇ ਲੋਕਾਂ ਨੂੰ ਭੜਕਾਉਣ ਲਈ।"
ਗੌਰਤਲਬ ਹੈ ਕਿ ਬੀਤੇ ਦਿਨ ਜਥੇਦਾਰ ਹਰਪ੍ਰੀਤ ਸਿੰਘ ਨੇ ਮੰਗ ਕੀਤੀ ਸੀ ਕਿ ਸਾਰੇ ਨੌਜਵਾਨਾਂ ਉਤੇ ਲਾਏ ਗਏ ਕੌਮੀ ਸੁਰੱਖਿਆ ਕਾਨੂੰਨ ਨੂੰ ਤੁਰੰਤ ਹਟਾਇਆ ਜਾਵੇ, ਹਰੀਕੇ ਦੇ ਹੈੱਡਵਰਕਸ ’ਤੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਦੇ ਜ਼ਬਤ ਕੀਤੇ ਵਾਹਨ ਤੁਰੰਤ ਛੱਡੇ ਜਾਣ, ਬੰਦ ਕੀਤੇ ਗਏ ਵੈੱਬ ਚੈਨਲ ਤੇ ਸੋਸ਼ਲ ਮੀਡੀਆ ਖਾਤੇ ਤੁਰੰਤ ਚਾਲੂ ਕੀਤੇ ਜਾਣ।
ਇਹ ਵੀ ਪੜ੍ਹੋ : Punjab Cabinet Meeting News: 31 ਮਾਰਚ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ; ਲਏ ਜਾ ਸਕਦੇ ਹਨ ਅਹਿਮ ਫੈਸਲੇ