Trending Photos
Punjab Farmers News: ਕੁਦਰਤ ਦੀ ਮਾਰ ਮਗਰੋਂ ਅੰਨਦਾਤਾ ਲਈ ਇੱਕ ਹੋਰ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ। ਖੇਤਾਂ ਵਿੱਚ ਖੜ੍ਹੀ ਕਣਕ ਤੇਜ਼ ਹਵਾਵਾਂ ਤੇ ਮੀਂਹ ਕਾਰਨ ਬੁਰੀ ਤਰ੍ਹਾਂ ਵਿਛ ਗਈ ਹੈ। ਇਸ ਕਾਰਨ ਕਣਕ ਦਾ ਝਾੜ ਘੱਟ ਨਿਕਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕਣਕ ਦਾ ਦਾਣਾ ਕਾਲਾ ਜਾਂ ਖ਼ਰਾਬ ਹੋਣ ਦਾ ਵੀ ਡਰ ਬਣਿਆ ਹੋਇਆ ਹੈ। ਇਸ ਦਰਮਿਆਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਖ਼ਰਾਬ ਹੋਈ ਕਣਕ ਦੇ ਭਾਅ ਵਿੱਚ ਕਟੌਤੀ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਕੇਂਦਰੀ ਖ਼ੁਰਾਕ ਮੰਤਰਾਲੇ ਵੱਲੋਂ 31 ਮਾਰਚ ਨੂੰ ਪੱਤਰ ਭੇਜ ਕੇ ਕਣਕ ਦੇ ਮਾਪਦੰਡਾਂ 'ਚ ਸਿਰਫ਼ ਮੱਧ ਪ੍ਰਦੇਸ਼ ਨੂੰ ਛੋਟ ਦੇ ਦਿੱਤੀ ਗਈ ਹੈ। ਖ਼ੁਰਾਕ ਮੰਤਰਾਲੇ ਨੇ 10 ਫ਼ੀਸਦੀ ਤੱਕ ਲਸਟਰ ਲੌਸ ਵਾਲੀ ਕਣਕ ਨੂੰ ਸਰਕਾਰੀ ਭਾਅ 'ਚ ਬਿਨਾਂ ਕਿਸੇ ਕਟੌਤੀ ਦੇ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ। ਜੇ ਲਸਟਰ ਲੌਸ 10 ਫ਼ੀਸਦੀ ਤੋਂ 80 ਫ਼ੀਸਦੀ ਤੱਕ ਪਾਇਆ ਜਾਂਦਾ ਹੈ ਤਾਂ ਸਰਕਾਰ ਕਣਕ ਦੀ ਫ਼ਸਲ ਦੇ ਸਰਕਾਰੀ ਭਾਅ 'ਚ ਇੱਕ ਫ਼ੀਸਦੀ ਤੋਂ 25 ਫ਼ੀਸਦੀ ਤੱਕ ਕਟੌਤੀ ਕਰ ਸਕਦੀ ਹੈ।
ਪੰਜਾਬ, ਹਰਿਆਣਾ ਤੇ ਹੋਰ ਰਾਜਾਂ 'ਚ ਬੇਮੌਸਮੇ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਐਤਕੀਂ ਪੰਜਾਬ, ਹਰਿਆਣਾ, ਪੱਛਮੀ ਯੂਪੀ ਤੇ ਮੱਧ ਪ੍ਰਦੇਸ਼ 'ਚ ਮੀਂਹ ਤੇ ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਹੈ। ਪੱਕਣ ਕੰਢੇ ਖੜ੍ਹੀ ਕਣਕ ਲਈ ਮਾਰਚ ਦੇ ਆਖ਼ਰ 'ਚ ਪਿਆ ਮੀਂਹ ਕਾਫੀ ਨੁਕਸਾਨਦਾਇਕ ਸਾਬਿਤ ਹੋਇਆ ਹੈ।
ਪੰਜਾਬ 'ਚ ਐਤਵਾਰ ਨੂੰ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਸੀ ਤੇ ਰਾਜਪੁਰਾ ਮੰਡੀ 'ਚ 630 ਕੁਇੰਟਲ ਕਣਕ ਦੀ ਆਮਦ ਹੋਈ, ਜਿਸ ’ਚੋਂ 60 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਜੇ ਪੰਜਾਬ 'ਚ ਨੁਕਸਾਨੀ ਫ਼ਸਲ ਦੀ ਖ਼ਰੀਦ 'ਤੇ ਕੋਈ ਕੱਟ ਲਗਾਇਆ ਜਾਂਦਾ ਹੈ ਤਾਂ ਇਹ ਅੰਨਦਾਤਾ ਲਈ ਅਸਹਿ ਹੋਵੇਗਾ।
ਇਹ ਵੀ ਪੜ੍ਹੋ : Punjab Farmers Protest News: ਰੇਲ ਰੋਕੋ ਅੰਦੋਲਨ ਦੇ ਚੱਲਦੇ ਕਿਸਾਨਾਂ ਨੇ ਪਟਰੀਆਂ 'ਤੇ ਚੜਾਏ ਟ੍ਰੈਕਟਰ, ਜਾਣੋ ਕੀ ਹਨ ਮੰਗਾਂ
ਪੰਜਾਬ ਦੇ ਕਿਸਾਨਾਂ ਨੂੰ ਜ਼ਿਆਦਾ ਵੱਡੀ ਮਾਰ ਪਵੇਗੀ। ਬੇਸ਼ੱਕ ਸੂਬਾ ਸਰਕਾਰ ਨੇ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਹੈ ਪਰ ਫ਼ਸਲ ਦੇ ਭਾਅ 'ਚ ਕਟੌਤੀ ਕਿਸਾਨਾਂ ਲਈ ਬੁਰੀ ਖ਼ਬਰ ਬਣ ਸਕਦੀ ਹੈ, ਕਿਉਂਕਿ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਣਕ ਕਾਫੀ ਡਿੱਗ ਗਈ ਹੈ, ਜਿਸ ਕਾਰਨ ਕਣਕ ਦੇ ਖ਼ਰਾਬ ਜਾਂ ਦਾਣਾ ਕਾਲਾ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਪੰਜਾਬ 'ਚ 13.60 ਲੱਖ ਹੈਕਟੇਅਰ ਰਕਬੇ ਵਿਚਲੀ ਫ਼ਸਲ ਪ੍ਰਭਾਵਿਤ ਹੋਈ ਹੈ ਜਿਸ 'ਚੋਂ ਕਰੀਬ ਇੱਕ ਲੱਖ ਹੈਕਟੇਅਰ ਰਕਬਾ ਸੌ ਫ਼ੀਸਦੀ ਨੁਕਸਾਨਿਆ ਗਿਆ ਹੈ। ਬੇਸ਼ੱਕ ਐਤਕੀਂ ਸਰਕਾਰ ਨੇ 167 ਲੱਖ ਮੀਟ੍ਰਿਕ ਟਨ ਪੈਦਾਵਾਰ ਦਾ ਅਨੁਮਾਨ ਲਾਇਆ ਹੈ ਪਰ ਮੀਂਹ ਕਾਰਨ ਹੋਏ ਖ਼ਰਾਬੇ ਕਰਕੇ ਟੀਚਾ 150 ਲੱਖ ਮੀਟ੍ਰਿਕ ਟਨ ਤੋਂ ਵੀ ਹੇਠਾਂ ਰਹਿ ਸਕਦਾ ਹੈ।
ਇਹ ਵੀ ਪੜ੍ਹੋ : Punjab News: ਹੁਸ਼ਿਆਰਪੁਰ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ, 8 ਜ਼ਖ਼ਮੀ