ਕਾਂਗਰਸੀ ਆਗੂਆਂ ਨੂੰ ਕੈਪਟਨ ਖਿਲਾਫ਼ ਭੜਕਾ ਰਹੇ ਹਨ 'ਪ੍ਰਸ਼ਾਂਤ ਕਿਸ਼ੋਰ' ਜਾਣੋ ਪੂਰਾ ਸੱਚ!

ਲੁਧਿਆਣਾ ਦੇ ਕਈ ਕਾਂਗਰਸੀ ਆਗੂਆਂ ਨੂੰ ਨਕਲੀ ਪ੍ਰਸ਼ਾਂਤ ਕਿਸੋਰ ਦੇ ਫ਼ੋਨ ਆ ਰਹੇ ਹਨ ਜੋ ਕਿ ਉਨ੍ਹਾਂ ਕੋਲੋਂ 2022 ਵਿਧਾਨ ਸਭਾ ਦੀ ਟਿਕਟ ਦਵਾਉਣ ਲਈ ਪੈਸੇ ਮੰਗ ਰਿਹਾ ਹੈ। ਹੋਰ ਤੇ ਹੋਰ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬਿਆਨਬਾਜ਼ੀ ਕਰਨ ਲਈ ਵੀ ਉਨ੍ਹਾਂ ਨੂੰ ਉਕਸਾਉਂਦਾ ਹੈ।  

ਕਾਂਗਰਸੀ ਆਗੂਆਂ ਨੂੰ ਕੈਪਟਨ ਖਿਲਾਫ਼ ਭੜਕਾ ਰਹੇ ਹਨ 'ਪ੍ਰਸ਼ਾਂਤ ਕਿਸ਼ੋਰ' ਜਾਣੋ ਪੂਰਾ ਸੱਚ!

ਭਰਤ ਸ਼ਰਮਾ/ਲੁਧਿਆਣਾ:  ਸਿਆਸਤ ਵਿੱਚ ਇੱਕ ਦੂਜੇ ਨੂੰ ਨਿੰਦਣ ਦੀ ਰਿਵਾਇਤ ਕਾਫ਼ੀ ਪੁਰਾਣੀ ਹੈ। ਜਾਂ ਕਹਿ ਲਈਏ ਕਿ ਅੱਜਕੱਲ੍ਹ ਇਹੀ ਸਿਆਸਤ ਹੈ। ਪਰ ਇਸ ਲੜੀ ਵਿੱਚ ਜੇ ਸਲਾਹਕਾਰ ਨਾ ਸਿਰਫ਼ ਆਪਣੇ ਮੁੱਖ ਮੰਤਰੀ ਨੂੰ ਆਪ ਨਿੰਦੇ ਸਗੋਂ ਹੋਰਨਾਂ ਨੂੰ ਵੀ ਨਿੰਦਣ ਲਈ ਕਹੇ ਤਾਂ ਕੀ ਕਹੋਂਗੇ? ਦਰਅਸਲ ਲੁਧਿਆਣਾ ਦੇ ਕਈ ਕਾਂਗਰਸੀ ਆਗੂਆਂ ਨੂੰ ਨਕਲੀ ਪ੍ਰਸ਼ਾਂਤ ਕਿਸੋਰ ਦੇ ਫ਼ੋਨ ਆ ਰਹੇ ਹਨ ਜੋ ਕਿ ਉਨ੍ਹਾਂ ਕੋਲੋਂ 2022 ਵਿਧਾਨ ਸਭਾ ਦੀ ਟਿਕਟ ਦਵਾਉਣ ਲਈ ਪੈਸੇ ਮੰਗ ਰਿਹਾ ਹੈ। ਹੋਰ ਤੇ ਹੋਰ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬਿਆਨਬਾਜ਼ੀ ਕਰਨ ਲਈ ਵੀ ਉਨ੍ਹਾਂ ਨੂੰ ਉਕਸਾਉਂਦਾ ਹੈ।  

ਫ਼ੋਨ ਕਰਕੇ ਕੀ ਕਹਿੰਦੇ ਹਨ ਮੁਲਜ਼ਮ?

2017 ਵਿੱਚ ਵਿਧਾਨ ਸਭਾ ਦੇ ਹਲਕਾ ਆਤਮ ਨਗਰ ਤੋਂ ਚੋਣਾਂ ਲੜ ਚੁੱਕੇ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ ਮੰਨੇ ਜਾਣ ਵਾਲੇ ਕਮਲਜੀਤ ਸਿੰਘ ਕੜਵਾਲ ਨੇ ਕਿਹਾ ਕਿ ਉਹਨਾਂ ਨੂੰ ਕੁੱਝ ਦਿਨ ਪਹਿਲਾਂ ਇੱਕ ਫੋਨ ਆਇਆ ਸੀ। ਫ਼ੋਨ ਕਰਨ ਵਾਲੇ ਨੇ ਕਿਹਾ ਕਿ ਤੁਹਾਨੂੰ ਪ੍ਰਸ਼ਾਤ ਕਿਸ਼ੋਰ ਫੋਨ ਕਰੇਗਾ ਗੱਲ ਕਰ ਲੈਣਾ। ਬਾਅਦ ਵਿੱਚ ਉਨ੍ਹਾਂ ਨੂੰ ਫੋਨ ਆਇਆ ਵੀ ਅਤੇ ਉਨ੍ਹਾਂ ਦਾ ਬਾਇਓਡਾਟਾ ਮੰਗਿਆ ਗਿਆ। ਉਨ੍ਹਾਂ ਨੇ ਸਾਰੀ ਤਫ਼ਸੀਲ ਭੇਜ ਵੀ ਦਿੱਤੀ ਪਰ ਜਦੋਂ ਉਨ੍ਹਾਂ ਤੋਂ ਪੈਸੇ ਦੀ ਮੰਗ ਕੀਤੀ ਗਈ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਕਾਲ ਨੂੰ ਅਣਡਿੱਠਾ ਕਰ ਦਿੱਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੁਲਦੀਪ ਵੈਦ ਵੀ ਇਨ੍ਹਾਂ ਠੱਗਾਂ ਦੇ ਝਾਂਸੇ ਵਿੱਚ ਆ ਚੁੱਕੇ ਹਨ।

ਇਸ ਗਿਰੋਹ ਦਾ ਕੀ ਸੀ ਮੰਤਵ?

ਹਾਲਾਂਕਿ ਇਸ ਪਿੱਛੇ ਮੰਸ਼ਾ ਝਾਂਸਾ ਦੇ ਕੇ ਠੱਗੀ ਮਾਰਣ ਦੀ ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਥਾਣਾ ਡਵੀਜ਼ਨ ਨੰਬਰ 6 ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਇਹ ਸ਼ਖ਼ਸ ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼ ਕੱਢ ਕੇ ਕਾਂਗਰਸੀ ਆਗੂਆਂ ਨਾਲ ਗੱਲ ਕਰਦਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਕੰਮ ਵਿੱਚ ਕੋਈ ਇੱਕ ਸ਼ਖ਼ਸ ਨਹੀਂ ਸਗੋਂ ਪੂਰਾ ਗਿਰੋਹ ਕੰਮ ਕਰ ਰਿਹਾ ਹੈ, ਜਿਸਦੇ ਖਿਲਾਫ਼ ਮਾਮਲਾ ਦਰਜ ਹੋਇਆ ਹੈ। ਗੌਰਤਲਬ ਹੈ ਕਿ ਇਹ ਗਿਰੋਹ ਲੁਧਿਆਣਾ, ਬਠਿੰਡਾ, ਜਲੰਧਰ, ਅੰਮ੍ਰਿਤਸਰ ਅਤੇ ਸੰਗਰੂਰ ਦੇ ਕਈ ਹਿੱਸਿਆਂ ਵਿੱਚ ਸਰਗਰਮ ਹੈ। ਜਾਣਕਾਰੀ ਇਹ ਵੀ ਹੈ ਕਿ ਕਈ ਕਰੋੜਾਂ ਦੀ ਠੱਗੀ ਮਾਰ ਚੁੱਕਿਆ ਹੈ।

ਕਿੱਦਾਂ ਕਰਦਾ ਸੀ ਕੰਮ, ਕੀ ਹੋਇਆ ਅੰਜਾਮ?

ਲੁਧਿਆਣਾ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ।  ਇਸ ਦੀ ਜਾਣਕਾਰੀ ਦਿੰਦੇ ਹੋਏ ਡਵੀਜ਼ਨ ਨੰਬਰ 6 ਦੇ ਐਸਐਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਪੁਖ਼ਤਾ ਸਬੂਤ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹਾਲਾਂਕਿ ਜਲੰਧਰ ਤੋਂ 11 ਅਤੇ 13 ਮਈ ਨੂੰ ਪੁਲਿਸ ਨੇ ਇਸ ਗਿਰੋਹ ਦੇ 2 ਮੈਂਬਰ ਕਾਬੂ ਵੀ ਕੀਤੇ ਸਨ, ਪਰ ਹਲੇ ਵੀ ਇਹ ਗਿਰੋਹ ਦੇ ਮੈਂਬਰ ਸਰਗਰਮ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।