ਖੇਤੀ ਕਾਨੂੰਨਾਂ ਖਿਲਾਫ ਸਖ਼ਤ ਹੋਇਆ ਅਕਾਲੀ ਦਲ, ਕੱਲ੍ਹ ਗਵਰਨਰ ਹਾਊਸ ਦਾ ਕਰੇਗਾ ਘਿਰਾਓ

23 ਸਾਲ ਪੁਰਾਣਾ ਰਿਸ਼ਤਾ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਹੁਣ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਿਹਾ ਹੈ। 

ਖੇਤੀ ਕਾਨੂੰਨਾਂ ਖਿਲਾਫ ਸਖ਼ਤ ਹੋਇਆ ਅਕਾਲੀ ਦਲ, ਕੱਲ੍ਹ ਗਵਰਨਰ ਹਾਊਸ ਦਾ ਕਰੇਗਾ ਘਿਰਾਓ
ਫਾਈਲ ਫੋਟੋ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਜਿਥੇ ਪੰਜਾਬ ਦੇ ਕਿਸਾਨ ਅੜ੍ਹ ਗਏ ਹਨ, ਉਥੇ ਹੀ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। 23 ਸਾਲ ਪੁਰਾਣਾ ਰਿਸ਼ਤਾ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਹੁਣ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਿਹਾ ਹੈ। 

ਜਿਸ ਦੇ ਤਹਿਤ ਕੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਗਵਰਨਰ ਹਾਊਸ ਦਾ ਘਿਰਾਓ ਕੀਤਾ ਜਾਵੇਗਾ। ਇਹ ਰੋਸ ਮੁਜ਼ਾਹਰਾ ਤਿੰਨਾਂ ਤਖ਼ਤਾਂ (ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਮਦਮਾ ਸਾਹਿਬ ਤੇ ਸ੍ਰੀ ਕੇਸਗੜ੍ਹ ਸਾਹਿਬ) ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਗਵਰਨਰ ਹਾਊਸ ਪਹੁੰਚੇਗਾ। 

ਮਿਲੀ ਜਾਣਕਾਰੀ ਮੁਤਾਬਕ ਇਸ ਮੁਜ਼ਾਹਰੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ। ਉਥੇ ਹੀ ਤਲਵੰਡੀ ਸਾਬੋ ਤੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਰੋਸ ਮੁਜ਼ਾਹਰੇ ਦੀ ਅਗਵਾਈ ਕਰਨਗੇ। 

ਹਰਸਿਮਰਤ ਨੇ ਦਿੱਤਾ ਅਸਤੀਫਾ-

ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਉਹ ਲਗਾਤਾਰ ਕਿਸਾਨਾਂ ਦੇ ਹੱਕਾਂ ਲਈ ਲੜਾਈ ਲੜ੍ਹ ਰਹੇ ਹਨ। ਬੀਤੇ ਦਿਨੀਂ ਉਹ ਪੰਜਾਬ ਪਹੁੰਚੇ ਤੇ ਲਗਾਤਾਰ ਪੰਜਾਬ 'ਚ ਦੌਰੇ ਕਰ ਰਹੇ ਹਨ। 

ਅਕਾਲੀ-ਭਾਜਪਾ ਦਾ ਟੁੱਟਿਆ ਗਠਜੋੜ-

ਨਹੁੰ ਮਾਸ ਦਾ ਰਿਸ਼ਤਾ ਪੰਜਾਬ 'ਚ ਟੁੱਟ ਗਿਆ। ਬੀਜੇਪੀ ਦੀ ਪੰਜਾਬ 'ਚ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ NDA ਨਾਲ ਗਠਜੋੜ ਤੋੜ ਲਿਆ ਹੈ। 23 ਸਾਲ ਪੁਰਾਣਾ ਇਹ ਰਿਸ਼ਤਾ ਮਹਿਜ਼ ਕੁਝ ਮਿੰਟਾਂ 'ਚ ਹੀ ਟੁੱਟ ਗਿਆ। SAD ਦੀ ਸ਼ਨੀਵਾਰ ਸ਼ਾਮ ਚਾਰ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਪਾਰਟੀ ਦੀ ਕੋਰ ਕਮੇਟੀ ਨੇ ਇਹ ਵੱਡਾ ਫੈਸਲਾ ਲਿਆ। SAD ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਅਸੀ ਪੰਜਾਬ ਵਿਰੋਧੀ ਪਾਰਟੀ ਦਾ ਹਿੱਸਾ ਨਹੀਂ ਰਹਿ ਸਕਦੇ। ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਨਾਲ BJP-SAD ਦਾ ਕਰੀਬ ਢਾਈ ਦਹਾਕੇ ਪੁਰਾਣਾ ਰਿਸ਼ਤਾ ਟੁੱਟ ਗਿਆ। 

Watch Live Tv-