Punjab News: ਪੰਜਾਬੀ ਸੂਬਾ ਦਿਵਸ ਉਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
Advertisement
Article Detail0/zeephh/zeephh1939626

Punjab News: ਪੰਜਾਬੀ ਸੂਬਾ ਦਿਵਸ ਉਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

  Punjab News: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਪੰਜਾਬੀ ਸੂਬਾ ਦਿਵਸ ਉਤੇ ਇੱਕ ਮਹੱਤਵਪੂਰਨ ਸਿਆਸੀ ਪ੍ਰਤੀਕਿਰਿਆ ਦਿੱਤੀ।

Punjab News: ਪੰਜਾਬੀ ਸੂਬਾ ਦਿਵਸ ਉਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

Punjab News:  ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਪੰਜਾਬੀ ਸੂਬਾ ਦਿਵਸ ਉਤੇ ਇੱਕ ਮਹੱਤਵਪੂਰਨ ਸਿਆਸੀ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਕੌਮਾਂਤਰੀ ਪੱਧਰ ਉਤੇ ਵੱਡੀ ਪੱਧਰ ਉਪਰ ਚੱਲ ਰਹੀ ਉਥਲ-ਪੁੱਥਲ ਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿੱਚ ਚੱਲ ਰਹੀਆਂ ਵੱਖਵਾਦੀ ਤਹਿਰੀਰਾਂ ਨੂੰ ਕੇਂਦਰ ਸਰਕਾਰ ਜਬਰੀ ਦਬਾਅ ਕੇ ਭਾਰਤ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਯਤਨ ਕਰਦੀ ਨਜ਼ਰ ਆਉਂਦੀ ਹੈ ਪਰ ਸੰਘੀ ਢਾਂਚਾ ਅਪਣਾਏ ਬਿਨਾਂ ਅਖੰਡਤਾ ਬਰਕਰਾਰ ਰੱਖਣੀ ਔਖੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਨੂੰ ਸਿਰਫ਼ ਅਨੇਕਤਾ ਵਿੱਚ ਏਕਤਾ ਅਤੇ ਵੰਨ-ਸੁਵੰਨਤਾ ਵਾਲਾ ਫਾਰਮੂਲਾ ਹੀ ਬਰਕਰਾਰ ਰੱਖ ਸਕਦਾ ਹੈ ਨਹੀਂ ਤਾਂ ਜਿਸ ਤਰ੍ਹਾਂ ਦੇਸ਼ ਦੇ ਵੱਖ-ਵੱਖ ਖਿੱਤਿਆਂ, ਸੂਬਿਆਂ ਦੀਆਂ ਬੋਲੀਆਂ ਨੂੰ ਮਾਰਿਆ ਜਾ ਰਿਹਾ ਹੈ। ਖੇਤਰੀ ਸੱਭਿਆਚਾਰਾਂ ਉੱਤੇ ਹਿੰਦੂਤਵ ਨੂੰ ਥੋਪਣ ਦੇ ਯਤਨ ਹੋ ਰਹੇ ਹਨ। ਇਹ ਸਭ ਕੁਝ ਇਸ ਦੇਸ਼ ਦੀ ਅਖੰਡਤਾ ਲਈ ਖ਼ਤਰੇ ਪੈਦਾ ਕਰ ਰਿਹਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਜਾਰੀ ਕੀਤੇ ਲਿਖਤੀ ਬਿਆਨ ਵਿੱਚ ਆਖਿਆ ਹੈ ਕਿ 1947 ਦੀ ਵੰਡ ਵੇਲੇ ਭਾਰਤ ਦੀ ਹੋਂਦ ਵੱਖ-ਵੱਖ ਸੱਭਿਆਚਾਰਾਂ, ਧਰਮਾਂ, ਬੋਲੀਆਂ ਤੇ ਖੇਤਰੀ ਵੰਨ-ਸੁਵੰਨਤਾ ਨੂੰ ਇੱਕ ਗੁਲਦਸਤੇ ਦੇ ਰੂਪ ਵਿੱਚ ਬਰਕਰਾਰ ਰੱਖਣ ਲਈ ਬਣੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸੱਤਾ ਦੀ ਸਰਪ੍ਰਸਤੀ ਹੇਠ ਦੇਸ਼ ਦੀ ਧਰਮ ਨਿਰਪੇਖ ਸ਼ਾਖ ਨੂੰ ਇੱਕ ਧਰਮ, ਇੱਕ ਬੋਲੀ ਵਾਲੇ ਰਾਸ਼ਟਰ ਵਿੱਚ ਬਦਲਣ ਦੀਆਂ ਗਤੀਵਿਧੀਆਂ ਤੇਜ ਹੋਈਆਂ ਹਨ, ਜਿਨ੍ਹਾਂ ਨੇ ਭਾਰਤ ਵਿੱਚ ਰਹਿ ਰਹੀਆਂ ਘੱਟ-ਗਿਣਤੀ ਕੌਮਾਂ ਅੰਦਰ ਬੇਵਿਸ਼ਵਾਸੀ ਤੇ ਖ਼ਤਰੇ ਦੀ ਭਾਵਨਾ ਪ੍ਰਬਲ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਵਰਗੇ ਦੇਸ਼ ਜਿਥੇ ਅਲੱਗ-ਅਲੱਗ ਧਰਮਾਂ ਨੂੰ ਮੰਨਣ ਵਾਲੇ ਤੇ ਵੱਖ ਵੱਖ ਬੋਲੀਆਂ ਬੋਲਣ ਵਾਲੇ ਲੋਕ ਸਦੀਆਂ ਤੋਂ ਵਸਦੇ ਹੋਣ ਉਸ ਨੂੰ ਇੱਕ ਧਰਮ ਉੱਤੇ ਆਧਾਰਿਤ ਰਾਸ਼ਟਰ ਬਣਾਉਣ ਲਈ ਤਰਲੋਮੱਛੀ ਹੋ ਰਹੀਆਂ ਤਾਕਤਾਂ ਤੇ ਸਰਕਾਰਾਂ ਨੂੰ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਕਿਸੇ ਸੂਬੇ ਉਤੇ ਕੌਣ ਰਾਜ ਕਰ ਰਿਹਾ ਹੈ, ਆਮ ਲੋਕਾਂ ਨੂੰ ਉਦੋਂ ਤੱਕ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਉਨ੍ਹਾਂ ਦੀ ਆਪਣੀ ਮਾਂ-ਬੋਲੀ, ਆਪਣੀ ਖੇਤਰੀ ਰਾਜਨੀਤੀ, ਆਪਣੇ ਸੱਭਿਆਚਾਰ ਅਤੇ ਆਪਣੇ ਹੱਕਾਂ ਲਈ ਖ਼ਤਰਾ ਪੈਦਾ ਨਾ ਹੋਵੇ।

ਉਨ੍ਹਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਜਿਵੇਂ ਕਿ ਮਨੀਪੁਰ, ਨਾਗਾਲੈਂਡ, ਅਸਾਮ, ਕਸ਼ਮੀਰ ਅਤੇ ਪੰਜਾਬ ਵਿਚ ਅਲਹਿਦਗੀ ਲਈ ਯਤਨ ਰਹੀਆਂ ਲਹਿਰਾਂ ਪਿੱਛੇ ਵੀ ਇੱਕ ਕਾਰਨ ਇਨ੍ਹਾਂ ਸੂਬਿਆਂ ਦੀ ਖੇਤਰੀ ਹੋਂਦ, ਬੋਲੀ, ਸੱਭਿਆਚਾਰ, ਖੇਤਰ ਦੇ ਕੁਦਰਤੀ ਸਰੋਤ ਅਤੇ ਭੂਗੋਲਿਕ ਖਾਸੇ ਲਈ ਪੈਦਾ ਹੋ ਰਹੇ ਖ਼ਤਰੇ ਹਨ। ਉਨ੍ਹਾਂ ਨੇ ਮਿਸਾਲ ਦਿੰਦਿਆਂ ਆਖਿਆ ਕਿ ਮਰਾਠੀ ਤੇ ਬੰਗਾਲੀ ਬੋਲੀਆਂ ਨੂੰ ਰਾਸ਼ਟਰ ਭਾਸ਼ਾ ਹਿੰਦੀ ਵਿੱਚ ਜਜ਼ਬ ਕਰ ਲਿਆ ਗਿਆ ਹੈ।

ਮੁੰਬਈ ਤੇ ਕਲਕੱਤੇ ਵਰਗੇ ਮਹਾਂਨਗਰਾਂ ਵਿੱਚ ਮਰਾਠਾ ਤੇ ਬੰਗਾਲੀ ਬੋਲੀਆਂ ਬੇਗਾਨੀਆਂ ਹੋ ਰਹੀਆਂ ਹਨ ਤੇ ਕਾਫੀ ਹੱਦ ਤੱਕ ਹਰਿਆਣਵੀ ਬੋਲੀ ਵੀ ਪ੍ਰਭਾਵਿਤ ਹੋ ਚੁੱਕੀ ਹੈ। ਹਿਮਾਚਲ ਵਿੱਚ ਪਹਾੜੀ ਬੋਲੀ ਨੂੰ ਟੂਰਿਜ਼ਮ ਦਾ ਦੈਂਤ ਨਿਗਲ ਰਿਹਾ ਹੈ। ਪੰਜਾਬੀ ਦੀ ਉਪ ਬੋਲੀ ਪੁਆਂਧੀ ਨੂੰ ਚੰਡੀਗੜ੍ਹ ਦੀ ਨਵੀਂ ਪੈਦਾ ਕੀਤੀ ਤਹਿਜੀਬ ਨੇ ਦਬੋਚ ਲਿਆ ਹੈ।

ਅਧਿਕਾਰਾਂ ਤੋਂ ਹੀਣੇ ਸੂਬੇ ਆਪਣੀ ਬੋਲੀ, ਸਥਾਨਕ ਪਛਾਣ, ਸਭਿਆਚਾਰ ਤੇ ਅਪਣੇ ਕੁਦਰਤੀ ਸਰੋਤਾਂ ਨੂੰ ਚਾਹ ਕੇ ਵੀ ਬਚਾਉਣ ਤੋਂ ਅਸਮਰੱਥ ਹਨ। ਉਨ੍ਹਾਂ ਨੇ ਕਿਹਾ ਕਿ ਬੋਲੀ ਭਾਵੇਂ ਕੋਈ ਵੀ ਬੁਰੀ ਨਹੀਂ ਹੁੰਦੀ ਪਰ ਹਰੇਕ ਖਿੱਤੇ ਦੇ ਲੋਕਾਂ ਦੀ ਪਛਾਣ ਤੇ ਖਾਸਾ ਉਨ੍ਹਾਂ ਦੀ ਮਾਂ-ਬੋਲੀ ਉਤੇ ਹੀ ਨਿਰਭਰ ਹੁੰਦਾ ਹੈ ਤੇ ਜਦੋਂ ਉਨ੍ਹਾਂ ਦੀ ਆਪਣੀ ਬੋਲੀ ਖੋਹ ਲਈ ਜਾਵੇ ਤਾਂ ਉਹ ਆਪਣੀ ਹੋਂਦ ਬਚਾਉਣ ਬਾਰੇ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਨੇ ਚਾਰ ਦਹਾਕੇ ਪਹਿਲਾਂ ਹੀ ਦੇਸ਼ ਵਿੱਚ ਸੰਘੀ ਢਾਂਚੇ ਅਤੇ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਆਵਾਜ਼ ਚੁੱਕੀ ਸੀ।

ਗਿਆਨੀ ਹਰਪ੍ਰੀਤ ਸਿੰਘ ਨੇ ਸੰਯੁਕਤ ਰਾਜ ਅਮਰੀਕਾ, ਰੂਸ ਅਤੇ ਯੂਕੇ ਵਰਗੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਆਖਿਆ ਕਿ ਇਹ ਸਥਾਪਿਤ ਅਤੇ ਸ਼ਕਤੀਸ਼ਾਲੀ ਦੇਸ਼ ਸੰਘੀ ਢਾਂਚੇ ਕਰਕੇ ਹੀ ਮਜ਼ਬੂਤ ਰਾਸ਼ਟਰ ਹਨ।

ਇਹ ਵੀ ਪੜ੍ਹੋ : Punjab Diwas 2023: ਆਖ਼ਰ ਪੰਜਾਬ ਦਾ ਇਤਿਹਾਸ ਕੀ ਹੈ? 1 ਨਵੰਬਰ, ਅੱਜ ਦੇ ਦਿਨ ਭਾਰਤ ਵਿੱਚ ਕੀ ਹੋਏ ਇਤਿਹਾਸਕ ਬਦਲਾਅ

Trending news