Punjab Budget Session: ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਸਾਰੀਆਂ 13 ਲੋਕ ਸਭਾ ਸੀਟਾਂ ‘ਆਪ’ ਨੂੰ ਦੇਣ ਦਾ ਮਨ ਬਣਾ ਲਿਆ ਹੈ ਤਾਂ ਜੋ ਚੱਲ ਰਹੇ ਵਿਕਾਸ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ।
Trending Photos
Punjab Budget Session: ਵਿਧਾਨਸਭਾ ਦੇ ਦੂਜੇ ਦਿਨ ਕਾਂਗਰਸ ਨੇ ਬਜਟ ਸੈਸ਼ਨ ਵਿੱਚ ਕਾਫੀ ਹੰਗਾਮਾ ਕੀਤਾ। ਅੱਜ ਰਾਜਪਾਲ ਦੇ ਭਾਸ਼ਣ ਤੇ ਬਹਿਸ ਹੋਣੀ ਸੀ ਪਰ ਕਾਂਗਰਸ ਨੇ ਇਸ ਦਾ ਵਿਰੋਧ ਕਰਦੇ ਹੋਏ ਸਦਨ ਤੋਂ ਵਾਕ ਆਊਟ ਕਰ ਦਿੱਤਾ। ਜਿਸ ਨੂੰ ਲੈ ਕੇ ਮੁੱਖ ਮੰਤਰੀ ਨੇ ਕਾਂਗਰਸ ਨੂੰ ਜੰਮੇ ਘੇਰਿਆ ਅਤੇ ਕਾਂਗਰਸੀ ਆਗੂ 'ਤੇ ਜੰਮਕੇ ਨਿਸ਼ਾਨੇ ਸਾਧੇ। ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਤੋ ਲੈਕੇ ਸੁਨੀਲ ਜਾਖੜ ਸਮੇਤ ਪ੍ਰਤਾਪ ਬਾਜਵਾ ਅਤੇ ਸਿੱਧੂ ਤੇ ਕਈ ਸ਼ਬਦੀ ਹਮਲੇ ਕੀਤੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ ਸ਼ਹੀਦ ਭਗਤ ਸਿੰਘ ਵਰਗੇ ਨਾਇਕਾਂ ਦੀਆਂ ਮਹਾਨ ਕੁਰਬਾਨੀਆਂ ਦਾ ਨਿਰਾਦਰ ਕਰ ਰਹੇ ਹਨ। ਜਿਨ੍ਹਾਂ ਨੇ ਦੇਸ਼ ਵਿੱਚ ਜਮਹੂਰੀਅਤ ਪ੍ਰਣਾਲੀ ਲਾਗੂ ਕਰਨ ਲਈ ਜਾਨਾਂ ਨਿਛਾਵਰ ਕਰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੂੰ ਸਦਨ ਵਿੱਚ ਮਿਲੇ ਸਮੇਂ ਦੌਰਾਨ ਨਾਅਰੇਬਾਜ਼ੀ ਕਰਨ ਵਿੱਚ ਸਮਾਂ ਬਰਬਾਦ ਕਰਨ ਦੀ ਬਜਾਏ ਸੂਬਾ ਸਰਕਾਰ ਦੀ ਜਨਤਕ ਮੁੱਦਿਆਂ ਉਤੇ ਮੁਖਾਲਫ਼ਤ ਕਰਨੀ ਚਾਹੀਦੀ ਸੀ। ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਜਮਹੂਰੀ ਕਦਰਾਂ-ਕੀਮਤਾਂ ਦਾ ਘਾਣ ਕਰਨ ਲਈ ਕਾਂਗਰਸ ਪਾਰਟੀ ਦੀ ਸਖ਼ਤ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਵਿੱਚ ਇਸ ਪਾਰਟੀ ਦਾ ਸੂਬੇ ਵਿੱਚ ਖੁਰਾ-ਖੋਜ ਮਿਟ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ, “ਇਹ ਲੀਡਰ ਮੇਰੇ ਨਾਲ ਈਰਖਾ ਕਰਦੇ ਹਨ ਕਿਉਂਕਿ ਇਹ ਇਸ ਗੱਲੋਂ ਬੁਰੀ ਤਰ੍ਹਾਂ ਬੁਖਲਾਏ ਹੋਏ ਹਨ ਕਿ ਸਧਾਰਨ ਵਿਅਕਤੀ ਦਾ ਪੁੱਤ ਸੂਬਾ ਦੀ ਵਾਗਡੋਰ ਕਿਉਂ ਸੰਭਾਲੀ ਬੈਠਾ ਹੈ। ਆਮ ਲੋਕਾਂ ਦੇ ਉਲਟ ਇਹ ਲੀਡਰ ਮਹਿੰਗੇ ਸ਼ਾਲ ਅਤੇ ਗਹਿਣਿਆਂ ਦਾ ਵਿਖਾਵਾ ਕਰਦੇ ਹਨ।” ਭਗਵੰਤ ਸਿੰਘ ਮਾਨ ਨੇ ਕਾਂਗਰਸੀ ਨੇਤਾਵਾਂ ਨੂੰ ਇਹ ਦੱਸਣ ਦੀ ਚੁਣੌਤੀ ਦਿੱਤੀ ਕਿ ਕੀ ਉਨ੍ਹਾਂ ਨੂੰ ਇਸ ਪਵਿੱਤਰ ਸਦਨ ਦਾ ਕੀਮਤੀ ਸਮਾਂ ਬਰਬਾਦ ਕਰਨ ਲਈ ਚੁਣਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਗੋਡਿਆਂ ਭਾਰ ਹੋਈ ਹੈ ਅਤੇ ਇਹ ਪਾਰਟੀ ਹਰ ਰੋਜ਼ ਸਾਡੇ ਨਾਲ ਗਠਜੋੜ ਕਰਨ ਲਈ ਤਰਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸੀ ਆਗੂ ਚੱਲ ਹੋਏ ਕਾਰਤੂਸ ਹਨ, ਜਿਨ੍ਹਾਂ ਦਾ ਲੋਕਾਂ ਵਿੱਚ ਕੋਈ ਆਧਾਰ ਨਹੀਂ ਹੈ ਅਤੇ ਲੋਕਾਂ ਵੱਲੋਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਜਾ ਚੁੱਕਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਅਸੀਂ ਤਾਂ ਬਚਪਨ ਤੋਂ ਹੀ ਆਟੇ ਦੇ ਬਣੇ ਬਿਸਕੁਟ ਖਾਂਦੇ ਆ ਰਹੇ ਹਨ, ਉੱਥੇ ਹੀ ਕਾਂਗਰਸ ਦੇ ਆਗੂਆਂ ਕੋਲ ਆਪਣੇ ਪਿਉ-ਦਾਦਿਆਂ ਵੱਲੋਂ ਤਸਕਰੀ ਰਾਹੀਂ ਲਿਆਂਦੇ ਗਏ ਸੋਨੇ ਦੇ ਬਿਸਕੁਟ ਸਨ।”
ਬਾਦਲ ਪਰਿਵਾਰ ਵੱਲੋਂ ਨਿੱਜੀ ਫਾਇਦਿਆਂ ਲਈ ਸੂਬੇ ਦੇ ਕਰੋੜਾਂ ਰੁਪਏ ਲੁੱਟਣ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਵਿਲਾਸ ਹੋਟਲ ਦੀ ਉਸਾਰੀ ਲਈ ਬਾਦਲਾਂ ਨੂੰ ਲਾਭ ਪਹੁੰਚਾਉਣ ਵਾਸਤੇ ਸੱਤ ਸਿਤਾਰਾ ਰਿਜ਼ਾਰਟ ਦੇ ਲਗਜ਼ਰੀ ਟੈਕਸ ਅਤੇ ਹੋਰਾਂ ਨੂੰ ਮੁਆਫ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਬੜਾ ਮੰਦਭਾਗਾ ਹੈ ਕਿ ਇਸ ਰਿਜ਼ਾਰਟ ਦੇ 108 ਕਰੋੜ ਰੁਪਏ ਮੁਆਫ਼ ਕਰ ਦਿੱਤੇ ਗਏ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸਲ ਵਿੱਚ ਮੈਟਰੋ ਈਕੋ ਗ੍ਰੀਨ ਰਿਜ਼ੋਰਟ ਪਿੰਡ ਪੱਲਣਪੁਰ ਜਿਸ ਨੂੰ ਹੁਣ ਸੁਖਵਿਲਾਸ ਕਿਹਾ ਜਾਂਦਾ ਹੈ, ਸੂਬੇ ਲਈ ਅਸਲੀ ਦੁਖ ਵਿਲਾਸ ਹੈ ਕਿਉਂਕਿ ਇਹ ਪੰਜਾਬੀਆਂ ਦੇ ਖੂਨ ਨਾਲ ਉਸਾਰਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਆਗੂ ਦੇਸ਼ ਦੀ ਜਮਹੂਰੀਅਤ ਵਿਵਸਥਾ 'ਤੇ ਕਲੰਕ ਹਨ ਕਿਉਂਕਿ ਇਨ੍ਹਾਂ 'ਚ ਸ਼ਿਸ਼ਟਾਚਾਰ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਕਾਨਵੈਂਟ ਸਕੂਲਾਂ ਵਿੱਚ ਪੜ੍ਹੇ ਹਨ, ਪਰ ਇਨ੍ਹਾਂ ਵਿੱਚ ਕਿਸੇ ਨਾਲ ਗੱਲ ਕਰਨ ਦੀ ਤਹਿਜ਼ੀਬ ਵੀ ਨਹੀਂ ਹੈ ਕਿਉਂਕਿ ਇਹ ਹੰਕਾਰੀ ਅਤੇ ਸੱਤਾ ਦੇ ਨਸ਼ੇ ਵਿੱਚ ਹਨ। ਨਵਜੋਤ ਸਿੰਘ ਸਿੱਧੂ ਦੀ ਤੁਲਨਾ ਕਠੂਆ ਤੋਂ ਪੰਜਾਬ ਵੱਲ ਬਿਨਾਂ ਡਰਾਈਵਰ ਦੇ ਚੱਲੀ ਮਾਲ ਗੱਡੀ ਨਾਲ ਕਰਦੇ ਹੋਏ ਭਗਵੰਤ ਸਿੰਘ ਮਾਨ ਨੇ ਕਿਹਾ “ਸਿੱਧੂ ਵਨ ਮੈਨ ਸ਼ੋਅ ਹੈ, ਜਿਸ ਨੂੰ ਕਿਸੇ ਦੀ ਪ੍ਰਵਾਹ ਨਹੀਂ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਪੁਰਾਣੇ ਮਾਡਲ ਦੀ ਫੀਏਟ ਕਾਰ ਵਾਂਗ ਹੈ, ਜਿਸ ਨੂੰ ਆਧੁਨਿਕ ਲੋੜਾਂ ਮੁਤਾਬਕ ਅਪਡੇਟ ਨਹੀਂ ਕੀਤਾ ਜਾ ਸਕਦਾ। ਕਾਂਗਰਸ ਫੀਏਟ ਕਾਂਗਰਸ ਵਿੱਚ ਵਾਈਫਾਈ ਭਾਲ ਦੀ ਹੈ। ਜੋ ਕਿ ਕਦੇਂ ਨਹੀਂ ਲੱਗ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਪੀ ਵਿੱਚ ਟਿਕਟਾਂ ਦੀ ਵੰਡ ਵਾਲਾ ਵਿੱਚ ਕਿੱਸਾ ਵੀ ਸੁਣਾਇਆ। ਕਿ ਕਿਵੇਂ ਕਾਂਗਰਸ ਮਰੇ ਹੋਏ ਉਮੀਦਵਾਰਾਂ ਦੇ ਲ਼ਈ ਟਿਕਟਾਂ ਮੰਗ ਰਹੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਆਮ ਆਦਮੀ ਕਲੀਨਿਕ, ਸਕੂਲ ਆਫ਼ ਐਮੀਨੈਂਸ, ਸੜਕ ਸੁਰੱਖਿਆ ਫੋਰਸ ਅਤੇ ਹੋਰ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸਰਕਾਰੀ ਹਸਪਤਾਲਾਂ ਵਿੱਚ ਹੀ ਲੋਕਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਸੇ ਤਰ੍ਹਾਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵੀ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਇਕ ਨਵੇਂ ਯੁੱਗ ਦਾ ਗਵਾਹ ਬਣਿਆ ਹੈ ਕਿਉਂਕਿ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਤਬਦੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਸਾਰੀਆਂ 13 ਲੋਕ ਸਭਾ ਸੀਟਾਂ ‘ਆਪ’ ਨੂੰ ਦੇਣ ਦਾ ਮਨ ਬਣਾ ਲਿਆ ਹੈ ਤਾਂ ਜੋ ਚੱਲ ਰਹੇ ਵਿਕਾਸ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ‘ਰੰਗਲਾ ਪੰਜਾਬ’ ਸਿਰਜਣ ਲਈ ਪੰਜਾਬ ਦੇ ਲੋਕਾਂ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਨ ਦੇ ਯਤਨ ਜਾਰੀ ਰੱਖੇਗੀ।