ਰਿਟਰਨਿੰਗ ਅਫ਼ਸਰ ਪੀ. ਸੀ. ਮੋਦੀ ਨੇ ਜਾਣਕਾਰੀ ਦਿੱਤੀ ਕਿ ਸ਼੍ਰੀਮਤੀ ਮੁਰਮੂ ਨੂੰ ਕੁੱਲ 4701 ਵੋਟਾਂ ’ਚੋਂ 2824 ਵੋਟਾਂ ਹਾਸਲ ਹੋਈਆਂ ਜਦਕਿ ਯਸ਼ਵੰਤ ਸਿਨਹਾਂ ਨੂੰ ਉਨ੍ਹਾਂ ਦੇ ਮੁਕਾਬਲੇ 1877 ਵੋਟਾਂ ਹੀ ਮਿਲੀਆਂ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਵਿਰੋਧੀ ਧਿਰ ਦੇ 17 ਸੰਸਦ ਮੈਂਬਰਾਂ ਨੇ ਵੀ ਮੁਰਮੂ ਦੇ ਹੱਕ ’ਚ ਵੋਟ ਭੁਗਤਾਈ।
Trending Photos
ਚੰਡੀਗੜ: ਐੱਨ. ਡੀ. ਏ. ਉਮੀਦਵਾਰ ਦਰੋਪਦੀ ਮੁਰਮੂ ਦੇਸ਼ ਦੇ 15ਵੇਂ ਰਾਸ਼ਟਰਪਤੀ ਚੁਣੇ ਗਏ ਹਨ ਉਹ 25 ਜੁਲਾਈ ਨੂੰ ਆਪਣੇ ਅਹੁਦੇ ਦਾ ਹਲਫ਼ ਲੈਣਗੇ। ਜਿਕਰਯੋਗ ਹੈ ਕਿ ਵੋਟਾਂ ਦੀ ਗਿਣਤੀ ਦੌਰਾਨ ਉਨ੍ਹਾਂ ਤੀਜੇ ਗੇੜ ’ਚ ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਦੇ ਮੁਕਾਬਲੇ ਜਿੱਤ ਲਈ 50 ਫ਼ੀਸਦ ਤੋਂ ਵੱਧ ਵੋਟਾਂ ਦੇ ਅੰਕੜੇ ਨੂੰ ਪਾਰ ਕਰ ਲਿਆ ਸੀ। ਮੁਰਮੂ ਹੁਣ ਤੱਕ ਦੇ ਰਾਸ਼ਟਰਪਤੀਆਂ ’ਚੋਂ ਸਭ ਤੋਂ ਘੱਟ ਉਮਰ ਦੇ ਹੋਣਗੇ ਜਿਨ੍ਹਾਂ ਦਾ ਜਨਮ ਆਜ਼ਾਦੀ ਤੋਂ ਬਾਅਦ ਹੋਇਆ ਹੈ।
ਰਿਟਰਨਿੰਗ ਅਫ਼ਸਰ ਪੀ. ਸੀ. ਮੋਦੀ ਨੇ ਜਾਣਕਾਰੀ ਦਿੱਤੀ ਕਿ ਸ਼੍ਰੀਮਤੀ ਮੁਰਮੂ ਨੂੰ ਕੁੱਲ 4701 ਵੋਟਾਂ ’ਚੋਂ 2824 ਵੋਟਾਂ ਹਾਸਲ ਹੋਈਆਂ ਜਦਕਿ ਯਸ਼ਵੰਤ ਸਿਨਹਾਂ ਨੂੰ ਉਨ੍ਹਾਂ ਦੇ ਮੁਕਾਬਲੇ 1877 ਵੋਟਾਂ ਹੀ ਮਿਲੀਆਂ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਵਿਰੋਧੀ ਧਿਰ ਦੇ 17 ਸੰਸਦ ਮੈਂਬਰਾਂ ਨੇ ਵੀ ਮੁਰਮੂ ਦੇ ਹੱਕ ’ਚ ਵੋਟ ਭੁਗਤਾਈ।
ਭਗਵਦ ਗੀਤਾ ਦੇ ਫਲਸਫ਼ੇ ’ਤੇ ਚਲਦਿਆਂ ਸਵੀਕਾਰ ਕੀਤੀ ਸੀ ਪੇਸ਼ਕਸ਼- ਸਿਨਹਾ
ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਹਾਰ ਸਵੀਕਾਰ ਕਰਦਿਆਂ ਸ਼੍ਰੀਮਤੀ ਮੁਰਮੂ ਨੂੰ ਵਧਾਈ ਦਿੰਦਿਆ ਕਿਹਾ ਕਿ ਹਰੇਕ ਭਾਰਤੀ ਨੂੰ ਆਸ ਹੈ ਕਿ ਉਹ ਬਿਨਾਂ ਕਿਸੇ ਡਾਰ ਜਾਂ ਲਿਹਾਜ਼ ਦੇ 'ਸੰਵਿਧਾਨ ਦੇ ਰਾਖੇ' ਵਜੋਂ ਕੰਮ ਕਰਨਗੇ। ਇਸ ਮੌਕੇ ਸਿਨਹਾ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੇ ਹੱਕ ’ਚ ਵੋਟ ਭੁਗਤਾਈ। ਸਿਨਹਾ ਨੇ ਦੱਸਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੁਆਰਾ ਭਗਵਦ ਗੀਤਾ ’ਚ ਦਿਖਾਏ ਮਾਰਗ ਅਨੁਸਾਰ ਉਨ੍ਹਾਂ ਨੇ "ਕਰਮ ਕਰੋ, ਫ਼ਲ ਦੀ ਇੱਛਾ ਨਾ ਰੱਖੋ" ਦੇ ਫਲਸਫ਼ੇ ’ਤੇ ਚੱਲਦਿਆਂ ਵਿਰੋਧੀ ਧਿਰ ਦੇ ਪੇਸ਼ਕਸ਼ ਨੂੰ ਸਵੀਕਾਰ ਕੀਤਾ ਸੀ।
ਸ਼੍ਰੀ ਮਤੀ ਮੁਰਮੂ ਦੀ ਸਿਆਸੀ ਸਫ਼ਰ ’ਤੇ ਇਕ ਝਾਤ
ਉੜੀਸਾ ਦੀ ਦਰੋਪਦੀ ਮੁਰਮੂ ਦਾ ਨਿੱਜੀ ਜੀਵਨ ਬਹੁਤ ਹੀ ਔਕੜਾਂ ਭਰਿਆ ਰਿਹਾ ਹੈ। ਪਰ ਇਸ ਸਭ ਦੀ ਪਰਵਾਹ ਨਾ ਕਰਦਿਆਂ ਅੱਜ ਉਹ ਕੌਂਸਲਰ ਤੋਂ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਣ ’ਚ ਕਾਮਯਾਬ ਹੋਏ ਹਨ। ਜਿਕਰਯੋਗ ਹੈ ਕਿ ਸਾਲ 2009 ਤੋਂ 2015 ਦੇ ਵਿਚਕਾਰ ਆਪਣੇ ਪਤੀ ਅਤੇ ਦੋ ਬੇਟਿਆਂ ਨੂੰ ਗੁਆਉਣ ਵਾਲੀ ਮੁਰਮੂ ਬ੍ਰਹਮਾ ਕੁਮਾਰੀ ਦੀ ਸ਼ਰਨ ਲਈ ਸੀ। ਸ਼ੁਰੂਆਤੀ ਦੌਰ ’ਚ ਉਹ ਰਾਏਰੰਗਪੁਰ ਏਰੀਆ ਤੋਂ ਭਾਜਪਾ ਦੀ ਕੌਂਸਲਰ ਚੁਣੀ ਗਈ, ਇਸ ਤੋਂ ਬਾਅਦ 2000 ਤੋਂ 2004 ਦੌਰਾਨ ਉਹ ਬੀਜੇਡੀ-ਭਾਜਪਾ ਗਠਜੋੜ ਦੀ ਸਰਕਾਰ ਦੌਰਾਨ ਮੰਤਰੀ ਬਣੀ। ਉਨ੍ਹਾਂ ਭਾਜਪਾ ਦੇ ਵੱਖ ਵੱਖ ਅਹੁਦਿਆਂ ’ਤੇ ਕੰਮ ਕੀਤਾ ਹੈ, ਸਾਲ 2015 ’ਚ ਉਨ੍ਹਾਂ ਨੂੰ ਝਾਰਖੰਡ ਦਾ ਰਾਜਪਾਲ ਬਣਾਇਆ ਗਿਆ। ਸਾਲ 2014 ’ਚ ਸ਼੍ਰੀਮਤੀ ਮੁਰਮੂ ਨੇ ਰਾਏਰੰਗਪੁਰ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ, ਜਿਸ ’ਚ ਉਹ ਬੀਜੇਡੀ ਉਮੀਦਵਾਰ ਤੋਂ ਹਾਰ ਗਏ ਸਨ। ਮੁਰਮੂ, ਸ੍ਰੀ ਅਰਬਿੰਦੋ ਇੰਟੈਗ੍ਰਲ ਐਜੂਕੇਸ਼ਨ ਸੈਂਟਰ ’ਚ ਸਹਾਇਕ ਅਧਿਆਪਕ ਵਜੋਂ ਵੀ ਸੇਵਾ ਨਿਭਾ ਚੁੱਕੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼੍ਰੀਮਤੀ ਮੁਰਮੂ ਨੂੰ ਦਿੱਤੀ ਵਧਾਈ
ਐਨ. ਡੀ. ਏ. ਉਮੀਦਵਾਰ ਦਰੋਪਦੀ ਮੁਰਮੂ ਦੇ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਨ੍ਹਾਂ ਦੀ ਰਿਹਾਇਸ਼ ’ਤੇ ਵਧਾਈ ਦੇਣ ਪਹੁੰਚੇ। ਇਸ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਕਬਾਇਲੀ ਭਾਈਚਾਰੇ ਨਾਲ ਸਬੰਧਿਤ ਧੀ ਨੂੰ ਰਾਸ਼ਟਰਪਤੀ ਚੁਣਕੇ ਭਾਰਤ ਨੇ ਇਤਿਹਾਸ ਰੱਚ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਰਾਸ਼ਟਰਪਤੀ ਮੁਰਮੂ ਭਾਰਤ ਦੇ ਹਰ ਨਾਗਰਿਕ ਲਈ ਆਸ ਦੀ ਕਿਰਨ ਵਜੋਂ ਉੱਭਰੀ ਹੈ। ਉਨ੍ਹਾਂ ਇਸ ਦੌਰਾਨ ਪਾਰਟੀ ਪੱਧਰ ਤੋਂ ਉੱਪਰ ਉੱਠ ਮੁਰਮੂ ਨੂੰ ਸਮਰਥਨ ਦੇਣ ਵਾਲੇ ਸਾਰੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦਾ ਧੰਨਵਾਦ ਕੀਤਾ ਤੇ ਕਿਹਾ, "ਮੁਰਮੂ ਦੀ ਰਿਕਾਰਡਤੋੜ ਜਿੱਤ ਸਾਡੇ ਲੋਕਤੰਤਰ ਲਈ ਲਾਹੇਵੰਦ ਸਾਬਤ ਹੋਵੇਗੀ।" ਸ਼੍ਰੀਮਤੀ ਮੁਰਮੂ ਦੀ ਜਿੱਤ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਵਧਾਈ ਦਿੱਤੀ।