Punjab High Court: ਗੈਂਗਸਟਰ ਲੱਕੀ ਪਟਿਆਲ ਦੀ ਧਮਕੀ ਤੋਂ ਬਾਅਦ ਡੀਐਸਪੀ ਗੁਰਸ਼ੇਰ ਸਿੰਘ ਨੂੰ ਡਿਊਟੀ ਵਿੱਚ ਕੁਤਾਹੀ ਵਰਤਣਾ ਮਹਿੰਗਾ ਪੈ ਗਿਆ ਹੈ।
Trending Photos
Punjab High Court: ਗੈਂਗਸਟਰ ਲੱਕੀ ਪਟਿਆਲ ਦੀ ਧਮਕੀ ਤੋਂ ਬਾਅਦ ਡੀਐਸਪੀ ਗੁਰਸ਼ੇਰ ਸਿੰਘ ਨੂੰ ਡਿਊਟੀ ਵਿੱਚ ਕੁਤਾਹੀ ਵਰਤਣਾ ਮਹਿੰਗਾ ਪੈ ਗਿਆ ਹੈ। ਹਾਈ ਕੋਰਟ ਨੇ ਉਸ 'ਤੇ ਡਿਊਟੀ 'ਚ ਅਣਗਹਿਲੀ ਵਰਤਣ ਦਾ ਦੋਸ਼ੀ ਕਰਾਰ ਦੇ ਕੇ ਪੰਜਾਬ ਦੇ ਗ੍ਰਹਿ ਸਕੱਤਰ ਅਤੇ ਡੀਜੀਪੀ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ।
ਮਨਮੋਹਨ ਸਿੰਘ ਨਾਮ ਦੇ ਸਖ਼ਸ਼ ਨੂੰ ਲੱਕੀ ਪਟਿਆਲਾ ਧਮਕੀਆਂ ਦੇ ਰਿਹਾ ਸੀ। ਉਸ ਨੇ ਡੀਐਸਪੀ ਗੁਰਸ਼ੇਰ ਸਿੰਘ ਸ਼ਿਕਾਇਤ ਕੀਤੀ ਸੀ। ਇਸ ਦਾ ਗੁਰਸ਼ੇਰ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਸੀ। ਐਨਆਈਏ ਦੀ ਹਿਟ ਲਿਸਟ ਵਿੱਚ ਮੌਜੂਦ ਗੈਂਗਸਟਰ ਲੱਕੀ ਪਟਿਆਲ ਦੀ ਫਿਰੌਤੀ ਲਈ ਫੋਨ ਅਤੇ ਧਮਕੀ ਦੀ ਸ਼ਿਕਾਇਤ ਦੇਣ ਵਾਲੇ ਦਾ ਫੋਨ ਨਹੀਂ ਚੁੱਕਿਆ ਅਤੇ ਇਸ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਡੀਐਸਪੀ ਗੁਰਸ਼ੇਰ ਸਿੰਘ ਮੁਸ਼ਕਲਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ।
ਕਾਬਿਲੇਗੌਰ ਹੈ ਕਿ ਮੋਹਾਲੀ ਵਾਸੀ ਮਨਮੋਹਨ ਨੂੰ ਗੈਂਗਸਟਰ ਲੱਕੀ ਪਟਿਆਲ ਦਾ ਵਟਸਐਪ ਉਤੇ ਕਾਲ ਆਇਆ ਸੀ, ਜਿਸ ਨੇ ਮਨਮੋਹਨ ਨੂੰ ਧਮਕੀ ਦਿੱਤੀ ਅਤੇ ਪੈਸਿਆਂ ਦੀ ਮੰਗ ਕੀਤੀ। ਮਨਮੋਹਨ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਕਾਲ ਰਿਕਾਰਡਿੰਗ ਵੀ ਭੇਜੀ ਸੀ, ਜਿਸ ਉਤੇ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਉਸ ਨੇ ਡੀਐਸਪੀ ਨੂੰ ਵਾਰ-ਵਾਰ ਕਾਲ ਕੀਤੀ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਇਸ ਤੋਂ ਬਾਅਦ ਡੀਐਸਪੀ ਨੇ ਉਨ੍ਹਾਂ ਨੂੰ ਪਰੇਸ਼ਾਨ ਨਾ ਕਰਨ ਦੀ ਗੱਲ ਕਹੀ ਅਤੇ ਮਜਬੂਰ ਹੋ ਕੇ ਡੀਐਸਪੀ ਤੋਂ ਮੁਆਫੀ ਮੰਗਣੀ ਪਈ ਸੀ। ਇਸ ਤੋਂ ਬਾਅਦ ਮਾਮਲਾ ਹਾਈ ਕੋਰਟ ਵਿੱਚ ਪੁੱਜ ਗਿਆ। ਅਦਾਲਤ ਨੇ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਡੀਜੀਪੀ ਨੂੰ ਕਾਰਵਾਈ ਦਾ ਆਦੇਸ਼ ਦਿੱਤਾ ਸੀ। ਬਾਅਦ ਵਿੱਚ ਹਾਈ ਕੋਰਟ ਨੂੰ ਦੱਸਿਆ ਕਿ ਗੁਰਸ਼ੇਰ ਸਿੰਘ ਦਾ ਮੋਹਾਲੀ ਸਪੈਸ਼ਲ ਸੈਲ ਤੋਂ ਪੰਜਾਬ ਪੁਲਿਸ ਦੀ 9 ਬਟਾਲੀਅਨ ਅੰਮ੍ਰਿਤਸਰ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਪਟੀਸ਼ਨਕਰਤਾ ਨੂੰ ਸੁਰੱਖਿਆ ਵੀ ਮੁਹੱਈਆ ਕਰਵਾ ਦਿੱਤੀ ਗਈ ਹੈ।
ਇਸ ਉਤੇ ਹਾਈ ਕੋਰਟ ਨੇ ਕਿਹਾ ਕਿ ਇਹ ਸਭ ਮਹਿਜ ਅਦਾਲਤ ਨੂੰ ਸੰਤੁਸ਼ਟ ਕਰਨ ਲਈ ਕੀਤਾ ਗਿਆ ਹੈ ਪਰ ਲੱਕੀ ਪਟਿਆਲ ਖਤਰਨਾਕ ਅਪਰਾਧੀ ਹੈ ਜੋ ਐਨਆਈਏ ਦੀ ਹਿਟ ਲਿਸਟ ਵਿੱਚ ਹੈ। ਇਸ ਦੇ ਬਾਵਜੂਦ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਲਿਹਾਜਾ ਹਾਈ ਕੋਰਟ ਨੇ ਹੁਣ ਪੰਜਾਬ ਦੇ ਗ੍ਰਹਿ ਸਕੱਤਰ ਅਤੇ ਡੀਜੀਪੀ ਨੂੰ ਇਸ ਮਾਮਲੇ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਉਤੇ ਕਾਰਵਾਈ ਯਕੀਨੀ ਬਣਾਉਣ ਦਾ ਆਦੇਸ਼ ਦਿੱਤਾ ਹੈ।