Bribe Case: ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦੇ ਹੋਏ ਕਾਰਜਕਾਰੀ ਇੰਜੀਨੀਅਰ ਅਤੇ ਐਸਡੀਓ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ਼ਤਾ ਹਾਸਲ ਕੀਤੀ ਹੈ।
Trending Photos
Bribe Case: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਵਿਰੁੱਧ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਹੁਸ਼ਿਆਰਪੁਰ ਤੋਂ ਪੰਜ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਮਾਈਨਿੰਗ ਵਿਭਾਗ ਦੇ ਇੱਕ ਕਾਰਜਕਾਰੀ ਇੰਜੀਨੀਅਰ ਅਤੇ ਸਬ ਡਿਵੀਜ਼ਨ ਆਫਿਸ (ਐਸਡੀਓ) ਨੂੰ ਗ੍ਰਿਫਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਗਰਾਓਂ ਤਹਿਸੀਲ ਦੇ ਪਿੰਡ ਢੋਲਣ ਵਾਸੀ ਜਸਪ੍ਰੀਤ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਰੀਗਲ ਇੰਟਰਪ੍ਰਾਈਜ਼ਿਜ਼ ਕੰਪਨੀ 'ਚ ਸਾਈਟ ਕੰਟਰੋਲਰ ਵਜੋਂ ਤਾਇਨਾਤ ਹੈ। ਕੰਪਨੀ ਨੂੰ ਮੁਕੇਰੀਆਂ-ਤਲਵਾੜਾ ਰੇਲਵੇ ਲਾਈਨ ਉਪਰ ਮਿੱਟੀ ਪਾਉਣ ਦਾ ਠੇਕਾ ਹਾਸਲ ਹੋਇਆ ਸੀ ਤੇ ਕੰਪਨੀ ਨੇ ਦਸੂਹਾ ਤਹਿਸੀਲ ਦੇ ਪਿੰਡ ਘਗਵਾਲ ਤੋਂ ਮਿੱਟੀ ਚੁੱਕਣ ਲਈ ਸਬੰਧਤ ਵਿਭਾਗ ਕੋਲ ਸਰਕਾਰ ਵੱਲੋਂ ਨਿਰਧਾਰਤ ਫੀਸ 41,10,117 ਰੁਪਏ ਵੀ ਜਮ੍ਹਾਂ ਕਰਵਾ ਦਿੱਤੀ ਸੀ।
ਇਸ ਉਪਰੰਤ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਜਿਸ ਜ਼ਮੀਨ ਲਈ ਉਨ੍ਹਾਂ ਨੇ ਫੀਸ ਅਦਾ ਕੀਤੀ ਹੈ, ਉਹ ਜ਼ਮੀਨ ਜੰਗਲਾਤ ਵਿਭਾਗ ਦੀ ਧਾਰਾ 4 ਅਤੇ 5 ਅਧੀਨ ਆਉਂਦੀ ਹੈ। ਕੰਪਨੀ ਨੇ ਮਾਰਚ 2023 'ਚ ਰਾਇਲਟੀ ਤਬਦੀਲ ਕਰਨ ਲਈ ਅਰਜ਼ੀ ਦਿੱਤੀ ਸੀ। ਸ਼ਿਕਾਇਤਕਰਤਾ ਆਪਣੇ ਸੀਨੀਅਰ ਜਤਿੰਦਰ ਸਿੰਘ ਨੂੰ ਨਾਲ ਲੈ ਕੇ 20 ਜੁਲਾਈ ਨੂੰ ਉਕਤ ਐਕਸੀਅਨ ਤੇ ਐੱਸਡੀਓ ਨੂੰ ਦਫ਼ਤਰ ਵਿੱਚ ਪੁੱਜੇ। ਐਕਸੀਅਨ ਸਰਤਾਜ ਰੰਧਾਵਾ ਨੇ ਕਿਹਾ ਕਿ ਰਾਇਲਟੀ ਟਰਾਂਸਫਰ ਨਹੀਂ ਕੀਤੀ ਜਾ ਸਕਦੀ ਪਰ ਅਪੀਲ ਕਰਨ 'ਤੇ ਐਕਸੀਅਨ ਨੇ ਕਿਹਾ ਕਿ ਇਸ ਸਬੰਧੀ ਐੱਸਡੀਓ ਹਰਜਿੰਦਰ ਸਿੰਘ ਉਨ੍ਹਾਂ ਨਾਲ ਗੱਲ ਕਰੇਗਾ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕੁਝ ਦਿਨਾਂ ਉਪਰੰਤ ਮੁਲਜ਼ਮ ਐੱਸਡੀਓ ਨੇ ਜਤਿੰਦਰ ਸਿੰਘ ਨੂੰ ਦਸੂਹਾ ਸਥਿਤ ਆਪਣੇ ਦਫ਼ਤਰ ਬੁਲਾਇਆ ਤੇ ਦੱਸਿਆ ਕਿ ਐਕਸੀਅਨ ਸਰਤਾਜ ਰੰਧਾਵਾ ਨੇ ਰਾਇਲਟੀ ਟਰਾਂਸਫਰ ਕਰਨ ਬਦਲੇ 12 ਲੱਖ ਰੁਪਏ ਰਿਸ਼ਵਤ ਮੰਗੀ ਰੱਖਈ। ਐੱਸਡੀਓ 8 ਲੱਖ ਰੁਪਏ ਵਿੱਚ ਰਾਜ਼ੀ ਹੋ ਗਿਆ। ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਯੂਨਿਟ ਹੁਸ਼ਿਆਰਪੁਰ ਦੀ ਟੀਮ ਨੇ ਟ੍ਰੈਪ ਲਗਾ ਕੇ ਦੋਵਾਂ ਮੁਲਜ਼ਮਾਂ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਸ਼ਿਕਾਇਤਕਰਤਾ ਤੋਂ 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਕਸੀਅਨ ਸਰਤਾਜ ਰੰਧਾਵਾ ਤੇ ਐੱਸ.ਡੀ.ਓ. ਹਰਜਿੰਦਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ ਧਾਰਾ 34 ਅਧੀਨ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵਿਖੇ ਮਿਤੀ 31 ਅਗਸਤ ਨੂੰ ਐੱਫ.ਆਈ.ਆਰ. ਨੰ. 22 ਤਹਿਤ ਦਰਜ ਕੀਤੀ ਗਈ ਹੈ। ਦੋਵਾਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : Punjab News: ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ 6 ਸਾਥੀ ਗ੍ਰਿਫਤਾਰ, 5 ਪਿਸਤੌਲ, 20 ਜਿੰਦਾ ਕਾਰਤੂਸ ਬਰਾਮਦ