Joginder Pal Bhoa Arrested: ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਘਿਰੇ ਸਾਬਕਾ ਵਿਧਾਇਕ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Trending Photos
Joginder Pal Bhoa Arrested: ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਅਦਾਲਤ ਵੱਲੋਂ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਧਾਇਕ ਜੋਗਿੰਦਰ ਪਾਲ ਦਾ ਰਾਤ ਨੂੰ ਮੈਡੀਕਲ ਕਰਵਾਉਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜੋਗਿੰਦਰ ਪਾਲ ਨੂੰ ਸ਼ੂਗਰ ਦੀ ਸਮੱਸਿਆ ਅਤੇ 2017 ਵਿੱਚ ਹੋਈ ਬਾਈਪਾਸ ਸਰਜਰੀ ਹੋਣ ਕਾਰਨ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਸੀ। ਵੱਡੀ ਗਿਣਤੀ ਵਿੱਚ ਪੁਲਿਸ ਵੀ ਹਸਪਤਾਲ ਵਿੱਚ ਤਾਇਨਾਤ ਹੈ। ਨਾਜਾਇਜ਼ ਮਾਈਨਿੰਗ ਕਾਰਨ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਉਸ ਦੇ ਇੱਕ ਸਾਥੀ ਸਮੇਤ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਕੀ ਹੈ ਪੂਰਾ ਮਾਮਲਾ
ਪਿਛਲੇ ਸਾਲ 8 ਜੂਨ ਨੂੰ ਮਾਈਨਿੰਗ ਵਿਭਾਗ ਦੀ ਸ਼ਿਕਾਇਤ ਉਤੇ ਤਾਰਾਗੜ੍ਹ ਪੁਲਿਸ ਨੇ ਮਾਈਨਿੰਗ ਕਲਾਂ ਸਥਿਤ ਕ੍ਰਿਸ਼ਨਾ ਕਰੱਸ਼ਰ ਉਤੇ ਛਾਪਾ ਮਾਰ ਕੇ ਪੋਕਲੇਨ ਸਮੇਤ ਤਿੰਨ ਵਾਹਨ ਜ਼ਬਤ ਕੀਤੇ ਸਨ। ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਕਰੱਸ਼ਰ ਦਾ ਕੰਮ ਕਰਨ ਵਾਲੇ ਸੁਨੀਲ ਕੁਮਾਰ ਤੇ ਪ੍ਰਕਾਸ਼ ਵੀ ਸ਼ਾਮਲ ਸਨ। ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਜ਼ਮਾਨਤ ਮਿਲਣ ਤੋਂ ਬਾਅਦ ਉਸ ਨੇ ਮੁੜ ਉਸੇ ਕਰੱਸ਼ਰ 'ਤੇ ਨਾਜਾਇਜ਼ ਮਾਈਨਿੰਗ ਸ਼ੁਰੂ ਕਰ ਦਿੱਤੀ ਹੈ।
ਕਰੱਸ਼ਰ 'ਚ ਜੋਗਿੰਦਰਪਾਲ ਦੀ 50 ਫ਼ੀਸਦੀ ਹਿੱਸੇਦਾਰੀ ਹੈ, ਪਤਨੀ ਦੀ 25 ਫ਼ੀਸਦੀ ਹਿੱਸੇਦਾਰੀ
ਮਾਮਲੇ ਦੀ ਜਾਂਚ ਤੇ ਕਰੱਸ਼ਰ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਕਿ ਕ੍ਰਿਸ਼ਨਾ ਕਰੱਸ਼ਰ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੀ 50 ਫ਼ੀਸਦੀ ਹਿੱਸੇਦਾਰੀ ਹੈ। 25 ਫ਼ੀਸਦੀ ਹਿੱਸੇਦਾਰੀ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਦੇਵੀ ਦੇ ਨਾਂ 'ਤੇ ਹੈ, ਜਦਕਿ ਲਕਸ਼ੈ ਨਾਂ ਦਾ ਇਕ ਹੋਰ ਸਾਥੀ ਵੀ ਹੈ। ਇਸ ਤੋਂ ਬਾਅਦ ਤਾਰਾਗੜ੍ਹ ਪੁਲਿਸ ਨੇ 8 ਜੂਨ ਨੂੰ ਦਰਜ ਐਫਆਈਆਰ ਵਿੱਚ ਸਾਬਕਾ ਵਿਧਾਇਕ ਜੋਗਿੰਦਰ ਪਾਲ, ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਦੇਵੀ ਤੇ ਸਾਥੀ ਲਕਸ਼ੈ ਦਾ ਨਾਂ ਵੀ ਸ਼ਾਮਲ ਕੀਤਾ ਸੀ।
ਜਨਤਕ ਮੀਟਿੰਗ 'ਚ ਨੌਜਵਾਨ ਨੂੰ ਮਾਰਿਆ ਸੀ ਥੱਪੜ
ਜੋਗਿੰਦਰ ਪਾਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਭੋਆ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਸੀਮਾ ਕੁਮਾਰੀ ਵਿਰੁੱਧ ਕਰੀਬ 27 ਹਜ਼ਾਰ ਵੋਟਾਂ ਨਾਲ ਜਿੱਤੀਆਂ ਸਨ। ਹਾਲਾਂਕਿ, 2022 ਦੀਆਂ ਚੋਣਾਂ ਵਿੱਚ, ਉਹ 'ਆਪ' ਉਮੀਦਵਾਰ ਲਾਲ ਚੰਦ ਕਟਾਰੂਚੱਕ ਤੋਂ ਲਗਭਗ ਇੰਨੇ ਹੀ ਵੋਟਾਂ ਨਾਲ ਹਾਰ ਗਏ ਸਨ। ਉਹ 2022 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਜਨਤਕ ਮੀਟਿੰਗ ਵਿੱਚ ਸਵਾਲ ਪੁੱਛਣ ਲਈ ਇੱਕ ਨੌਜਵਾਨ ਨੂੰ ਥੱਪੜ ਮਾਰ ਕੇ ਸੁਰਖੀਆਂ ਵਿੱਚ ਆਇਆ ਸੀ।