Samrala News: ਸਮਰਾਲਾ ਵਿੱਚ ਸਕੂਲੀ ਬੱਚਿਆਂ ਦੇ ਉਸ ਵਕਤ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਸਕੂਲੀ ਵੈਨ ਨੂੰ ਇੱਕ ਪਿਸਟਲ ਵਾਲੀ ਮਹਿਲਾ ਵੱਲੋਂ ਰੋਕ ਕੇ ਬੱਚਿਆਂ ਵੱਲੋਂ ਬਣਾਈ ਗਈ ਵੀਡੀਓ ਨੂੰ ਡਿਲੀਟ ਕਰਵਾਇਆ ਗਿਆ।
Trending Photos
Samrala News (ਵਰੁਣ ਕੌਸ਼ਲ): ਸਮਰਾਲਾ ਇਲਾਕੇ ਵਿੱਚ ਸਕੂਲੀ ਬੱਚਿਆਂ ਤੇ ਮਾਪਿਆਂ ਵਿੱਚ ਉਸ ਵਕਤ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਸਕੂਲੀ ਵੈਨ ਨੂੰ ਇੱਕ ਪਿਸਟਲ ਵਾਲੀ ਮਹਿਲਾ ਵੱਲੋਂ ਰੋਕ ਕੇ ਬੱਚਿਆਂ ਵੱਲੋਂ ਬਣਾਈ ਗਈ ਵੀਡੀਓ ਨੂੰ ਡਿਲੀਟ ਕਰਵਾਇਆ ਗਿਆ। ਇਹ ਮਾਮਲਾ ਥਾਣਾ ਸਮਰਾਲਾ ਵਿਚ ਕਾਰਵਾਈ ਲਈ ਪੁੱਜ ਚੁੱਕਾ ਹੈ।
ਸਬੰਧਤ ਨਿਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਲਿਖੀ ਗਈ ਦਰਖਾਸਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸਕੂਲ ਦੀ ਵੈਨ ਜਿਸ ਵਿਚ ਗਿਆਰਵੀਂ ਅਤੇ ਬਾਹਰਵੀਂ ਕਲਾਸ ਦੀਆਂ 11 ਵਿਦਿਆਰਥਣਾਂ ਅਤੇ 14 ਵਿਦਿਆਰਥੀ ਮੌਜੂਦ ਸਨ। ਇਹ ਵੈਨ ਜਦੋਂ ਸਮਰਾਲਾ ਬਾਈਪਾਸ ਉਪਰ ਸਕੂਲ ਦੇ ਨੇੜੇ ਪੁੱਜਣ ਵਾਲੀ ਤਾਂ ਪਿਛੇ ਤੋਂ ਆ ਰਹੀ ਇਕ ਫਾਰਚਿਊਨਰ ਗੱਡੀ ਜਿਸਨੂੰ ਇੱਕ ਮਹਿਲਾ ਚਲਾ ਰਹੀ ਸੀ।
ਉਸ ਮਹਿਲਾ ਵੱਲੋਂ ਆਪਣੀ ਗੱਡੀ ਨੂੰ ਸਕੂਲ ਵੈਨ ਦੇ ਅੱਗੇ ਲਗਾ ਕੇ ਵੈਨ ਨੂੰ ਰੋਕ ਲਿਆ ਗਿਆ। ਸਕੂਲ ਪ੍ਰਿੰਸੀਪਲ ਦਾ ਦੋਸ਼ ਹੈ ਕਿ ਉਸ ਮਹਿਲਾ ਦੇ ਹੱਥ ਵਿਚ ਪਿਸਟਲ ਸੀ। ਉਹ ਮਹਿਲਾ ਵੈਨ ਦੇ ਅੰਦਰ ਦਾਖਲ ਹੋਈ ਅਤੇ ਉਸਨੇ ਬੱਚਿਆਂ ਨੂੰ ਕਿਹਾ ਕਿ ਤੁਸੀ ਜੋ ਵੀਡੀਓ ਬਣਾ ਰਹੇ ਸੀ ਉੁਸਨੂੰ ਤੁਰੰਤ ਡੀਲੀਟ ਕਰੋ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਹ ਬੱਚੇ ਸਨੈਪਚੈਟ ਖੇਡ ਰਹੇ ਸਨ।
ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਤੋਂ ਬਾਅਦ ਵੈਨ ਅੰਦਰ ਬੱਚੇ ਬੁਰੀ ਤਰ੍ਹਾਂ ਸਹਿਮ ਗਏ। ਇਸ ਸੰਬੰਧ ਵਿਚ ਪ੍ਰਿੰਸੀਪਲ ਤੋਂ ਜਦੋ ਇਹ ਪੁੱਛਿਆ ਗਿਆ ਕਿ ਸਕੂਲ ਵਿਚ ਬੱਚਿਆਂ ਵੱਲੋਂ ਮੋਬਾਈਲ ਲੈ ਕੇ ਆਉਣ ਦੀ ਮਨਜ਼ੂਰੀ ਹੈ ਤਾਂ ਉਨ੍ਹਾਂ ਕਿਹਾ ਕਿ ਸਕੂਲ ਲੱਗਣ ਤੋਂ ਪਹਿਲਾਂ ਇਹ ਮੋਬਾਈਲ ਜਮਾਂ ਕਰਵਾ ਲਏ ਜਾਂਦੇ ਹਨ ਪਰ ਸਕੂਲ ਛੱਡਣ ਸਮੇਂ ਇਨ੍ਹਾਂ ਨੂੰ ਵਾਪਸ ਦੇ ਦਿੱਤੇ ਜਾਂਦੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਬੱਚਿਆਂ ਨਾਲ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੀ ਔਰਤ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਇਸ ਸੰਬੰਧ ਵਿਚ ਜਦੋਂ ਥਾਣਾ ਮੁਖੀ ਦਵਿੰਦਰਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ। ਬਣਦੀ ਤਫਤੀਸ਼ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਇਨਡਾਇਵਰ ਗੱਡੀ ਦਾ ਜ਼ਿਕਰ ਕੀਤਾ ਗਿਆ ਹੈ ਪ੍ਰੰਤੂ ਹੁਣ ਉਨ੍ਹਾਂ ਵੱਲੋਂ ਫਾਰਚਿਊਨਰ ਦੇ ਬਿਆਨ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਗੱਡੀ ਨੂੰ ਟਰੇਸ ਕਰਕੇ ਅਣਪਛਾਤੀ ਮਹਿਲਾ ਨੂੰ ਥਾਣੇ ਲਿਆ ਕਿ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ।