Pathankot News: ਭੋਆ ਵਿੱਚ ਪੈਂਦੇ ਪਿੰਡ ਗਤੌਰਾ ਦੇ ਸਰਕਾਰ ਪ੍ਰਾਇਮਰੀ ਸਕੂਲ ਵਿੱਚ ਭੱਜ ਦੌੜ ਮਚ ਗਈ ਜਦਕਿ ਇੱਕ ਵਿਅਕਤੀ ਪੈਟਰੋਲ ਦੀ ਬੋਤਲ ਲੈ ਕੇ ਅਧਿਆਪਕਾ ਨੂੰ ਸਾੜਨ ਲਈ ਅੰਦਰ ਵੜ ਗਿਆ।
Trending Photos
Pathankot News (ਅਜੇ ਮਹਾਜਨ): ਜ਼ਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਵਿੱਚ ਪੈਂਦੇ ਪਿੰਡ ਗਤੌਰਾ ਦੇ ਸਰਕਾਰ ਪ੍ਰਾਇਮਰੀ ਸਕੂਲ ਵਿੱਚ ਭੱਜ ਦੌੜ ਮਚ ਗਈ ਜਦਕਿ ਇੱਕ ਵਿਅਕਤੀ ਪੈਟਰੋਲ ਦੀ ਬੋਤਲ ਲੈ ਕੇ ਅਧਿਆਪਕਾ ਨੂੰ ਸਾੜਨ ਦੇ ਮਕਸਦ ਨਾਲ ਅੰਦਰ ਗਿਆ। ਇਹੀ ਨਹੀਂ ਉਸ ਵਿਅਕਤੀ ਨੇ ਸਰਕਾਰੀ ਸਕੂਲ ਅੰਦਰ ਆ ਕੇ ਉਥੇ ਬੱਚਿਆਂ ਨੂੰ ਪੜ੍ਹਾ ਰਹੀ ਅਧਿਆਪਕਾ ਦੇ ਨਾਲ ਕੁੱਟਮਾਰ ਵੀ ਕੀਤੀ। ਇਹ ਦੋਸ਼ ਉਕਤ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਅਧਿਆਪਕਾ ਰੇਣੂ ਸ਼ਰਮਾ, ਪਿੰਡ ਗਤੌਰਾ ਦੀ ਸਰਪੰਚ ਦੀਕਿਸ਼ਾ ਠਾਕੁਰ ਮੌਕੇ ਉਤੇ ਪੁੱਜੇ ਸਰਪੰਚ ਰਾਜਿੰਦਰ ਕੁਮਾਰ ਭਿੱਲਾ ਤੇ ਚਸ਼ਮਦੀਦ ਬੱਚਿਆਂ ਨੇ ਪਿੰਡ ਗਤੌਰਾ ਦੇ ਵਾਸੀ ਲਵਲੀਨ ਸ਼ਰਮਾ ਉਪਰ ਦੋਸ਼ ਲਗਾਏ।
ਉਥੇ ਦੂਜੇ ਪਾਸੇ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਸਿੱਖਿਆ ਪੱਧਰ ਉੱਚਾ ਚੁੱਕਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਜਦ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਸਰਕਾਰ ਦੇ ਸਾਰੇ ਦਾਅਵਿਆਂ ਦੀ ਹਵਾ ਨਿਕਲਦੀ ਸਾਫ਼ ਦਿਖਾਈ ਦਿੰਦੀ ਹੈ। ਕਾਬਿਲੇਗੌਰ ਹੈ ਕਿ ਪੰਡ ਗਤੌਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਅਧਿਆਪਕਾ ਰੇਣੂ ਸ਼ਰਮਾ ਨੇ ਆਪਣੇ ਪਤੀ ਲਵਲੀਨ ਸ਼ਰਮਾ ਦੇ ਉਪਰ ਸੰਗੀਨ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੋਵਾਂ ਦੇ ਰਿਸ਼ਤੇ ਵਿੱਚ ਪਿਛਲੇ 4-5 ਸਾਲ ਤੋਂ ਵਿਵਾਦ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਜਦ ਪਿਛਲੇ ਕੱਲ੍ਹ ਉਹ ਆਪਣੀ ਕਲਾਸ ਲਗਾ ਰਹੀ ਸੀ ਤਾਂ ਉਸ ਦੇ ਪਤੀ ਲਵਲੀਨ ਸ਼ਰਮਾ ਹੱਥ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਸਕੂਲ ਦੇ ਅੰਦਰ ਆ ਗਏ। ਪਹਿਲਾਂ ਤਾਂ ਉਸ ਨੇ ਸਕੂਟੀ ਉਪਰ ਪੈਟਰੋਲ ਸੁੱਟ ਦਿੱਤਾ, ਜਦ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਉਪਰ ਵੀ ਪੈਟਰੋਲ ਸੁੱਟ ਦਿੱਤਾ ਤੇ ਉਸ ਨੂੰ ਧੱਕਾ ਮਾਰਿਆ। ਉਸ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਪਰ ਉਹ ਕਲਾਸ ਦੇ ਅੰਦਰ ਆ ਕੇ ਹੀ ਉਸ ਨੂੰ ਕੁੱਟਣ ਲੱਗ ਪਿਆ। ਹਾਲਾਂਕਿ ਛੁੱਟੀ ਹੋਣ ਵਿੱਚ 10-15 ਮਿੰਟ ਬਾਕੀ ਸਨ ਤਾਂ ਉਸ ਸਮੇਂ ਉਸ ਨੇ ਆਪਣੇ ਪੁੱਤਰ ਨੂੰ ਫੋਨ ਕਰਕੇ ਬੁਲਾ ਲਿਆ।
ਇਸ ਤੋਂ ਬਾਅਦ ਉਨ੍ਹਾਂ ਨੇ 112 ਨੰਬਰ ਉਪਰ ਫੋਨ ਕਰਕੇ ਪੁਲਿਸ ਨੂੰ ਇਤਲਾਹ ਦੇ ਦਿੱਤੀ। ਇਸ ਤੋਂ ਬਾਅਦ ਪਿੰਡ ਦੇ ਲੋਕ ਅਤੇ ਪੁਲਿਸ ਵੀ ਮੌਕੇ ਉਪਰ ਪੁੱਜ ਗਈ। ਰੇਣੂ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਉਸ ਦੀ ਸ਼ਿਕਾਇਤ ਲਿਖ ਕੇ ਮੈਡੀਕਲ ਕਰਵਾਉਣ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ। ਰੇਣੂ ਸ਼ਰਮਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਨਸਾਫ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਜਦੋਂ ਮੌਕੇ 'ਤੇ ਪਹੁੰਚੇ ਸਕੂਲੀ ਬੱਚਿਆਂ ਅਤੇ ਪਿੰਡ ਬੰਨੀ ਲੋਧੀ ਦੇ ਸਰਪੰਚ ਰਜਿੰਦਰ ਕੁਮਾਰ ਭਿੱਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਮੈਡਮ ਦੇ ਪਤੀ ਲਵਲੀਨ ਸ਼ਰਮਾ ਵਿਚਕਾਰ ਲੜਾਈ ਹੋਈ ਹੈ, ਜਿਸ ਸਬੰਧੀ ਅਦਾਲਤ 'ਚ ਕੇਸ ਚੱਲ ਰਿਹਾ ਹੈ। ਰਜਿੰਦਰ ਕੁਮਾਰ ਭਿੱਲਾ ਨੇ ਦੱਸਿਆ ਕਿ ਉਸ ਨੂੰ ਮੈਡਮ ਰੇਨੂ ਸ਼ਰਮਾ ਦਾ ਫੋਨ ਆਇਆ ਸੀ ਕਿ ਅੱਜ ਉਸ ਦਾ ਪਤੀ ਉਸ ਨੂੰ ਮਾਰ ਦੇਵੇਗਾ, ਇਹ ਸੁਣ ਕੇ ਉਸ ਨੇ ਤੁਰੰਤ ਥਾਣਾ ਸੁਜਾਨਪੁਰ ਦੇ ਇੰਚਾਰਜ ਨੂੰ ਫੋਨ ਕੀਤਾ ਤੇ ਖੁਦ ਸਕੂਲ ਪਹੁੰਚ ਗਿਆ। ਜਦੋਂ ਤੱਕ ਉਹ ਸਕੂਲ ਪਹੁੰਚਿਆ, ਪੁਲਿਸ ਵੀ ਸਕੂਲ ਪਹੁੰਚ ਚੁੱਕੀ ਸੀ। ਭਾਵੇਂ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ ਅੱਗ ਲਗਾਉਣ ਵਾਲਾ ਲੈਟਰ, ਪੈਟਰੋਲ ਦੀ ਬੋਤਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।
ਰਜਿੰਦਰ ਭਿੱਲਾ ਨੇ ਦੱਸਿਆ ਕਿ ਉਹ ਇਸ ਸਬੰਧੀ ਡੀਈਓ ਪਠਾਨਕੋਟ ਨੂੰ ਵੀ ਮਿਲੇ ਸਨ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਜਿਨ੍ਹਾਂ ਸਕੂਲਾਂ ਵਿੱਚ ਅਧਿਆਪਕ ਇਕੱਲੇ ਹਨ, ਉੱਥੇ ਕਿਸੇ ਹੋਰ ਅਧਿਆਪਕ ਨੂੰ ਵੀ ਡਿਊਟੀ ਉਤੇ ਲਾਇਆ ਜਾਵੇ। ਇਸ ਸਬੰਧੀ ਜਦੋਂ ਪਿੰਡ ਦੀ ਸਰਪੰਚ ਦੀਕਸ਼ਾ ਠਾਕੁਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਇਸ ਮਾਮਲੇ ਦੀ ਗਵਾਹੀ ਭਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਘਟਨਾ ਸਬੰਧੀ ਸੂਚਨਾ ਮਿਲੀ ਸੀ ਪਰ ਜਦੋਂ ਉਹ ਉਥੇ ਗਿਆ ਤਾਂ ਪੁਲਿਸ ਅਤੇ ਅਧਿਆਪਕਾ ਰੇਣੂ ਸ਼ਰਮਾ ਸਕੂਲ ਛੱਡ ਚੁੱਕੇ ਸਨ।
ਉਸ ਨੇ ਦੱਸਿਆ ਕਿ ਦੋਵਾਂ ਪਤੀ-ਪਤਨੀ ਦਾ ਆਪਸੀ ਕਲੇਸ਼ ਹੈ, ਜਿਸ ਕਾਰਨ ਉਨ੍ਹਾਂ ਦਾ ਤਲਾਕ ਦਾ ਕੇਸ ਚੱਲ ਰਿਹਾ ਹੈ ਪਰ ਅੱਜ ਲਵਲੀਨ ਸ਼ਰਮਾ ਨੇ ਜੋ ਕੀਤਾ ਉਹ ਬਹੁਤ ਹੀ ਭਿਆਨਕ ਸੀ। ਇਸ ਸਕੂਲ ਵਿੱਚ ਛੋਟੇ ਬੱਚੇ ਪੜ੍ਹਦੇ ਹਨ, ਜੇਕਰ ਉਨ੍ਹਾਂ ਨਾਲ ਕੋਈ ਵੱਡਾ ਹਾਦਸਾ ਵਾਪਰ ਜਾਵੇ। ਉਨ੍ਹਾਂ ਪ੍ਰਸ਼ਾਸਨ ਨੂੰ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਸ ਸਬੰਧੀ ਜਦੋਂ ਸੁਜਾਨਪੁਰ ਥਾਣਾ ਇੰਚਾਰਜ ਨਵਦੀਪ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਪੀੜਤਾ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ ਹੈ, ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।