Nangal News: ਅੱਜ ਨੰਗਲ ਵਾਸੀਆਂ ਤੇ ਚੰਡੀਗੜ੍ਹ-ਊਨਾ ਹਾਈਵੇ ਉਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਲਈ ਰਾਹਤ ਭਰੀ ਖ਼ਬਰ ਆਈ। ਨੰਗਲ ਵਿਚ ਬਣਾਏ ਜਾ ਰਹੇ ਫਲਾਈਓਵਰ ਦੇ ਇੱਕ ਪਾਸੇ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।
Trending Photos
Nangal News: ਅੱਜ ਨੰਗਲ ਵਾਸੀਆਂ ਤੇ ਚੰਡੀਗੜ੍ਹ-ਊਨਾ ਹਾਈਵੇ ਉਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਲਈ ਰਾਹਤ ਭਰੀ ਖ਼ਬਰ ਆਈ। ਨੰਗਲ ਵਿਚ ਬਣਾਏ ਜਾ ਰਹੇ ਫਲਾਈਓਵਰ ਦੇ ਇੱਕ ਪਾਸੇ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਕੈਬਨਿਟ ਮੰਤਰੀ, ਹਰਜੋਤ ਸਿੰਘ ਬੈਂਸ ਫਲਾਈਓਵਰ ਉਤੇ ਵਿਸ਼ੇਸ਼ ਤੌਰ ਉਤੇ ਪਹੁੰਚੇ ਅਤੇ ਪੰਡਿਤਾਂ ਵੱਲੋਂ ਪੂਜਾ ਕਰਨ ਤੋਂ ਬਾਅਦ ਨਾਰੀਅਲ ਤੋੜ ਕੇ ਅਤੇ ਗ੍ਰੰਥੀ ਸਿੰਘ ਦੁਆਰਾ ਅਰਦਾਸ ਕਰਨ ਤੋਂ ਬਾਅਦ ਰਾਹਗੀਰਾਂ ਲਈ ਖੋਲ੍ਹ ਦਿੱਤਾ ਗਿਆ।
ਮੰਤਰੀ ਹਰਜੋਤ ਬੈਂਸ ਨੇ ਖੁਦ ਐਕਟਿਵਾ ਚਲਾ ਕੇ ਫਲਾਈਓਵਰ ਉਤੇ ਸਫ਼ਰ ਕੀਤਾ। ਜਿੱਥੇ ਨੰਗਲ ਵਾਸੀਆਂ ਨੇ ਇਸ ਫਲਾਈਓਵਰ ਦੇ ਸ਼ੁਰੂ ਹੋਣ ਨਾਲ ਖੁਸ਼ੀ ਜ਼ਾਹਿਰ ਕੀਤੀ ਉਥੇ ਹੀ ਹਾਈਵੇ ਉਤੇ ਸਫ਼ਰ ਕਰਨ ਵਾਲੇ ਰਾਹਗੀਰ ਵੀ ਖੁਸ਼ ਨਜ਼ਰ ਆਏ। ਤੁਹਾਨੂੰ ਦੱਸ ਦਈਏ ਕਿ ਫਿਲਹਾਲ ਇਹ ਫਲਾਈਓਵਰ ਦੋ ਪਹੀਆ ਵਾਹਨਾਂ ਅਤੇ ਛੋਟੀਆਂ ਗੱਡੀਆਂ ਲਈ ਹੀ ਖੋਲ੍ਹਿਆ ਗਿਆ ਹੈ।
ਪੰਜਾਬ ਤੋਂ ਹਿਮਾਚਲ ਤੇ ਚੰਡੀਗੜ੍ਹ ਜਾਣ ਵਾਲੇ ਰਾਹਗੀਰ ਟ੍ਰੈਫਿਕ ਜਾਮ ਲੱਗਣ ਕਾਰਨ ਕਾਫੀ ਪ੍ਰੇਸ਼ਾਨ ਸਨ। ਅੱਜ ਇਸ ਫਲਾਈਓਵਰ ਤੋਂ ਇੱਕ ਪਾਸੇ ਤੋਂ ਆਵਾਜਾਈ ਸ਼ੁਰੂ ਕਰ ਦਿੱਤੀ ਗਈ। ਇਸ ਫਲਾਈਓਵਰ ਦੇ ਸ਼ੁਰੂ ਹੋਣ ਤੋਂ ਬਾਅਦ ਜਿੱਥੇ ਸਥਾਨਕ ਵਾਸੀ ਫਲਾਈਓਵਰ ਤੋਂ ਆਪਣੇ ਵਾਹਨ ਲੈਕੇ ਖੁਸ਼ੀ ਜ਼ਾਹਿਰ ਕਰਦੇ ਜਾ ਰਹੇ ਸਨ। ਓਥੇ ਹੀ ਹਾਈਵੇ ਉਤੇ ਸਫ਼ਰ ਕਰਨ ਵਾਲੇ ਹੋਰ ਰਾਹਗੀਰ ਵੀ ਖ਼ੁਸ਼ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਅੱਜ ਕਈ ਸਾਲਾਂ ਦਾ ਸੰਤਾਪ ਭੋਗ ਕੇ ਉਨ੍ਹਾਂ ਨੂੰ ਇਹ ਦਿਨ ਨਸੀਬ ਹੋਇਆ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਨੰਗਲ ਫਲਾਈਓਵਰ ਦਾ ਸੁਪਨਾ ਅੱਜ ਸਾਕਾਰ ਹੋ ਗਿਆ ਹੈ। ਨੰਗਲ ਸ਼ਹਿਰ ਦੇ ਵਾਸੀ ਤੇ ਆਸ ਪਾਸ ਪਿੰਡਾਂ ਦੇ ਲੋਕ ਤਕਰੀਬਨ ਪਿਛਲੇ 6 ਸਾਲਾਂ ਤੋਂ ਲੰਬਾ ਸੰਤਾਪ ਝੱਲ ਰਹੇ ਸਨ। ਚੰਡੀਗੜ੍ਹ ਤੋਂ ਨੰਗਲ ਵਾਲੀ ਸਾਈਡ ਸ਼ੁਰੂ ਕਰ ਦਿੱਤੀ ਹੈ। ਟ੍ਰੈਫਿਕ ਮਾਹਿਰਾਂ ਦੀ ਸਹਿਮਤੀ ਤੋਂ ਬਾਅਦ ਦੂਸਰੀ ਸਾਈਡ ਵੀ ਜਲਦੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਭੂਰੀ ਚੌਕ ਅਤੇ ਜਵਾਹਰ ਮਾਰਕੀਟ ਵਾਲਾ ਪੁਲ ਨਵਾਂ ਬਣਾਉਣ ਜਾ ਰਹੇ ਹਾਂ। ਪੂਰੇ ਨੰਗਲ ਸ਼ਹਿਰ ਦੀ ਨੁਹਾਰ ਬਦਲਣ ਸੁਪਨਾ ਜਲਦੀ ਸਾਕਾਰ ਹੋਵੇਗਾ।
ਸੈਰ ਸਪਾਟੇ ਲਈ ਇਸ ਇਲਾਕੇ ਨੂੰ ਪ੍ਰਫੁੱਲਿਤ ਕਰਨ ਲਈ ਸੰਭਾਵਨਾਵਾ ਤਲਾਸ਼ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਫਲਾਈਓਵਰ ਦੇ ਸ਼ੁਰੂ ਹੋ ਜਾਣ ਨਾਲ ਨੰਗਲ ਦਾ ਵਪਾਰ ਕਾਰੋਬਾਰ ਹੋਰ ਲਿਸ਼ਕ ਜਾਵੇਗਾ। ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਆਉਣ ਜਾਣ ਵਾਲੇ ਲੋਕ ਟ੍ਰੈਫਿਕ ਜਾਮ ਦੀ ਜਿਸ ਸਮੱਸਿਆ ਨਾਲ ਘੰਟਿਆਂਬੱਧੀ ਜੂਝਦੇ ਸਨ, ਉਹ ਹੁਣ ਖ਼ਤਮ ਹੋ ਗਈ ਹੈ। ਵਾਹਨਾਂ ਦੀ ਸੁਚਾਰੂ ਆਵਾਜਾਈ ਇਸ ਇਲਾਕੇ ਲਈ ਵਰਦਾਨ ਸਿੱਧ ਹੋਵੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਰੇਲਵੇ ਫਲਾਈਓਵਰ ਨੂੰ ਮੁਕੰਮਲ ਕਰਨ ਦੀ ਉਡੀਕ ਜਗਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ, ਜਦੋਂ ਕਿ ਇਸ ਫਲਾਈਓਵਰ ਦੇ ਨਿਰਮਾਣ ਵਿੱਚ ਵੱਡੇ ਅੜਿੱਕੇ ਅਤੇ ਪ੍ਰਵਾਨਗੀਆਂ ਲਈ ਕੋਈ ਯਤਨ ਨਹੀਂ ਕੀਤੇ ਗਏ। ਉਨ੍ਹਾਂ ਨੇ ਪਿਛਲੇ ਡੇਢ ਸਾਲ ਵਿੱਚ ਦਰਜਨਾਂ ਬੈਠਕਾਂ ਕੀਤੀਆਂ, ਕਈ ਵਾਰ ਕੇਂਦਰ ਤੇ ਰੇਲਵੇ ਮੰਤਰਾਲੇ ਨਾਲ ਸੰਪਰਕ ਕਰਕੇ ਅੜਿੱਕੇ ਦੂਰ ਕਰਵਾਏ, ਦਰਜਨਾਂ ਵਾਰ ਅਧਿਕਾਰੀਆਂ ਨਾਲ ਇਸ ਪ੍ਰੋਜੈਕਟ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਤੇ ਅੱਜ ਨੰਗਲ ਤੇ ਆਸ ਪਾਸ ਦੇ ਲੋਕਾਂ ਨਾਲ ਵਾਅਦਾ ਪੂਰਾ ਕਰਨ ਦੀ ਖੁਸ਼ੀ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਰੇਲਵੇ ਫਲਾਈਓਵਰ ਇਲਾਕੇ ਲਈ ਲਾਈਫ ਲਾਈਨ ਬਣ ਗਿਆ ਹੈ।
ਇਹ ਵੀ ਪੜ੍ਹੋ : Canada News: 'ਗੁਰਪਤਵੰਤ ਸਿੰਘ ਪੰਨੂ ਨੇ ਹਿੰਦੂ-ਕੈਨੇਡੀਅਨਾਂ ਨੂੰ ਕੈਨੇਡਾ ਛੱਡ ਕੇ ਭਾਰਤ ਜਾਣ ਲਈ ਕਿਹਾ', ਕੈਨੇਡੀਅਨ ਐਮਪੀ ਚੰਦਰ ਆਰੀਆ ਦਾ ਬਿਆਨ
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ