Trending Photos
ਚੰਡੀਗੜ੍ਹ: ਪੀ. ਜੀ. ਆਈ ਨੂੰ ਮਰੀਜ਼ਾਂ ਦੇ ਅਨੁਕੂਲ ਬਣਾਉਣ ਲਈ ਸੰਸਥਾ ਦੇ ਪ੍ਰਬੰਧਕਾ ਵਲੋਂ ਵੱਡੇ ਕਦਮ ਉਠਾਏ ਜਾ ਰਹੇ ਹਨ। ਹੁਣ ਦੂਰ-ਦੁਰਾਡੇ ਤੋਂ ਪੀ. ਜੀ. ਆਈ (PGIMER) ’ਚ ਆਏ ਮਰੀਜ਼ਾਂ ਨੂੰ ਟੈਸਟ ਰਿਪੋਰਟ ਹਾਸਲ ਕਰਨ ਲਈ ਲੰਬੀ ਲਾਈਨ ’ਚ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਮਰੀਜ਼ ਜਾਂ ਉਸਦੇ ਪਰਿਵਾਰਕ ਮੈਂਬਰ ਮੋਬਾਈਲ ’ਤੇ ਪੀ. ਜੀ. ਆਈ ਦੀ ਵੈੱਬ ਸਾਈਟ ਉੱਤੇ ਹੀ ਬਾਇਓਕੈਮਿਸਟਰੀ, ਬਾਇਓਫਿਜ਼ੀਕਸ, ਐਂਡੋਕਰੀਨੋਲੋਜੀ, ਪੈਰਾਸਿਟੋਲੋਜੀ ਅਤੇ ਵਾਇਰੋਲੋਜੀ ਦੀ ਰਿਪੋਰਟ ਹਾਸਲ ਕਰ ਸਕਣਗੇ। ਇਸ ਦੇ ਲਈ ਤੁਹਾਨੂੰ ਆਪਣੇ ਮੋਬਾਈਲ ’ਤੇ ਪ੍ਰਾਪਤ ਹੋਏ OTP ਨੂੰ ਐਂਟਰ ਕਰਨਾ ਹੋਵੇਗਾ।
ਕੋਡ ਦਰਜ ਕਰਨ ਤੋਂ ਬਾ੍ਦ ਤੁਸੀਂ ਵੱਖ-ਵੱਖ ਵਿਭਾਗਾਂ ਦੀ ਓ. ਪੀ. ਡੀ ਦੀ ਸਮਾਂ-ਸਾਰਣੀ On-line ਵੇਖ ਸਕੋਗੇ। ਇਸ ਦੇ ਨਾਲ ਨਾਲ ਤੁਸੀਂ ਪੀ. ਜੀ. ਆਈ. ਦੀ ਅਧਿਕਾਰਤ ਵੈੱਬ-ਸਾਈਟ ’ਤੇ ਪ੍ਰੀ-ਰਜਿਸਟ੍ਰੇਸ਼ਨ ਸਹੂਲਤ ਦੀ ਵਰਤੋਂ ਕਰ ਸਕੋਗੇ, ਇਹ ਨਵਾਂ ਫ਼ੀਚਰ ਮਰੀਜ਼ਾਂ ਲਈ ਜੋੜਿਆ ਗਿਆ ਹੈ। ਵੈੱਬ-ਸਾਈਟ ਨੂੰ ਯੂਜ਼ਰ ਫ਼ਰੈਂਡਲੀ (User friendly) ਬਣਾਇਆ ਗਿਆ ਹੈ।
ਮਰੀਜ਼ ਪੀ. ਜੀ. ਆਈ. ਦੇ ਸਬੰਧਤ ਵਿਭਾਗ ਅਤੇ ਕੈਟਾਗਰੀ ਦੀ ਚੋਣ ਕਰਕੇ ਨਿਰੀਖਣ ਕਰਨ ਵਾਲੇ ਡਾਕਟਰ ਦਾ ਨਾਮ ਦਰਜ ਕਰਨ ਤੋਂ ਬਾਅਦ ਓਪੀਡੀ ਦਾ ਦਿਨ ਅਤੇ ਡਾਕਟਰ ਦੇ ਮਿਲਣ ਦੀ ਸਥਿਤੀ ਬਾਰੇ ਜਾਣ ਸਕਦਾ ਹੈ। ਇਸ ਸੁਵਿਧਾ ਨਾਲ ਜਿੱਥੇ ਸਮੇਂ ਦੀ ਬੱਚਤ ਹੋਵੇਗੀ ਉੱਥੇ ਹੀ ਮਰੀਜ਼ ਨੂੰ ਘੰਟਿਆਂ ਬੱਧੀ ਕਤਾਰ ’ਚ ਇੰਤਜ਼ਾਰ ਕਰਨ ਦੀ ਲੋੜ ਨਹੀਂ ਪਵੇਗੀ।
ਪੀ. ਜੀ. ਆਈ. ਦੇ ਪਲਾਸਟਿਕ ਸਰਜਰੀ ਵਿਭਾਗ ਦੁਆਰਾ ਵਿਸ਼ੇਸ਼ ਕਲੀਨਿਕ ਵਾਲੇ ਮਰੀਜ਼ਾਂ ਲਈ ਮੁਲਾਕਾਤ (Appointment) ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ। ਮਰੀਜ਼ ਨੂੰ ਮੁਲਾਕਾਤ ਤੋਂ ਠੀਕ 15 ਮਿੰਟ ਪਹਿਲਾਂ ਸਬੰਧਤ ਕਾਊਂਟਰ ’ਤੇ ਹਾਜ਼ਰ ਹੋਣਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਮਰੀਜ਼ ਪੰਸਦ ਦੀ ਮਿਤੀ ’ਤੇ ਭਰੇ ਸਲਾਟ ਤੋਂ ਬਾਅਦ ਵੀ ਪ੍ਰੀ-ਰਜਿਸਟ੍ਰੇਸ਼ਨ ਦੀ ਸਹੂਲਤ ਦਾ ਲਾਭ ਲੈਣ ਤੋਂ ਅਸਮਰੱਥ ਹੈ ਤਾਂ ਉਸਨੂੰ ਸਬੰਧਤ ਓ. ਪੀ. ਡੀ ਰਜਿਸਟ੍ਰੇਸ਼ਨ ਕਾਊਂਟਰ ’ਤੇ ਪਹੁੰਚਣਾ ਪਵੇਗਾ।
ਦੱਸ ਦੇਈਏ ਕਿ ਚੰਡੀਗੜ੍ਹ ਸਣੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ ਅਤੇ ਹਰਿਆਣਾ ਆਦਿ ਰਾਜਾਂ ਤੋਂ ਮਰੀਜ਼ ਵੱਡੀ ਗਿਣਤੀ ’ਚ ਪੀ. ਜੀ. ਆਈ ਇਲਾਜ ਲਈ ਆਉਂਦੇ ਹਨ। ਇਨ੍ਹਾਂ ਮਰੀਜਾਂ ਦੀ ਸਹੂਲਤ ਲਈ ਲਗਾਤਾਰ On-line ਸੁਵਿਧਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਮਰੀਜ਼ਾਂ ਨੂੰ ਟੈਸਟ ਰਿਪੋਰਟਾਂ ਅਤੇ ਓ. ਪੀ. ਡੀ ਰਜਿਸਟ੍ਰੇਸ਼ਨ ’ਚ ਕੋਈ ਦਿੱਕਤ ਨਾ ਆਵੇ।