Punjab News: ਇਸ ਮੌਕੇ ਡੀਜੀਪੀ ਪੰਜਾਬ ਦੇ ਨਾਲ ਵਿਸ਼ੇਸ਼ ਡੀਜੀਪੀ ਏਐਨਟੀਐਫ ਕੁਲਦੀਪ ਸਿੰਘ, ਵਿਸ਼ੇਸ਼ ਡੀਜੀਪੀ ਅੰਦਰੂਨੀ ਸੁਰੱਖਿਆ ਆਰਐਨ ਢੋਕੇ, ਏਡੀਜੀਪੀ ਏਐਨਟੀਐਫ ਨੀਲਭ ਕਿਸ਼ੋਰ ਅਤੇ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪ੍ਰਮੋਦ ਬਾਨ ਵੀ ਮੌਜੂਦ ਸਨ।
Trending Photos
Punjab News: ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਦੀ ਸੰਚਾਲਨ ਸਮਰੱਥਾ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਏ.ਐਨ.ਟੀ.ਐਫ. ਦੇ ਹੈੱਡਕੁਆਰਟਰ ਵਿਖੇ ਨਵੀਂ ਸਥਾਪਤ ਕੀਤੀ ਗਈ ਏ.ਐਨ.ਟੀ.ਐਫ. ਦੀ ਅਤਿ-ਆਧੁਨਿਕ ਸਪੋਰਟ ਸਰਵਿਸਿਜ਼ ਯੂਨਿਟ (ਐਸ.ਐਸ.ਯੂ.) ਦਾ ਉਦਘਾਟਨ ਕੀਤਾ।
ਇਸ ਮੌਕੇ ਡੀਜੀਪੀ ਪੰਜਾਬ ਦੇ ਨਾਲ ਵਿਸ਼ੇਸ਼ ਡੀਜੀਪੀ ਏਐਨਟੀਐਫ ਕੁਲਦੀਪ ਸਿੰਘ, ਵਿਸ਼ੇਸ਼ ਡੀਜੀਪੀ ਅੰਦਰੂਨੀ ਸੁਰੱਖਿਆ ਆਰਐਨ ਢੋਕੇ, ਏਡੀਜੀਪੀ ਏਐਨਟੀਐਫ ਨੀਲਭ ਕਿਸ਼ੋਰ ਅਤੇ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪ੍ਰਮੋਦ ਬਾਨ ਵੀ ਮੌਜੂਦ ਸਨ।
ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਪਾ ਕੇ ਜਾਣਕਾਰੀ ਦਿੱਤੀ ਕਿ ਆਧੁਨਿਕ ਤਕਨਾਲੋਜੀ ਅਤੇ ਉੱਨਤ ਖੁਫ਼ੀਆ ਸਮਰੱਥਾਵਾਂ ਨਾਲ ਲੈਸ #ਏਐਨਟੀਐਫ ਹੁਣ #ਪੰਜਾਬ ਦੇ ਭਵਿੱਖ ਨੂੰ ਨਸ਼ੀਲੇ ਪਦਾਰਥਾਂ ਦੀ ਪਕੜ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਵਿਸ਼ੇਸ਼ ਯੂਨਿਟ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਡੇਟਾ, ਸੰਚਾਰ, ਵਿੱਤੀ ਲੈਣ-ਦੇਣ ਅਤੇ ਨਸ਼ਾ ਤਸਕਰੀ ਦੀਆਂ ਪ੍ਰੋਫਾਈਲਾਂ ਦੇ ਵਿਸ਼ਲੇਸ਼ਣ ਦਾ ਕੰਮ ਕਰਦਿਆਂ ਸਟੀਕ ਅਤੇ ਪ੍ਰਭਾਵਸ਼ਾਲੀ ਜਾਣਕਾਰੀ ਨਾਲ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਦਾ ਮੁਕਾਬਲਾ ਕਰਨ ਲਈ ਏਐਨਟੀਐਫ ਦੀ ਸਮਰੱਥਾ ਨੂੰ ਵਧੇਰੇ ਮਜ਼ਬੂਤੀ ਦੇਵੇਗੀ।
ਇਹ ਸਹੂਲਤ ਡੀਜੀਪੀ ਪੰਜਾਬ ਵੱਲੋਂ 11 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਏਐਨਟੀਐਫ ਦੀ ਇੰਟੈਲੀਜੈਂਸ ਐਂਡ ਟੈਕਨੀਕਲ ਯੂਨਿਟ (ਐਸਆਈਟੀਯੂ),ਜੋ ਨਸ਼ਿਆਂ ਨਾਲ ਸਬੰਧਤ ਡੇਟਾ, ਸੰਚਾਰ, ਸੋਸ਼ਲ ਮੀਡੀਆ ਦੇ ਰੁਝੇਵਿਆਂ, ਵਿੱਤੀ ਲੈਣ-ਦੇਣ, ਅਤੇ ਨਸ਼ਾ ਤਸਕਰਾਂ ਦੀ ਵਿਸਤ੍ਰਿਤ ਪ੍ਰੋਫਾਈਲਿੰਗ ਦੇ ਬਾਰੀਕੀ ਨਾਲ ਵਿਸ਼ਲੇਸ਼ਣ ਲਈ ਤਿਆਰ ਕੀਤੇ ਗਏ ਆਧੁਨਿਕ ਸਾਫਟਵੇਅਰ ਸਿਸਟਮਾਂ ਨਾਲ ਲੈਸ ਹੈ, ਦੇ ਉਦਘਾਟਨ ਤੋਂ ਕੁਝ ਮਹੀਨਿਆਂ ਬਾਅਦ ਸਥਾਪਤ ਕੀਤੀ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ 1.28 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੀ ਗਈ ਸਪੋਰਟ ਸਰਵਿਸਿਜ਼ ਯੂਨਿਟ ਵਿੱਚ ਅਤਿ-ਆਧੁਨਿਕ ਸਹੂਲਤਾਂ ਹਨ, ਜਿਸ ਵਿੱਚ ਅਪਗ੍ਰੇਡਿਡ ਦਫ਼ਤਰੀ ਥਾਂ ਅਤੇ ਆਧੁਨਿਕ ਬੁਨਿਆਦੀ ਢਾਂਚਾ ਸ਼ਾਮਲ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਯੂਨਿਟ ਏ.ਐਨ.ਟੀ.ਐਫ. ਦੀ ਸੰਚਾਲਨ ਕੁਸ਼ਲਤਾ ਦਾ ਸਮਰਥਨ ਕਰਨ ਅਤੇ ਰਾਜ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਮੱਸਿਆ ਨਾਲ ਨਜਿੱਠਣ ਵਾਸਤੇ ਇਸ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਲਈ ਸਥਾਪਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਏ.ਐਨ.ਟੀ.ਐਫ ਦੀ ਸਮਰੱਥਾ ਨੂੰ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਾਲ ਅਪ੍ਰੈਲ ਵਿੱਚ 14.6 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਸੀ, ਜਿਸ ਵਿੱਚੋਂ ਕਰੀਬ 11 ਕਰੋੜ ਰੁਪਏ ਏ.ਐਨ.ਟੀ.ਐਫ ਦੇ ਤਕਨੀਕੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਰੱਖੇ ਗਏ ਸਨ, ਜਦਕਿ 3 ਕਰੋੜ ਰੁਪਏ ਇਸਦੇ ਭੌਤਿਕ ਢਾਂਚੇ ਦੀ ਮਜ਼ਬੂਤੀ ਲਈ ਸਨ।