Trending Photos
Mohali News: ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਰਾਜਪੁਰਾ ਬੱਸ ਸਟੈਂਡ ਨੇੜੇ ਪੰਜਾਬ 'ਚ ਅਪਰਾਧੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਦੋ ਹਥਿਆਰ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਸੀ। ਜਿਨ੍ਹਾਂ ਨੂੰ ਪੁਲਿਸ ਨੇ ਅੱਜ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ। ਫਿਲਹਾਲ ਪੁਲਿਸ ਨੇ ਰਿਮਾਂਡ ਮਿਲਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਦੱਸ ਦਈਏ ਪੁਲਿਸ ਨੇ ਇਨ੍ਹਾਂ ਤਸਕਰਾਂ ਕੋਲੋਂ .32 ਬੋਰ ਦੇ 6 ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਵਾਸੀ ਪਿੰਡ ਮੁਸਤਫਾਬਾਦ, ਇੰਦਰਾ ਕਲੋਨੀ ਬਟਾਲਾ ਰੋਡ, ਅੰਮ੍ਰਿਤਸਰ ਅਤੇ ਸੁਖਵੰਤ ਸਿੰਘ ਵਾਸੀ ਪਿੰਡ ਰਾਣੀਗੜ੍ਹ ਅਟਾਰੀ ਬਾਰਡਰ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਹਥਿਆਰ ਸਮੱਗਲਰ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਵੱਡੀ ਖੇਪ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਨ ਜਾ ਰਹੇ ਹਨ। ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਐਸਐਸਓਸੀ ਦੇ ਡੀਐਸਪੀ ਗੁਰਚਰਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਰਾਜਪੁਰਾ ਦੇ ਬੱਸ ਸਟੈਂਡ ਨੇੜੇ ਨਾਕਾਬੰਦੀ ਕਰ ਦਿੱਤੀ।
ਜਾਣਕਾਰੀ ਮਿਲੀ ਸੀ ਕਿ ਦੋਵੇਂ ਤਸਕਰ ਇੱਕ ਬੱਸ ਵਿੱਚ ਆ ਰਹੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਕਈ ਬੱਸਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੁਲਿਸ ਨੇ ਇੱਕ ਬੱਸ ਦੀ ਤਲਾਸ਼ੀ ਕਰਨ ਲਈ ਤਾਂ ਬੱਸ 'ਚ ਬੈਠੇ ਦੋ ਵਿਅਕਤੀ ਪੁਲਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਕਾਰਨ ਪੁਲੀਸ ਨੂੰ ਉਸ ’ਤੇ ਸ਼ੱਕ ਹੋਇਆ ਅਤੇ ਥੋੜ੍ਹੀ ਦੂਰੀ ’ਤੇ ਹੀ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਜਦੋਂ ਦੋਵਾਂ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ .32 ਬੋਰ ਦੇ 6 ਪਿਸਤੌਲ ਅਤੇ 4 ਕਾਰਤੂਸ ਬਰਾਮਦ ਹੋਏ।
ਮੁੱਢਲੀ ਪੁੱਛਗਿੱਛ ਵਿੱਚ ਸਹਾਮਣੇ ਆਇਆ ਹੈ ਕਿ ਫੜੇ ਗਏ ਦੋਵੇਂ ਤਸਕਰ ਅੰਮ੍ਰਿਤਪਾਲ ਸਿੰਘ ਅਤੇ ਸੁਖਵੰਤ ਸਿੰਘ ਮੱਧ ਪ੍ਰਦੇਸ਼ ਦੇ ਬਕਾਨੇਰ ਗਏ ਸਨ, ਜਿੱਥੇ ਉਨ੍ਹਾਂ ਨੇ ਐਮਪੀ ਦੇ ਇੱਕ ਹਥਿਆਰ ਸਮੱਗਲਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਕੋਲੋਂ .32 ਬੋਰ ਦੇ 6 ਪਿਸਤੌਲ ਅਤੇ 80,000 ਰੁਪਏ ਦੇ 4 ਕਾਰਤੂਸ ਦੀ ਖੇਪ ਖਰੀਦੀ ਸੀ। ਇਸ ਤੋਂ ਬਾਅਦ ਇਹ ਦੋਵੇਂ ਹਥਿਆਰ ਪੰਜਾਬ ਦੇ ਵੱਖ-ਵੱਖ ਅਪਰਾਧੀਆਂ ਨੂੰ 20 ਤੋਂ 50 ਹਜ਼ਾਰ ਰੁਪਏ ਪ੍ਰਤੀ ਹਥਿਆਰ ਦੇ ਹਿਸਾਬ ਨਾਲ ਵੇਚਦੇ ਸਨ।