Faridkot News: ਪਿੰਡ ਵਾਸੀਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਪੰਜਾਬ ਹੀ ਨਹੀਂ, ਪੂਰੀ ਦੁਨੀਆ ਦੇ ਕਿਸਾਨਾਂ ਦੇ ਨੇਤਾ ਹਨ, ਜੋ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਹਨ। ਅੱਜ 18 ਦਿਨ ਹੋ ਗਏ ਹਨ, ਉਨ੍ਹਾਂ ਨੇ ਕੁਝ ਵੀ ਨਹੀਂ ਖਾਧਾ।
Trending Photos
Faridkot News: ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 18ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਦੀ ਸਿਹਤ ਦਾ ਗ੍ਰਾਫ਼ ਬਹੁਤ ਹੇਠਾਂ ਡਿੱਗ ਗਿਆ ਹੈ ਤੇ ਵਿਗੜ ਰਹੀ ਸਿਹਤ ਨੂੰ ਲੈ ਕੇ ਲੋਕਾਂ 'ਚ ਚਿੰਤਾ ਕਾਫ਼ੀ ਵਧ ਗਈ ਹੈ।
ਇਸ ਦੇ ਮੱਦੇਨਜ਼ਰ ਲੋਕ ਹੁਣ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ 'ਚ ਆਪੋ-ਆਪਣੇ ਪਿੰਡਾਂ 'ਚ ਵੀ ਭੁੱਖ ਹੜਤਾਲ 'ਤੇ ਬੈਠ ਰਹੇ ਹਨ। ਇਸੇ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੋਡ ਵਿਚ ਪਿੰਡ ਵਾਸੀਆਂ ਵੱਲੋਂ ਇਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ ਅਤੇ ਕੇਂਦਰ ਅਤੇ ਹਰਿਆਣਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਪੰਜਾਬ ਹੀ ਨਹੀਂ, ਪੂਰੀ ਦੁਨੀਆ ਦੇ ਕਿਸਾਨਾਂ ਦੇ ਨੇਤਾ ਹਨ, ਜੋ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਹਨ। ਅੱਜ 18 ਦਿਨ ਹੋ ਗਏ ਹਨ, ਉਨ੍ਹਾਂ ਨੇ ਕੁਝ ਵੀ ਨਹੀਂ ਖਾਧਾ।
ਉਨ੍ਹਾਂ ਕਿਹਾ ਕਿ ਕਿਸਾਨ ਆਗੂ ਡੱਲੇਵਾਲ ਦਾ ਸਾਥ ਦੇਣ ਲਈ ਪੂਰੇ ਪੰਜਾਬ ਦੇ ਲੋਕ ਉਨ੍ਹਾਂ ਦੇ ਨਾਲ ਹਨ। ਧਰਨੇ ਬਾਰੇ ਉਨ੍ਹਾਂ ਕਿਹਾ ਕਿ ਉਹ ਫਿਲਹਾਲ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪੂਰੇ ਪਿੰਡ ਨੇ ਭੁੱਖ ਹੜਤਾਲ ਕੀਤੀ ਹੋਈ ਹੈ, ਪਰ ਜੇਕਰ ਧਰਨੇ ਤੋਂ ਹੁਕਮ ਹੋਇਆ ਤਾਂ ਉਹ ਇਸ ਹੜਤਾਲ ਨੂੰ ਅੱਗੇ ਵੀ ਵਧਾ ਸਕਦੇ ਹਨ।