Punjab News: ਸੂਬੇ 'ਚ ਵੱਖ-ਵੱਖ ਥਾਵਾਂ ਦੇ ਦੌਰਿਆ ਦੌਰਾਨ ਅਤੇ ਦਫ਼ਤਰੀ ਫ਼ੋਨ ਤੇ ਈ-ਮੇਲ ਰਾਹੀਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਪੰਜਾਬ ਰੋਡਵੇਜ਼, ਪੀ.ਆਰ.ਟੀ.ਸੀ. ਅਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨਾਲ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ।
Trending Photos
Punjab News: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਰਕਾਰੀ ਅਤੇ ਪ੍ਰਾਈਵੇਟ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਸਵਾਰੀਆਂ ਦੀ ਖੱਜਲ-ਖੁਆਰੀ ਤੁਰੰਤ ਬੰਦ ਕਰਨ।
ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਬੇ 'ਚ ਵੱਖ-ਵੱਖ ਥਾਵਾਂ ਦੇ ਦੌਰਿਆ ਦੌਰਾਨ ਅਤੇ ਦਫ਼ਤਰੀ ਫ਼ੋਨ ਤੇ ਈ-ਮੇਲ ਰਾਹੀਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਪੰਜਾਬ ਰੋਡਵੇਜ਼, ਪੀ.ਆਰ.ਟੀ.ਸੀ. ਅਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨਾਲ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ। ਇਹ ਵੀ ਸੁਣਨ ਨੂੰ ਮਿਲਿਆ ਹੈ ਕਿ ਕਈ ਵਾਰ ਤਾਂ ਸਵਾਰੀਆਂ ਨਾਲ ਝਗੜਾ ਵੀ ਕੀਤਾ ਜਾਂਦਾ ਹੈ ਜਿਸ ਸਬੰਧੀ ਆਏ ਦਿਨ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵੀ ਵਾਇਰਲ ਹੁੰਦੀਆਂ ਹਨ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ/ਕੰਡਕਟਰਾਂ ਵੱਲੋਂ ਕਈ ਸਟਾਪਜ਼ 'ਤੇ ਬੱਸਾਂ ਵੀ ਨਹੀਂ ਰੋਕੀਆਂ ਜਾਂਦੀਆਂ ਅਤੇ ਸਵਾਰੀਆਂ ਨੂੰ ਬਣਦੇ ਸਟਾਪਜ਼ ਤੋਂ ਅੱਗੇ ਜਾਂ ਪਿੱਛੇ ਉਤਾਰ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸ ਮੁਲਾਜ਼ਮਾਂ ਦੇ ਇਸ ਤਰ੍ਹਾਂ ਦੇ ਵਤੀਰੇ ਕਾਰਨ ਆਮ ਪਬਲਿਕ ਵਿੱਚ ਟਰਾਂਸਪੋਰਟ ਵਿਭਾਗ ਦੇ ਅਕਸ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।
ਲਾਲਜੀਤ ਸਿੰਘ ਭੁੱਲਰ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿਰੰਤਰ ਚੈਕਿੰਗ ਵਧਾਉਣ ਅਤੇ ਵਿਭਾਗੀ ਪੱਧਰ 'ਤੇ ਸਰਕਾਰੀ ਬੱਸਾਂ ਦੇ ਡਰਾਈਵਰਾਂ/ਕੰਡਕਟਰਾਂ ਨੂੰ ਤੁਰੰਤ ਖੇਤਰੀ ਦਫ਼ਤਰਾਂ ਰਾਹੀਂ ਸਵਾਰੀਆਂ ਨਾਲ ਉਚਿਤ ਵਿਹਾਰ ਕਰਨਾ ਯਕੀਨੀ ਬਣਾਉਣ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਡਰਾਈਵਰਾਂ ਤੇ ਕੰਡਕਟਰਾਂ ਨੂੰ ਨਿਰਧਾਰਤ ਬੱਸ ਸਟਾਪਜ਼ 'ਤੇ ਉਚਿਤ ਢੰਗ ਨਾਲ ਸਵਾਰੀਆਂ ਉਤਾਰਨ ਅਤੇ ਚੜ੍ਹਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਨਾਲ ਹੀ ਇਸ ਅਮਲ ਦੀ ਪੈਰਵੀ ਰੱਖਣੀ ਯਕੀਨੀ ਬਣਾਇਆ ਜਾਵੇ।
ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੇ ਮਾਲਕਾਂ, ਉਨ੍ਹਾਂ ਦੇ ਪ੍ਰਾਈਵੇਟ ਪ੍ਰਬੰਧਕੀ ਅਦਾਰਿਆਂ ਨੂੰ ਆਮ ਸਵਾਰੀਆਂ ਨਾਲ ਉਚਿਤ ਵਿਹਾਰ ਕਰਨ ਅਤੇ ਆਪਣੇ ਡਰਾਈਵਰਾਂ/ਕੰਡਕਟਰਾਂ ਨੂੰ ਅਨੁਸਾਸ਼ਨ ਵਿੱਚ ਰਹਿਣ, ਸਵਾਰੀਆਂ ਨਾਲ ਮਿਲਵਰਤਣ ਰੱਖਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣ।
ਇਸ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ਵਿੱਚ ਕੰਮ ਕਰਨ ਵਾਲੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਸਰਵਿਸ ਵਿੱਚ ਜੁਆਇਨ ਕਰਵਾਉਣ ਤੋਂ ਪਹਿਲਾਂ ਆਮ ਜਨਤਾ ਨਾਲ ਵਧੀਆ ਵਿਹਾਰ ਰੱਖਣ ਅਤੇ ਸੜਕੀ ਨਿਯਮਾਂ ਬਾਰੇ ਚੰਗੀ ਤਰ੍ਹਾਂ ਸਿੱਖਿਅਤ ਕਰਨ ਹਿੱਤ ਇੱਕ ਲਾਜ਼ਮੀ ਟ੍ਰੇਨਿੰਗ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ।