Congress President: ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਦੋ ਵੱਖ-ਵੱਖ ਨੰਬਰਾਂ ਤੋਂ ਦੋ ਵਾਰ ਕਾਲਾਂ ਆਈਆਂ।
Trending Photos
Congress President: ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਅਤੇ ਸਥਾਨਕ ਲੋਕ ਸਭਾ ਸੀਟ ਤੋਂ ਮਸ਼ਹੂਰ ਦਾਅਵੇਦਾਰ ਹਰਮੋਹਿੰਦਰ ਸਿੰਘ ਲੱਕੀ ਨੂੰ ਧਮਕੀ ਮਿਲਣ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਸੁਰੱਖਿਆ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ-ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਐਚ.ਐਸ. ਲੱਕੀ ਨੂੰ ਹਥਿਆਰਬੰਦ ਨਿੱਜੀ ਸੁਰੱਖਿਆ ਅਧਿਕਾਰੀ ਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਅੰਤਰਿਮ ਹੁਕਮ ਦਿੱਤੇ ਹਨ। ਐਚਐਸ ਲੱਕੀ ਨੂੰ ਧਮਕੀਆਂ ਦੇਣ ਅਤੇ ਉਨ੍ਹਾਂ ਦੀ ਜਾਨ ਨੂੰ ਖਤਰੇ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਚੰਡੀਗੜ੍ਹ ਪੁਲੀਸ ਨੂੰ ਨੋਟਿਸ ਜਾਰੀ ਕਰਕੇ 1 ਜੁਲਾਈ ਤੱਕ ਜਵਾਬ ਮੰਗਿਆ ਹੈ।
ਜਾਣਕਾਰੀ ਅਨੁਸਾਰ ਹਾਈਕੋਰਟ ਨੂੰ ਦੱਸਿਆ ਗਿਆ ਕਿ ਪਾਕਿਸਤਾਨੀ ਨੰਬਰ ਤੋਂ ਧਮਕੀ ਮਿਲਣ ਤੋਂ ਬਾਅਦ ਐਚ.ਐਸ.ਲੱਕੀ ਨੇ ਚੰਡੀਗੜ੍ਹ ਦੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.), ਸੈਕਟਰ 3 ਪੁਲਿਸ ਸਟੇਸ਼ਨ ਅਤੇ ਮੁਹਾਲੀ ਦੇ ਐਸਐਸਪੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਪਰ ਕੋਈ ਕਾਰਵਾਈ ਨਹੀਂ ਹੋਈ । ਜਿਸ ਤੋਂ ਬਾਅਦ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ। ਹਾਈ ਕੋਰਟ ਨੇ ਐਚਐਸ ਲੱਕੀ ਵੱਲੋਂ ਦਾਇਰ ਪਟੀਸ਼ਨ ਅਤੇ ਦਲੀਲਾਂ ਨੂੰ ਸੁਣਦੇ ਹੋਏ ਮੰਨਿਆ ਕਿ ਲੱਕੀ ਨੂੰ ਜਾਨਮਾਲ ਦਾ ਖ਼ਤਰਾ ਹੈ, ਇਸ ਲਈ ਚੰਡੀਗੜ੍ਹ ਪੁਲਿਸ ਨੂੰ ਛੇਤੀ ਤੋਂ ਛੇਤੀ ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਦੋ ਵੱਖ-ਵੱਖ ਨੰਬਰਾਂ ਤੋਂ ਦੋ ਵਾਰ ਕਾਲਾਂ ਆਈਆਂ। ਪਹਿਲੀ ਵਾਰ 4 ਮਾਰਚ ਨੂੰ ਜਦੋਂ ਚੰਡੀਗੜ੍ਹ ਨਗਰ ਨਿਗਮ ਵਿੱਚ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀਆਂ ਚੋਣਾਂ ਹੋਣੀਆਂ ਸਨ। ਇਸ ਤੋਂ ਬਾਅਦ 26 ਮਾਰਚ ਨੂੰ ਪਾਕਿਸਤਾਨ ਦੇ ਵੱਖ-ਵੱਖ ਨੰਬਰਾਂ ਤੋਂ ਦੋ ਵਾਰ ਕਾਲ ਆਈ। ਇਸ ਵਾਰ ਕਾਲ ਕਰਨ ਵਾਲੇ ਦੇ ਵਟਸਐਪ 'ਤੇ ਜੈ ਬਲਕਾਰੀ ਗਰੁੱਪ ਦਾ ਨਾਂਅ ਲਿਖਿਆ ਹੋਇਆ ਸੀ ਜੋ ਕਿ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਜੁੜਿਆ ਹੋਇਆ ਹੈ।
ਲੱਕੀ ਨੇ ਐੱਸਐੱਸਪੀ ਕੰਵਰਦੀਪ ਕੌਰ ਨੂੰ ਲਿਖਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ 26 ਮਾਰਚ ਨੂੰ ਸਵੇਰੇ ਮੈਨੂੰ ਪਾਕਿਸਤਾਨੀ ਨੰਬਰ ਤੋਂ ਦੋ ਵਟਸਐਪ ਕਾਲ ਆਈਆਂ, ਪਹਿਲੀ ਕਾਲ ਮੈਂ ਚੁੱਕੀ, ਜਿਸ 'ਤੇ ਕਾਲਰ ਨੇ ਮੇਰਾ ਨਾਂ ਲਿਆ। ਅਤੇ ਕਿਹਾ, "ਲੱਕੀ ਪੁੱਤ ਬੋਲਦਾ..ਕੋਈ ਨਾ ਤੇਰਾ ਇਲਾਜ਼ ਕਰ ਦਵਾਂਗੇ"। ਇਸ ਤੋਂ ਬਾਅਦ ਇਕ ਹੋਰ ਕਾਲ ਆਈ, ਜਿਸ ਦਾ ਮੈਂ ਜਵਾਬ ਨਹੀਂ ਦਿੱਤਾ।
ਐਚਐਸ ਲੱਕੀ ਨੇ ਦੱਸਿਆ ਕਿ ਨੰਬਰ 'ਤੇ ਜੈ ਬਲਕਾਰੀ ਵੀ ਲਿਖ ਕੇ ਆ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਵਾਲੇ ਦਿਨ ਮੈਨੂੰ ਪਾਕਿਸਤਾਨ ਨੰਬਰ (92-3274456798) ਤੋਂ ਫੋਨ ਆਇਆ ਸੀ ਅਤੇ ਫੋਨ ਕਰਨ ਵਾਲਾ ਮੇਰੇ ਲੜਕੇ ਦਾ ਹਾਲ-ਚਾਲ ਪੁੱਛ ਰਿਹਾ ਸੀ। ਕਿਰਪਾ ਕਰਕੇ ਇਹਨਾਂ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਮੇਰੀ ਰਿਹਾਇਸ਼ ਅਤੇ ਮੈਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ।