Trending Photos
Women Rights : ਇੱਕ ਆਫਿਸ ਵਿੱਚ ਜਿਨਸੀ ਸ਼ੋਸ਼ਣ ਦੇ ਕੇਸ ਦੀ ਸੁਣਵਾਈ ਕਰਦੇ ਹੋਏ ਮੁੰਬਈ ਦੀ ਅਦਾਲਤ ਨੇ ਮਹੱਤਵਪੂਰਨ ਟਿੱਪਣੀ ਕੀਤੀ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੌਰਾਨ ਟਿੱਪਣੀ ਕੀਤੀ ਕਿ ਕਿਸੇ ਵੀ ਔਰਤ ਸਹਿਯੋਗੀ ਨੂੰ ਇਹ ਕਹਿਣਾ ਕਿ ਉਸ ਦੀ ਫਿਗਰ ਸੁੰਦਰ ਹੈ, ਉਸ ਨੇ ਖ਼ੁਦ ਨੂੰ ਚੰਗੀ ਤਰ੍ਹਾਂ ਮੈਂਟੇਨ ਰੱਖਿਆ, ਇਹ ਵੀ ਅਪਰਾਧ ਦੀ ਕੈਟਾਗਿਰੀ ਵਿੱਚ ਆਉਂਦਾ ਹੈ।
ਕੋਰਟ ਨੇ ਇਹ ਗੱਲ ਇੱਕ ਰੀਅਲ ਅਸਟੇਟ ਕੰਪਨੀ ਦੀ ਮਹਿਲਾ ਮੁਲਾਜ਼ਮ ਵੱਲੋਂ ਦਾਇਰ ਪਟੀਸ਼ਨ ਉਪਰ ਸੁਣਵਾਈ ਦੌਰਾਨ ਕਹੀ। ਦੋਵੇਂ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ ਤੇ ਤਾਜ਼ਾ ਸੁਣਵਾਈ ਦੌਰਾਨ ਇਹ ਟਿੱਪਣੀ ਕਰਦਿਆਂ ਅਦਾਲਤ ਨੇ ਦੋਵਾਂ ਦੀ ਜ਼ਮਾਨਤ ਪਟੀਸ਼ਨ ਵੀ ਰੱਦ ਕਰ ਦਿੱਤੀ। 24 ਅਪ੍ਰੈਲ ਨੂੰ ਔਰਤ ਨੇ ਮੁੰਬਈ ਦੇ ਅੰਧੇਰੀ 'ਚ ਇੱਕ ਰੀਅਲ ਅਸਟੇਟ ਕੰਪਨੀ ਦੇ 42 ਸਾਲਾ ਸਹਾਇਕ ਮੈਨੇਜਰ ਤੇ 30 ਸਾਲਾ ਸੇਲਜ਼ ਮੈਨੇਜਰ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਦੋਵਾਂ 'ਤੇ ਇੱਕ ਔਰਤ ਦਾ ਅਪਮਾਨ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜਿਨਸੀ ਸ਼ੋਸ਼ਣ ਲਈ 354ਏ, ਪਿੱਛਾ ਕਰਨ ਲਈ 354ਡੀ ਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਲਈ ਧਾਰਾ 509 ਤਹਿਤ ਕੇਸ ਦਰਜ ਕੀਤਾ ਗਿਆ। ਔਰਤ ਦਾ ਇਲਜ਼ਾਮ ਹੈ ਕਿ ਦੋ ਪੁਰਸ਼ ਸਾਥੀ ਉਸ ਨੂੰ ਕਹਿੰਦੇ ਰਹੇ: 'ਮੈਡਮ, ਤੁਸੀਂ ਖੁਦ ਨੂੰ ਕਾਫੀ ਮੈਂਟੇਨ ਰੱਖਿਆ ਹੈ... ਤੁਹਾਡੀ ਫਿਗਰ ਬਹੁਤ ਸ਼ਾਨਦਾਰ ਹੈ... ਕੀ ਮੈਮ, ਤੁਸੀਂ ਮੇਰੇ ਨਾਲ ਬਾਹਰ ਜਾਣ ਬਾਰੇ ਨਹੀਂ ਸੋਚਿਆ ?'
ਸੈਸ਼ਨ ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਮਗਰੋਂ ਕਿਹਾ ਕਿ ਦੋਵਾਂ ਖਿਲਾਫ਼ ਪਹਿਲੀ ਨਜ਼ਰੇ ਕੇਸ ਬਣਦਾ ਹੈ। ਜਸਟਿਸ ਏਜੇਡ ਖ਼ਾਨ ਨੇ ਕਿਹਾ, ਇਹ ਅਜਿਹਾ ਮਾਮਲਾ ਨਹੀਂ ਹੈ ਜਿਸ ਵਿੱਚ ਦੋਸ਼ੀ ਨੂੰ ਅਗਾਊਂ ਜ਼ਮਾਨਤ 'ਤੇ ਰਿਹਾਅ ਕੀਤਾ ਜਾ ਸਕਦਾ ਹੈ। ਮਹਿਲਾ ਨੇ ਇਸ ਬਾਰੇ ਪਹਿਲਾਂ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਸੀ।
ਕਾਬਿਲੇਗੌਰ ਹੈ ਕਿ ਕੰਮ ਵਾਲੀਆਂ ਥਾਵਾਂ ਉਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਕਾਫੀ ਵੱਧ ਰਹੇ ਹਨ। ਕੰਮ-ਕਾਜੀ ਥਾਵਾਂ ’ਤੇ ਬਹੁਤੀ ਵਾਰ ਔਰਤਾਂ/ਲੜਕੀਆਂ ਨਾਲ ਵਧੀਕੀਆਂ ਹੁੰਦੀਆਂ ਹਨ। ਔਰਤਾਂ ਦੀ ਬਰਾਬਰੀ ਲਈ ਸਰਕਾਰੇ-ਦਰਬਾਰੇ ਗੱਲ ਤੁਰਦੀ ਰਹਿੰਦੀ ਹੈ ਅਤੇ ਨੇਮਾਂ-ਕਾਨੂੰਨਾਂ ਦੀ ਵੀ ਕਮੀ ਨਹੀਂ।
ਕਾਨੂੰਨ-ਘਾੜਿਆਂ ਨੇ ਔਰਤਾਂ ਦੇ ਹੱਕਾਂ ਤੇ ਬਰਾਬਰੀ ਲਈ ਜੋ ਉੱਦਮ ਕੀਤੇ ਹਨ, ਉਨ੍ਹਾਂ ਦਾ ਨਤੀਜਾ ਹੈ ਕਿ ‘ਕੰਮਕਾਜੀ ਥਾਵਾਂ ’ਤੇ ਔਰਤਾਂ ਦਾ ਜਿਨਸੀ ਸ਼ੋਸ਼ਣ (ਰੋਕ, ਪਾਬੰਦੀ ਤੇ ਸੋਧ) ਐਕਟ’, ਸਾਲ 2013 ਵਿਚ ਲਾਗੂ ਕੀਤਾ ਗਿਆ, ਪਰ ਇਸ ਐਕਟ ਬਾਰੇ ਅਜੇ ਵੀ ਆਮ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ। ਔਰਤਾਂ ਉੱਦਮੀਆਂ ਵਜੋਂ ਸਾਹਮਣੇ ਤਾਂ ਆ ਰਹੀਆਂ ਹਨ, ਪਰ ਉਨ੍ਹਾਂ ਦੀ ਗਿਣਤੀ ਅਜੇ ਪੁਰਸ਼ਾਂ ਦੇ ਬਰਾਬਰ ਨਹੀਂ, ਇਸ ਲਈ ਪੁਰਸ਼ ਉੱਦਮੀਆਂ ਲਈ ਲਾਜ਼ਮੀ ਹੋ ਜਾਂਦਾ ਹੈ ਕਿ ਉਹ ਇਸ ਕਾਨੂੰਨ ਨੂੰ ਧਿਆਨ ਵਿਚ ਰੱਖਦਿਆਂ ਕੰਮ-ਕਾਜੀ ਸਥਾਨਾਂ ’ਤੇ ਔਰਤਾਂ ਨਾਲ ਚੰਗਾ ਵਿਵਹਾਰ ਕਰਨ।
ਇਹ ਵੀ ਪੜ੍ਹੋ : Punjab News: ਬੀਬੀ ਜਗੀਰ ਕੌਰ ਨੇ 'ਸ਼੍ਰੋਮਣੀ ਅਕਾਲੀ ਪੰਥ' ਬਣਾਉਣ ਦਾ ਕੀਤਾ ਐਲਾਨ, ਸੰਗਤਾਂ ਨੇ ਵੀ ਭਰੀ ਹਾਮੀ