Jalandhar Police: ਜਲੰਧਰ ਦੇਹਾਤ ਪੁਲਿਸ ਨੇ ਡਰੱਗ ਤਸਕਰਾਂ ਵੱਲੋਂ ਡਰੱਗ ਦੀ ਕਮਾਈ ਤੋਂ ਬਣਾਈ ਗਈ 40.3 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ।
Trending Photos
Jalandhar Police: ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਉਤੇ ਅੱਜ ਜਲੰਧਰ ਦੇਹਾਤ ਪੁਲਿਸ ਨੇ ਡਰੱਗ ਤਸਕਰਾਂ ਵੱਲੋਂ ਡਰੱਗ ਦੀ ਕਮਾਈ ਤੋਂ ਬਣਾਈ ਗਈ 40.3 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ। ਦੇਹਾਤ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਡਰੱਗ ਕਾਰੋਬਾਰੀ ਤੋਂ ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਜੁੜੇ ਲੋਕਾਂ ਖਿਲਾਫ਼ ਜ਼ੀਰੋ ਸ਼ਹਿਣਸ਼ੀਲਤਾ ਨੀਤੀ ਅਪਣਾਈ ਜਾ ਰਹੀ ਹੈ।
ਨਸ਼ਾ ਰਿਕਵਰੀ ਦੇ ਨਾਲ-ਨਾਲ ਅੱਜ ਜਲੰਧਰ ਦੇਹਾਤ ਪੁਲਿਸ ਵੱਲੋਂ ਸਭ ਡਿਵੀਜ਼ਨ ਸ਼ਾਹਕੋਟ ਤਹਿਤ ਆਉਂਦੇ ਪਿੰਡ ਰੇਡਵਾਂ ਦੇ 8 ਖ਼ਤਰਨਾਕ ਸਮੱਗਲਰਾਂ ਦੀ 40.3 ਕਰੋੜ ਰੁਪਏ ਦੀ ਪ੍ਰਾਪਰਟੀ ਜ਼ਬਤ ਕਰ ਲਈ ਹੈ। ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਾਹਕੋਟ ਦੇ ਪਿੰਡ ਰੇਡਵਾਂ ਵਾਸੀ ਤਸਕਰ ਕੁਲਵੰਤ ਸਿੰਘ ਉਰਫ਼ ਕੰਤੀ, ਸੁਖਪ੍ਰੀਤ ਸਿੰਘ, ਦਿਲਬਾਗ ਸਿੰਘ ਉਰਫ ਬਾਘਾ, ਅਵਤਾਰ ਸਿੰਘ, ਵਰਿੰਦਰ ਪਾਲ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ ਅਤੇ ਚਰਨਜੀਤ ਸਿੰਘ ਨੂੰ ਡਰੱਗ ਤਸਕਰੀ ਦੇ ਵੱਖ-ਵੱਖ ਕੇਸਾਂ ਵਿੱਚ ਸਜ਼ਾ ਹੋ ਚੁੱਕੀ ਹੈ।
ਐਸਐਸਪੀ ਮੁਖਵਿੰਦਰ ਭੁੱਲਰ ਨੇ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਅੱਜ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਨ੍ਹਾਂ ਸਮੱਗਲਰਾਂ ਦੇ 50 ਲੱਖ ਕੀਮ ਦਾ ਫਾਰਮ ਹਾਊਸ, 35.67 ਕਰੋੜ ਕੀਮਤ ਦੀ ਖੇਤੀਬਾੜੀ ਲੈਂਡ, 3.5 ਕਰੋੜ ਰੁਪਏ ਕੀਮਤ ਦੀਆਂ ਤਿੰਨ ਕੋਠੀਆਂ, 65.7 ਲੱਖ ਰੁਪਏ ਦੇ ਵਾਹਨ ਜ਼ਬਤ ਕੀਤੇ ਗਏ ਹਨ।
ਜ਼ਬਤ ਕੀਤੇ ਗਏ ਵਾਹਨਾਂ ਵਿੱਚ ਗੈਟਜ, ਟਾਟਾ ਸੋਮੂ, ਬਲੈਰੋ, 22 ਟਾਟਾ ਸਫ਼ਾਈ, ਬੁਲਟ ਮੋਟਰ ਸਾਈਕਲ, ਪਲਸਰ ਮੋਟਰਸਾਈਕਲ, ਡਿਸਕਰਵ ਮੋਟਰਸਾਈਕਲ, ਹੀਰੋ ਹਾਂਡਾ ਮੋਟਰਸਾਈਕਲ, ਸਕੂਟਰ, ਹਾਰਵੈਸਟਰ ਕੰਬਾਈਨ, ਜੇਸੀਬੀ ਮਸ਼ੀਨ, 5 ਫੋਰਡ ਟਰੈਕਟਰ, ਇੱਕ ਸਵਰਾਜ ਟਰੈਕਟਰ, ਦੋ ਟਿੱਪਰ ਜ਼ਬਤ ਕੀਤੇ ਹਨ। ਐਸਐਸਪੀ ਮੁਖਵਿੰਦਰ ਭੁੱਲਰ ਨੇ ਕਿਹਾ ਕਿ ਸੀਐਮ ਭਗਵੰਤ ਤੇ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ ਅਨੁਸਾਰ ਡਰੱਗ ਤੇ ਅਪਰਾਧ ਖਿਲਾਫ਼ ਜ਼ੀਰੋ ਸ਼ਹਿਣਸ਼ੀਲਤਾ ਨੀਤੀ ਮੁਤਾਬਕ ਕੰਮ ਕੀਤਾ ਜਾ ਰਿਹਾ ਹੈ।
ਐਸਐਸਪੀ ਭੁੱਲਰ ਨੇ ਕਿਹਾ ਕਿ ਡਰੱਗ ਅਤੇ ਅਪਰਾਧੀਆਂ ਖਿਲਾਫ਼ ਲਗਾਤਾਰ ਆਪ੍ਰੇਸ਼ਨ ਚੱਲ ਰਹੇ ਹਨ। ਜਲੰਧਰ ਦੇਹਾਤ ਪੁਲਿਸ ਵੱਲੋਂ ਪਿਛਲੇ ਕੁਝ ਸਮੇਂ ਵਿੱਚ ਹੀ 50 ਕਿਲੋ ਹੈਰੋਇਨ ਦਾ ਅੰਤਰਰਾਸ਼ਟਰੀ ਨੈਟਵਰਕ ਤਬਾਹ ਕੀਤਾ ਗਿਆ ਹੈ। ਐਸ.ਐਸ.ਪੀ ਮੁਖਵਿੰਦਰ ਭੁੱਲਰ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਤੇ ਪੁਲਿਸ ਦੀ ਮੁਹਿੰਮ ਵਿੱਚ ਸਹਿਯੋਗ ਦੇਣ ਤਾਂ ਜੋ ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਪੁੱਟਿਆ ਜਾ ਸਕੇ।
ਇਹ ਵੀ ਪੜ੍ਹੋ : Batala Road Accident: ਨੈਸ਼ਨਲ ਹਾਈਵੇ 'ਤੇ ਟਰਾਲੀ ਤੇ ਸਵਿਫਟ ਗੱਡੀ ਦੀ ਹੋਈ ਟੱਕਰ, 3 ਲੋਕਾਂ ਦੀ ਹੋਈ ਮੌਤ