Salman Khan News: ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਵੱਡੀ ਰਾਹਤ ਦਿੰਦੇ ਹੋਏ ਉਸ ਖ਼ਿਲਾਫ਼ ਹੋਏ ਸੰਮਨ ਤੇ ਪੂਰੇ ਮਾਮਲੇ ਨੂੰ ਖਾਰਿਜ ਕਰ ਦਿੱਤਾ ਹੈ।
Trending Photos
Salman Khan News: ਬਾਲੀਵੁੱਡ ਦੇ ਦਬੰਗ ਅਦਾਕਾਰ ਸਲਮਾਨ ਖ਼ਾਨ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅੰਧੇਰੀ ਮੈਟਰੋਪੋਲੀਟਨ ਕੋਰਟ ਵੱਲੋਂ ਸਲਮਾਨ ਖ਼ਿਲਾਫ਼ ਜਾਰੀ ਸੰਮਨ ਨੂੰ ਖਾਰਿਜ ਕਰਦੇ ਹੋਏ ਹਾਈ ਕੋਰਟ ਨੇ ਪੂਰੇ ਮਾਮਲੇ ਨੂੰ ਖਾਰਿਜ ਕਰ ਦਿੱਤਾ ਹੈ। ਸਲਮਾਨ ਖ਼ਾਨ 'ਤੇ ਸਾਲ 2019 'ਚ ਪੱਤਰਕਾਰ ਨਾਲ ਬਦਸਲੂਕੀ ਕਰਨ ਅਤੇ ਧਮਕੀ ਦੇਣ ਦਾ ਦੋਸ਼ ਲੱਗਾ ਸੀ। ਇਹ ਫ਼ੈਸਲਾ ਜਸਟਿਸ ਭਾਰਤੀ ਡਾਂਗਰੇ ਦੀ ਸਿੰਗਲ ਬੈਂਚ ਨੇ ਦਿੱਤਾ ਹੈ।
ਸਲਮਾਨ ਖ਼ਾਨ ਉਪਰ ਸੀਨੀਅਰ ਪੱਤਰਕਾਰ ਅਸ਼ੋਕ ਪਾਂਡੇ ਨੂੰ ਧਮਕੀ ਦੇਣ ਦਾ ਦੋਸ਼ ਸੀ। ਕਾਬਿਲੇਗੌਰ ਹੈ ਕਿ ਅਸ਼ੋਕ ਪਾਂਡੇ ਅੰਧੇਰੀ 'ਚ ਸਲਮਾਨ ਖ਼ਾਨ ਦਾ ਵੀਡੀਓ ਬਣਾ ਰਹੇ ਸਨ, ਜਦੋਂ ਸਲਮਾਨ ਅਤੇ ਉਨ੍ਹਾਂ ਦੇ ਬਾਡੀਗਾਰਡ ਨੇ ਉਨ੍ਹਾਂ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਕੀਤਾ ਸੀ। ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਚਲਾ ਗਿਆ ਸੀ। ਹਾਲਾਂਕਿ ਹਾਈ ਕੋਰਟ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਸਲਮਾਨ ਖ਼ਾਨ ਨੂੰ ਵੱਡੀ ਰਾਹਤ ਦਿੱਤੀ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦੀ ਬੇਟੀ ਨੂੰ ਅਮਰੀਕਾ 'ਚ ਖਾਲਿਸਤਾਨ ਸਮਰਥਕਾਂ ਨੇ ਕੱਢੀਆਂ ਗਾਲ੍ਹਾਂ! ਦਿੱਤੀ ਇਹ ਧਮਕੀ
ਮੁੰਬਈ ਦੀ ਇੱਕ ਸਥਾਨਕ ਅਦਾਲਤ ਨੇ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਬਾਡੀਗਾਰਡ ਨਵਾਜ਼ ਸ਼ੇਖ ਨੂੰ 22 ਮਾਰਚ, 2022 ਨੂੰ 2019 ਦੇ ਵਿਵਾਦ ਦੇ ਸਬੰਧ ਵਿੱਚ ਸੰਮਨ ਜਾਰੀ ਕੀਤਾ ਸੀ। ਮੈਟਰੋਪੋਲੀਟਨ ਮੈਜਿਸਟ੍ਰੇਟ ਆਰ. ਆਰ. ਖ਼ਾਨ ਨੇ ਆਪਣੇ ਆਦੇਸ਼ ਵਿੱਚ ਕਿਹਾ ਸੀ ਕਿ ਇਸ ਮਾਮਲੇ ਦੇ ਸਬੰਧ ਵਿੱਚ ਦਰਜ ਪੁਲਿਸ ਸ਼ਿਕਾਇਤ ਵਿੱਚ ਉਸ ਖਿਲਾਫ਼ ਭਾਰਤੀ ਦੰਡ ਦੀ ਧਾਰਾ 504 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਅਪਰਾਧ) ਅਤੇ 506 (ਅਪਰਾਧਿਕ ਧਮਕੀ) ਤਹਿਤ ਦੋਸ਼ ਲਗਾਏ ਗਏ ਹਨ। ਹਾਲਾਂਕਿ ਅਦਾਲਤ 'ਚ ਮਾਮਲੇ ਦੀ ਸੁਣਵਾਈ ਦੌਰਾਨ ਸਲਮਾਨ ਖਾਨ ਨੇ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ। ਇਸ ਤੋਂ ਬਾਅਦ ਸਲਮਾਨ ਖਾਨ ਨੇ ਬੰਬੇ ਹਾਈ ਕੋਰਟ ਵਿੱਚ ਸੀਆਰਪੀਸੀ 482 ਦੇ ਤਹਿਤ ਇੱਕ ਅਰਜ਼ੀ ਦਾਇਰ ਕਰਕੇ ਕੇਸ ਨੂੰ ਖਾਰਿਜ ਕਰਨ ਦੀ ਬੇਨਤੀ ਕੀਤੀ, ਜਿਸ ਨੂੰ ਹੁਣ ਅਦਾਲਤ ਨੇ ਸਵੀਕਾਰ ਕਰ ਲਿਆ ਹੈ। ਅਦਾਲਤ ਨੇ ਫੈ਼ਸਲਾ ਸੁਣਾਉਂਦੇ ਹੋਏ ਸੰਮਨ ਤੇ ਪੂਰੇ ਮਾਮਲੇ ਨੂੰ ਖਾਰਿਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Salman Khan Threat News: ਗੈਂਗਸਟਰ ਗੋਲਡੀ ਬਰਾੜ ਨੇ ਸਲਮਾਨ ਖਾਨ ਨੂੰ ਭੇਜੀ ਧਮਕੀ ਭਰੀ ਈ-ਮੇਲ: ਮੁੰਬਈ ਪੁਲਿਸ