Amritsar News: ਪਿੰਡ ਵਾਸੀਆਂ ਨੇ ਵੀਰਵਾਰ ਨੂੰ ਡੀਸੀ ਦਫ਼ਤਰ ਦਾ ਘਿਰਾਓ ਕਰਨ ਅਤੇ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਹਣ ਲਈ ਗ੍ਰਾਮ ਸਭਾ ਬੁਲਾ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।
Trending Photos
Amritsar News (ਭਰਤ ਸ਼ਰਮਾ): ਅੰਮ੍ਰਿਤਸਰ ਜ਼ਿਲ੍ਹੇ 'ਚ ਪੈਂਦੇ ਪਿੰਡ ਗੁਮਾਨਪੁਰਾ ਦੀ ਪੰਚਾਇਤੀ ਚੋਣਾਂ ਦੀ ਵੋਟਰ ਸੂਚੀ ਵਿੱਚੋਂ ਆਮ ਵੋਟਰਾਂ ਦੇ ਨਾਂ ਕੱਟਣ ਜਾਣ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਧੱਕੇਸ਼ਾਹੀ ਕਰਕੇ ਲੋਕਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ। ਜਿਸ ਕਰਕੇ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪਿੰਡ ਗੁਮਾਨਪੁਰਾ ਵਾਸੀਆਂ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਸਾਬਕਾ ਸਰਪੰਚ ਸੁਖਦੇਵ ਸਿੰਘ ਰਾਜੂ, ਜਸਵਿੰਦਰ ਸਿੰਘ, ਸਾਬਕਾ ਸਰਪੰਚ ਬੀਬੀ ਗੁਰਨਾਮ ਕੌਰ, ਕੁਲਵੰਤ ਸਿੰਘ ਸੋਨੂੰ ਦੀ ਅਗਵਾਈ ਹੇਠ ਇੱਕ ਹਜ਼ਾਰ ਦੇ ਕਰੀਬ ਵੋਟਾਂ ਕੱਟਣ ਦੇ ਦੋਸ਼ ਹੇਠ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਵੀਰਵਾਰ ਨੂੰ ਡੀਸੀ ਦਫ਼ਤਰ ਦਾ ਘਿਰਾਓ ਕਰਨ ਅਤੇ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਹਣ ਲਈ ਗ੍ਰਾਮ ਸਭਾ ਬੁਲਾ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਆਪਣੀ ਹਾਰ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਰਿਸ਼ਤੇਦਾਰ ਨੇ ਪਿੰਡ ਗੁਮਾਨਪੁਰਾ ਤੋਂ ਸਰਪੰਚ ਦੀ ਚੋਣ ਲੜ ਰਿਹਾ ਹੈ, ਜਿਸ ਨੂੰ ਜਿੱਤਣ ਲਈ ਹਲਕਾ ਵਿਧਾਇਕ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਿਹਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਦੀ ਨਾਕਾਮੀ ਕਾਰਨ ਪਾਰਟੀ ਦੀ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਵਿਧਾਇਕ ਨੇ ਪਿੰਡ ਦੀਆਂ ਕਰੀਬ ਇੱਕ ਹਜ਼ਾਰ ਵੋਟਾਂ ਵੋਟਰ ਸੂਚੀ ਵਿੱਚੋਂ ਗਾਇਬ ਕਰ ਦਿੱਤੀਆਂ ਹਨ। ਜਿਸ ਕਾਰਨ ਪਿੰਡ ਦੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸੂਚੀ ਨੂੰ ਦਰੁਸਤ ਕਰਵਾਉਣ ਲਈ ਉਹ ਮੰਗਲਵਾਰ ਨੂੰ ਐਸਡੀਐਮ ਨੂੰ ਵੀ ਮਿਲੇ ਸਨ ਪਰ ਉਨ੍ਹਾਂ ਨੇ ਵੀ ਉਪਰੋਂ ਦਬਾਅ ਹੋਣ ਦੀ ਗੱਲ ਕਹਿ ਕੇ ਕੁਰਸੀ ਛੱਡ ਦਿੱਤੀ ਸੀ।
ਸਾਬਕਾ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਦਾ ਇਲਜ਼ਾਮ ਹੈ ਕਿ ਪਿੰਡ 600 ਤੋਂ 700 ਵੋਟ ਕੱਟ ਦਿੱਤੀ ਗਈ ਹੈ। ਜਿਸ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਆਗੂਆਂ ਵੱਲੋਂ ਡੀਸੀ ਦਫਤਰ ਅਤੇ ਐਸਡੀਐਮ ਦਫ਼ਤਰ ਤੱਕ ਪਹੁੰਚ ਕੀਤੀ ਗਈ ਸੀ। ਇਨ੍ਹਾਂ ਦੀ ਕਿਸੇ ਵੀ ਅਫਸਰ ਨੇ ਇੱਕ ਨਾ ਸੁਣੀ ਅੱਗੋਂ ਇਹ ਜੁਆਬ ਦਿੱਤਾ ਗਿਆ ਕਿ ਜੋ ਵੀ ਲਿਸਟ ਬਣਕੇ ਆ ਗਈ ਹੈ,ਉਹ ਹੁਣ ਉਸੇ ਤਰ੍ਹਾਂ ਰਹੇਗੀ। ਜਿਸ ਤੋਂ ਸਾਫ ਹੁੰਦਾ ਹੈ ਕਿ ਜਿਸ ਤਰ੍ਹਾਂ ਨਾ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ। ਉਸ ਕਿਸੇ ਸਾਜ਼ਿਸ਼ ਦਾ ਹਿੱਸਾ ਲੱਗ ਰਿਹਾ ਹੈ।