ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦੀ ਸੇਵਾ, ਸਿਮਰਨ, ਨਿਮਰਤਾ, ਸਹਿਣਸ਼ੀਲਤਾ ਦੇਖ ਦੇ ਉਨ੍ਹਾਂ ਦਾ ਨਾਮ ਭਾਈ ਲਹਿਣਾ ਤੋਂ ਅੰਗਦ ਰੱਖਿਆ ਤੇ 1539 ਈਸਵੀ ਨੂੰ ਉਨ੍ਹਾਂ ਨੂੰ ਗੁਰਤਾਗੱਦੀ ਸੌਂਪੀ। ਜਿਸ ਤੋਂ ਬਾਅਦ ਭਾਈ ਲਹਿਣਾ ਸਿੱਖਾਂ ਦੇ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ।
Trending Photos
ਚੰਡੀਗੜ੍ਹ- ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਦੂਸਰੇ ਗੁਰੂ ਬਣੇ। ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਅੱਗੇ ਵਧਾਉਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ।
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਭਾਈ ਫੇਰੂ ਮੱਲ ਜੀ ਦੇ ਘਰ 31 ਮਾਰਚ, 1504 ਈ. ਨੂੰ ਮੱਤੇ ਕੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। ਹੁਣ ਇਸ ਪਿੰਡ ਨੂੰ ਨਾਂਗੇ ਦੀ ਸਰਾਂ ਜਾਂ ਫਿਰ ਸਰਾਏਨਾਗਾ ਆਖਿਆ ਜਾਂਦਾ ਹੈ। ਭਾਈ ਲਹਿਣਾ ਜੀ ਉਸ ਵਕਤ ਕਾਫੀ ਛੋਟੀ ਉਮਰ ਦੇ ਸੀ, ਜਦੋਂ ਬਾਬਰ ਦੇ ਹਮਲੇ ਕਾਰਨ ਮੱਤੇ ਦੀ ਸਰਾਂ ਪਿੰਡ ਉੱਜੜ ਗਿਆ ਸੀ। ਭਾਈ ਲਹਿਣਾ ਜੀ ਦੇ ਪਿਤਾ ਫੇਰੂਮੱਲ ਜੀ ਪਰਿਵਾਰ ਸਮੇਤ ਪਿੰਡ ਖਡੂਰ ਸਾਹਿਬ ਆ ਗਏ। ਇੱਥੇ ਉਨ੍ਹਾਂ ਇੱਕ ਹੱਟੀ ਦਾ ਕੰਮ ਸੰਭਾਲਿਆ। ਭਾਈ ਲਹਿਣਾ ਜੀ ਵੈਸ਼ਨੋ ਦੇਵੀ ਮਾਤਾ ਦੇ ਭਗਤ ਸਨ। ਹਰ ਸਾਲ ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ।
ਇੱਕ ਵਾਰ ਦੀ ਗੱਲ ਹੈ ਕਿ ਭਾਈ ਲਹਿਣਾ ਜੀ ਨੇ ਖਡੂਰ ਪਿੰਡ ‘ਚ ਜੋਧਾ ਨਾਂ ਦਾ ਇੱਕ ਵਿਅਕਤੀ ਦੇ ਮੁੱਖੋਂ ਬਾਣੀ ਸੁਣੀ ਤਾਂ ਉਨ੍ਹਾਂ ਦੇ ਮਨ ਨੂੰ ਬਹੁਤ ਸ਼ਾਂਤੀ ਮਿਲੀ। ਭਾਈ ਲਹਿਣਾ ਜੀ ਨੇ ਭਾਈ ਜੋਧਾ ਨੂੰ ਪੁੱਛਿਆ ਕਿ ਉਹਨਾਂ ਨੇ ਇਹ ਬਾਣੀ ਕਿੱਥੋਂ ਸਿੱਖੀ। ਭਾਈ ਜੋਧਾ ਜੀ ਨੇ ਜਵਾਬ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ। ਭਾਈ ਲਹਿਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਮੰਨ ਬਣਾ ਲਿਆ।
ਭਾਈ ਲਹਿਣਾ ਜੀ ਨੂੰ ਭਾਈ ਜੋਧਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਸਾਹਿਬ ਹੋਣ ਬਾਰੇ ਦੱਸਿਆ ਸੀ। ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾ ਲਈ ਆਪਣੇ ਪਿੰਡ ਦੇ ਯਾਤਰੂਆਂ ਨਾਲ ਜਾ ਰਹੇ ਸੀ ਤਾਂ ਰਸਤੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਬਾਰੇ ਸੋਚਿਆ ਤੇ ਉਹ ਕਰਤਾਰਪੁਰ ਸਾਹਿਬ ਵੱਲ ਮੁੜ ਗਏ। ਜਿਥੇ ਭਾਈ ਲਹਿਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ।
ਭਾਈ ਲਹਿਣਾ ਜੀ ਨੇ 7 ਸਾਲ 1532 ਤੋਂ 1539 ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ। ਉਸ ਤੋਂ ਬਾਅਦ 1539 ਈਸਵੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਦਾ ਨਾਂਅ ਬਦਲ ਕੇ ਅੰਗਦ ਰੱਖ ਦਿੱਤਾ ਤੇ ਉਨ੍ਹਾਂ ਦੀ ਨਿਮਰਤਾ, ਸੇਵਾ, ਭਾਵਨਾ,ਸਹਿਣਸ਼ੀਲਤਾ ਦੇਖ ਦੇ ਉਨ੍ਹਾਂ ਨੂੰ ਗੁਰਤਾਗੱਦੀ ਸੌਂਪੀ।
ਅੰਗਦ ਦੇਵ ਜੀ ਦੇ 63 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਸ੍ਰੀ ਗੁਰੂ ਅੰਗਦ ਦੇਵ ਜੀ 1552 ਈ. ਵਿੱਚ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਜੋਤੀ ਜੋਤਿ ਸਮਾਂ ਗਏ। ਸੇਵਾ,ਸਿਮਰਨ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪ੍ਰਮਾਤਮਾ ਦੇ ਹੁਕਮ ਤੇ ਰਜ਼ਾ ‘ਚ ਰਹਿਣ ਦਾ ਸੰਦੇਸ਼ ਦਿੱਤਾ।
WATCH LIVE TV