Barnala News: ਬਰਨਾਲਾ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਦੌਰਾਨ ਫੈਕਟਰੀ ਵਿੱਚ ਛਾਪੇਮਾਰੀ ਦੌਰਾਨ ਪਾਬੰਦੀਸ਼ੁਦਾ ਕੈਪਸੂਲ, ਕੱਚਾ ਮਾਲ, ਜਾਅਲੀ ਅਸ਼ਟਾਮ ਤੇ ਕਾਰ ਬਰਾਮਦ ਕੀਤੀ।
Trending Photos
Barnala News: ਐਸਟੀਐਫ ਪੰਜਾਬ ਤੇ ਬਰਨਾਲਾ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਦੌਰਾਨ ਫੈਕਟਰੀ ਵਿੱਚ ਛਾਪੇਮਾਰੀ ਦੌਰਾਨ ਪਾਬੰਦੀਸ਼ੁਦਾ ਕੈਪਸੂਲ, ਕੱਚਾ ਮਾਲ, ਜਾਅਲੀ ਅਸ਼ਟਾਮ ਅਤੇ ਕਾਰ ਬਰਾਮਦ ਕੀਤੀ। ਇਸ ਪੂਰੇ ਮਾਮਲੇ 'ਚ ਫੈਕਟਰੀ ਮਾਲਕ ਤੇ ਉਸ ਦੀ ਪਤਨੀ ਸਮੇਤ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਡੀ.ਐੱਸ.ਪੀ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 325 ਮਿਤੀ 30/6. 24 ਅ/ਧ 420,188,120 ਬੀ ਆਈ.ਪੀ.ਸੀ ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ। ਟੀਮ ਨੇ ਇਸ ਦੌਰਾਨ ਪਾਬੰਦੀਸ਼ੁਦਾ 95 ਹਜ਼ਾਰ ਪ੍ਰੀ-ਗੈਬਲਿਨ 300 ਮਿਲੀਗ੍ਰਾਮ ਸਿਗਨੇਚਰ ਕੈਪਸੂਲ ਅਤੇ 2.17 ਲੱਖ ਟੈਪੈਂਟਾਡੋਲ ਕੈਪਸੂਲ ਬਰਾਮਦ ਕੀਤੇ ਹਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਅੱਜ ਬਰਨਾਲਾ ਪੁਲਿਸ ਨੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਿਗਨੇਚਰ ਨਾਂ ਦੇ ਕੈਪਸੂਲ ਦੀ ਵਰਤੋਂ ਨਸ਼ੇ ਵਜੋਂ ਕੀਤੀ ਜਾਂਦੀ ਹੈ। ਜਿਸ ਕਾਰਨ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਕੈਪਸੂਲਾਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਰਨਾਲਾ ਦੇ ਨਾਈਵਾਲਾ ਰੋਡ 'ਤੇ ਸਥਿਤ ਅਲਜ਼ਾਨ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਨਾਮ ਦੀ ਫੈਕਟਰੀ 'ਚ ਪਾਬੰਦੀਸ਼ੁਦਾ ਕੈਪਸੂਲ ਤਿਆਰ ਕੀਤੇ ਜਾਂਦੇ ਹਨ, ਜਿਸ ਨੂੰ ਬਣਾਉਣ ਦਾ ਲਾਇਸੈਂਸ ਵੀ ਨਹੀਂ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੀਆਂ ਦਵਾਈਆਂ ਬਿਨਾਂ ਪ੍ਰਵਾਨਗੀ ਤੋਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਐਸਟੀਐਫ ਕੋਲ ਉਕਤ ਅਲਜ਼ਾਨ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਦੇ ਮਾਲਕ ਵਿਰੁੱਧ ਸ਼ਿਕਾਇਤਾਂ ਹਨ ਤੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਬਰਨਾਲਾ ਪੁਲਿਸ ਦੀ ਟੀਮ ਨੇ ਐਸਟੀਐਫ ਦੀ ਟੀਮ ਨਾਲ ਮਿਲ ਕੇ ਕਾਰਵਾਈ ਕਰਦੇ ਹੋਏ ਡਰੱਗ ਅਫ਼ਸਰ ਬਰਨਾਲਾ ਨੂੰ ਨਾਲ ਲੈ ਕੇ ਫੈਕਟਰੀ 'ਤੇ ਛਾਪਾ ਮਾਰਿਆ। ਚੈਕਿੰਗ ਦੌਰਾਨ ਫੈਕਟਰੀ ਵਿੱਚੋਂ ਪ੍ਰੀ-ਗੈਬਲਿਨ 300 ਮਿਲੀਗ੍ਰਾਮ ਸਿਗਨੇਚਰ ਦੇ 95 ਹਜ਼ਾਰ ਕੈਪਸੂਲ ਬਰਾਮਦ ਹੋਏ।
ਉਸ ਕੋਲ ਇਨ੍ਹਾਂ ਕੈਪਸੂਲ ਸਬੰਧੀ ਕੋਈ ਰਿਕਾਰਡ ਜਾਂ ਪ੍ਰਵਾਨਗੀ ਨਹੀਂ ਸੀ। ਇਸ ਤੋਂ ਇਲਾਵਾ ਫ਼ੈਕਟਰੀ ਵਿੱਚੋਂ 2.17 ਲੱਖ ਇਸੇ ਤਰ੍ਹਾਂ ਦੇ ਟੈਪੈਂਟਾਡੋਲ ਕੈਪਸੂਲ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਕੋਲ ਪੰਜਾਬ ਵਿੱਚ ਬਣਾਉਣ ਦਾ ਕੋਈ ਲਾਇਸੈਂਸ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੂੰ ਫੈਕਟਰੀ ਵਿੱਚੋਂ ਇਹ ਕੈਪਸੂਲ, ਕੈਪਸੂਲ ਬਣਾਉਣ ਦਾ ਕੱਚਾ ਮਾਲ ਅਤੇ ਜਾਅਲੀ ਅਸ਼ਟਾਮ ਬਰਾਮਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਕੁੱਲ 8 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਸ ਵਿੱਚ ਫੈਕਟਰੀ ਮਾਲਕਾਂ ਸੀਸੂ ਪਾਲ, ਦਿਨੇਸ਼ ਬਾਂਸਲ, ਲਵ ਕੁਸ਼ ਯਾਦਵ, ਸੁਖਰਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਇੱਕ ਮਹਿੰਦਰਾ ਪਿਕਅੱਪ ਗੱਡੀ ਵੀ ਬਰਾਮਦ ਹੋਈ ਹੈ।
ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਹੋਰ ਫੈਕਟਰੀਆਂ ਅਤੇ ਫਰਮਾਂ 'ਤੇ ਛਾਪੇਮਾਰੀ ਕਰਕੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਹ ਫੈਕਟਰੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਪਰ ਪਿਛਲੇ ਇੱਕ ਮਹੀਨੇ ਤੋਂ ਸੂਚਨਾ ਮਿਲ ਰਹੀ ਸੀ ਕਿ ਇਸ ਫੈਕਟਰੀ ਵਿੱਚ ਜੂਏ ਦੇ ਕੈਪਸੂਲ ਬਣਾਏ ਜਾ ਰਹੇ ਹਨ।
ਇਸ ਸਬੰਧੀ ਡਰੱਗ ਅਫਸਰ ਪ੍ਰਨੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਐਸਟੀਐਫ ਅਤੇ ਬਰਨਾਲਾ ਪੁਲਿਸ ਨਾਲ ਮਿਲ ਕੇ ਇਸ ਫੈਕਟਰੀ ’ਤੇ ਛਾਪਾ ਮਾਰਿਆ ਹੈ। ਇਸ ਤੋਂ ਬਾਅਦ ਮੌਕੇ ਤੋਂ ਪ੍ਰੀ-ਗੈਬਲਿਨ ਕੈਪਸੂਲ ਬਰਾਮਦ ਹੋਏ ਹਨ। ਉਨ੍ਹਾਂ ਕੋਲ ਇਨ੍ਹਾਂ ਕੈਪਸੂਲ ਬਣਾਉਣ ਦਾ ਕੋਈ ਲਾਇਸੈਂਸ ਨਹੀਂ ਹੈ। ਇਹ ਕੈਪਸੂਲ ਵੱਡੀ ਮਾਤਰਾ 'ਚ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚੋਂ ਟੇਪੈਂਟਾਡੋਲ ਕੈਪਸੂਲ ਵੀ ਬਰਾਮਦ ਕੀਤੇ ਗਏ ਹਨ ਪਰ ਇਨ੍ਹਾਂ ਨੂੰ ਪੰਜਾਬ ਤੋਂ ਬਾਹਰ ਵੇਚਣ ਦੀ ਇਜਾਜ਼ਤ ਹੈ ਪਰ ਉਹ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕੇ। ਇਸ ਕਾਰਨ ਸਾਰੇ ਕੈਪਸੂਲ ਜ਼ਬਤ ਕਰ ਲਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰੀ-ਗੈਬਲਿਨ ਕੈਪਸੂਲ ਉਸ ਵੱਲੋਂ ਕਾਂਗੜਾ ਦੀ ਇੱਕ ਫਰਮ ਦੇ ਨਾਂ ’ਤੇ ਬਣਾ ਕੇ ਸਟਾਕ ਵਿੱਚ ਰੱਖਿਆ ਗਿਆ ਸੀ। ਜਦਕਿ ਮੌਕੇ ਤੋਂ ਪੈਕੇਜਿੰਗ ਸਮੱਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਕੈਪਸੂਲਾਂ ਦੇ 7 ਤਰ੍ਹਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ।