Guru Nanak Dev Ji Prakash Parv: ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਦੇਸ਼ ਭਰ ਵਿੱਚ ਭਾਰੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼-ਵਿਦੇਸ਼ ਵਿੱਚ ਵੀ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧੁ ਜਗਿ ਚਾਨਣੁ ਹੋਆ, ਗੁਰਬਾਣੀ ਦੀਆਂ ਇਨ੍ਹਾਂ ਪਵਿੱਤਰ ਸਤਰਾਂ ਨੂੰ ਪੜ੍ਹਦੇ ਸਾਰ ਹੀ ਸਾਰਿਆਂ ਦੇ ਜ਼ਿਹਨ 'ਚ ਇੱਕ ਤਸਵੀਰ ਉਕਰ ਜਾਂਦੀ ਹੈ।
ਇਸ ਤਸਵੀਰ ਦੇ ਦਰਸ਼ਨਾਂ ਨਾਲ ਸਾਡਾ ਤਨ, ਮਨ ਤੇ ਆਤਮਾ ਪਵਿੱਤਰ ਹੋ ਜਾਂਦੀ ਹੈ। ਉਹ ਤਸਵੀਰ ਹੈ ਸਰਬੱਤ ਸੰਸਾਰ ਨੂੰ ਤਾਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ, ਜਿਨ੍ਹਾਂ ਦਾ ਜਨਮ 1469 ਈ: ਨੂੰ ਰਾਏ ਭੋਇੰ ਦੀ ਤਲਵੰਡੀ ਵਿਖੇ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਆਪ ਦਾ ਮਨ ਪਰਮਾਤਮਾ ਦੀ ਭਗਤੀ ਵਿੱਚ ਲੀਨ ਸੀ ਤੇ ਲੋੜਵੰਦਾਂ ਦੀ ਮਦਦ ਕਰਨਾ ਉਨ੍ਹਾਂ ਦਾ ਸੁਭਾਅ ਬਣ ਗਿਆ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ ਹਨ। ਉਹਨਾਂ ਨੇ ਟਵੀਟ ਕਰ ਲਿਖਿਆ ਹੈ,"ਪੂਰੀ ਦੁਨੀਆ ‘ਚ ਹਰ ਧਰਮ ਦੇ ਲੋਕਾਂ ਵੱਲੋਂ ਸਤਿਕਾਰੇ ਜਾਂਦੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ…ਜਿਨ੍ਹਾਂ ਕਰਮ ਤੇ ਧਰਮ ਨੂੰ ਬਰਾਬਰ ਰੱਖਿਆ… ਗੁਰੂ ਸਾਹਿਬ ਜੀ ਦੇ ਪਵਿੱਤਰ ਪ੍ਰਕਾਸ਼ ਗੁਰਪੁਰਬ ਮੌਕੇ ਦੇਸ਼ ਵਿਦੇਸ਼ਾਂ ‘ਚ ਵੱਸਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ…।"
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ ਹਨ। ਉਹਨਾਂ ਨੇ ਟਵੀਟ ਕਰ ਲਿਖਿਆ ਹੈ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸਿੱਖ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬ ਵੱਲੋਂ ਬਖ਼ਸ਼ਿਸ਼ ਕੀਤੇ ਉਪਦੇਸ਼ਾਂ ’ਤੇ ਚਲਣ ਦੀ ਪ੍ਰੇਰਨਾ ਕਰਦਾ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਨੁੱਖਤਾ ਨੂੰ ਬਰਾਬਰਤਾ, ਸਾਂਝੀਵਾਲਤਾ ਅਤੇ ਸੁਤੰਤਰਤਾ ਵਾਲੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਕੇ ਸੰਸਾਰ ਦਾ ਮਾਰਗ-ਦਰਸ਼ਨ ਕੀਤਾ।
ਗੁਰੂ ਸਾਹਿਬ ਨੇ ਮਨੁੱਖ ਨੂੰ ਸਚਾਈ, ਨਿਮਰਤਾ, ਦਇਆ, ਸੇਵਾ, ਸਬਰ, ਸੰਤੋਖ, ਪਰਉਪਕਾਰ ਆਦਿ ਗੁਣਾਂ ਦੇ ਧਾਰਨੀ ਬਣਨ ਦੀ ਪ੍ਰੇਰਣਾ ਕੀਤੀ ਅਤੇ ਆਤਮ-ਨਿਰਭਰ ਤੇ ਸਵੈਮਾਣ ਵਾਲਾ ਜੀਵਨ ਜੀਣ ਦੇ ਯੋਗ ਬਣਾਇਆ। ਗੁਰੂ ਸਾਹਿਬ ਵੱਲੋਂ ਦਰਸਾਇਆ ਮਾਰਗ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਬੁਨਿਆਦੀ ਸਿਧਾਂਤਾਂ ’ਤੇ ਆਧਾਰਤ ਹੈ, ਜਿਸ ਵਿਚ ਲੰਗਰ ਪ੍ਰਥਾ ਦੇ ਨਾਲ-ਨਾਲ ਸੰਗਤ-ਪੰਗਤ ਤੇ ਸੇਵਾ-ਸਿਮਰਨ ਆਦਿ ਦੇ ਅਜਿਹੇ ਅਦੁੱਤੀ ਸਿਧਾਂਤ ਹਨ ਜੋ ਮਨੁੱਖਤਾ ਨੂੰ ਸਦੀਵੀ ਸੇਧ ਦੇਣ ਵਾਲੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਵਿਸ਼ਵ ’ਚ ਵੱਸਦੀ ਸੰਗਤ ਨੂੰ ਹਾਰਦਿਕ ਵਧਾਈ ਦਿੰਦਿਆਂ ਮਾਨਵਤਾ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।