ਦਿੱਲੀ 'ਚ ਇਤਿਹਾਸਕ ਕਿਸਾਨੀ ਮੋਰਚਾ ਫਤਿਹ ਕਰਨ ਦਾ ਸੰਯੁਕਤ ਕਿਸਾਨ ਮੋਰਚਾ ਨੇ ਅਧਿਕਾਰਕ ਐਲਾਨ ਕਰ ਦਿੱਤਾ ਹੈ ਤੇ ਹੁਣ ਦਿੱਲੀ ਦੇ ਬਾਰਡਰਾਂ ਤੋਂ ਕਿਸਾਨਾਂ ਦੀ ਵਾਪਸੀ ਦਾ ਰਾਹ ਸਾਫ ਹੋ ਗਿਆ ਹੈ।
Trending Photos
ਚੰਡੀਗੜ੍ਹ : ਦਿੱਲੀ 'ਚ ਇਤਿਹਾਸਕ ਕਿਸਾਨੀ ਮੋਰਚਾ ਫਤਿਹ ਕਰਨ ਦਾ ਸੰਯੁਕਤ ਕਿਸਾਨ ਮੋਰਚਾ ਨੇ ਅਧਿਕਾਰਕ ਐਲਾਨ ਕਰ ਦਿੱਤਾ ਹੈ ਤੇ ਹੁਣ ਦਿੱਲੀ ਦੇ ਬਾਰਡਰਾਂ ਤੋਂ ਕਿਸਾਨਾਂ ਦੀ ਵਾਪਸੀ ਦਾ ਰਾਹ ਸਾਫ ਹੋ ਗਿਆ ਹੈ। ਅੱਜ ਸੰਯੁਕਤ ਕਿਸਾਨ ਮੋਰਚਾ ਦੀ ਹੋਈ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਆਪੋ ਆਪਣੇ ਘਰਾਂ ਵੱਲ ਵਾਪਸੀ ਦਾ ਐਲਾਨ ਕਰ ਦਿੱਤਾ ਹੈ। ਇੱਕ ਸਾਲ ਬਾਅਦ ਕਿਸਾਨ ਖੇਤੀ ਕਾਨੂੰਨ ਵਾਪਸ ਕਰਵਾ ਕੇ ਤੇ ਆਪਣੀਆਂ ਮੰਗਾਂ ਮਨਵਾ ਕੇ ਘਰਾਂ ਨੂੰ ਪਰਤਨਗੇ। ਸਰਕਾਰ ਵੱਲੋਂ ਭੇਜੇ ਡਰਾਫਟ ‘ਤੇ ਸਹਿਮਤੀ ਬਣਨ ਤੋਂ ਬਾਅਦ SKM ਵੱਲੋਂ ਅੱਜ ਸਿੰਘੂ ਬਾਰਡਰ ‘ਤੇ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਅੰਦੋਲਨ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਅੱਜ ਦੀ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਕਈ ਅਹਿਮ ਫੈਸਲੇ ਲਏ। ਅੱਜ ਕਿਸਾਨ ਮੋਰਚਾ ਸ਼ਾਮ ਨੂੰ ਸਾਢੇ 5 ਵਜੇ ਸਿੰਘੂ ਬਾਰਡਰ ਦੀ ਸਟੇਜ ਤੇ ਫਤਿਹ ਦੀ ਅਰਦਾਸ ਕਰੇਗਾ। 11 ਦਸੰਬਰ ਨੂੰ ਸਵੇਰੇ 9 ਵਜੇ ਸਿੰਘੂ ਤੇ ਟਿਕਰੀ ਬਾਰਡਰ ਤੋਂ ਕਿਸਾਨ ਆਪੋ ਆਪਣੇ ਘਰਾਂ ਨੂੰ ਰਵਾਨਗੀ ਕਰਨਗੇ। ਇੱਕ ਜੇਤੂ ਜਲੂਸ ਦੇ ਰੂਪ ਵਿੱਚ ਕਿਸਾਨ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵੱਲ ਜਾਣਗੇ ਜਿਸ ਨੂੰ ਫਤਿਹ ਮਾਰਚ ਦਾ ਨਾਮ ਦਿੱਤਾ ਗਿਆ ਹੈ। 13ਦਸੰਬਰ ਨੂੰ 32 ਕਿਸਾਨ ਜਥੇਬੰਦੀਆਂ ਦੇ ਆਗੂ ਅੰਮ੍ਰਿਤਸਰ ਪਹੁੰਚਣਗੇ ਤੇ ਦਰਬਾਰ ਸਾਹਿਬ ਮੱਥਾ ਟੇਕਣਗੇ। 15 ਦਸੰਬਰ ਨੂੰ ਪੰਜਾਬ ਵਿੱਚ ਚੱਲਦੇ ਸਾਰੇ ਮੋਰਚੇ ਖਤਮ ਕੀਤੇ ਜਾਣਗੇ।15 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਦੁਬਾਰਾ ਮੀਟਿੰਗ ਹੋਵੇਗੀ ਤੇ ਉਸ ਤੋਂ ਬਾਦ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ।
ਸਰਕਾਰ ਨੇ ਭੇਜਿਆ ਪੱਤਰ
ਕੇਂਦਰ ਨੇ ਬੁੱਧਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਨਵਾਂ ਪ੍ਰਸਤਾਵ ਭੇਜਿਆ। ਨਵੇਂ ਪੱਤਰ 'ਚ ਸਪਸ਼ਟ ਕੀਤਾ ਗਿਆ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕਮੇਟੀ ਵਿੱਚ ਐਸਕੇਐਮ ਦੇ ਮੈਂਬਰ ਸ਼ਾਮਲ ਹੋਣਗੇ।ਇਸ ਦੇ ਨਾਲ ਹੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਹਰਿਆਣਾ ਦੀਆਂ ਸਰਕਾਰਾਂ ਕਿਸਾਨਾਂ ਖ਼ਿਲਾਫ਼ ਦਰਜ ਕੇਸ ਤੁਰੰਤ ਵਾਪਸ ਲੈਣਗੀਆਂ। ਇਸ ਦੇ ਨਾਲ ਹੀ ਦਿੱਲੀ ਵਿੱਚ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵੀ ਵਾਪਸ ਲਏ ਜਾਣ ਤੇ ਸਰਕਾਰ ਨੇ ਹਾਂ ਕਰ ਦਿੱਤੀ ਹੈ। ਇਸ ਪੱਤਰ ਤੋਂ ਬਾਦ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਕਰਕੇ ਮੋਰਚਾ ਫਤਿਹ ਕਰਨ ਦਾ ਰਸਮੀ ਐਲਾਨ ਕਰ ਦਿੱਤਾ ਹੈ।